ਗੁਆਂਢੀ ਨੇ ਸਾਈਕਲ ਕਾਰੋਬਾਰੀ ’ਤੇ ਦਾਤ ਮਾਰ ਕੀਤਾ ਹਮਲਾ, ਛੇ ਦਿਨ ਬਾਅਦ ਵੀ ਪੁਲਸ ਨੇ ਨਹੀਂ ਕੀਤੀ ਕਾਰਵਾਈ
Sunday, Oct 30, 2022 - 06:46 PM (IST)

ਲੁਧਿਆਣਾ (ਰਾਜ) : ਢਿੱਲੋਂ ਨਗਰ ਇਲਾਕੇ ਵਿਚ ਘਰ ਦੇ ਬਾਹਰ ਬੈਠੇ ਸਾਈਕਲ ਕਾਰੋਬਾਰੀ ’ਤੇ ਰੰਜਿਸ਼ ਗੁਆਂਢੀ ਨੌਜਵਾਨ ਨੇ ਹਮਲਾ ਕਰ ਦਿੱਤਾ। ਤੇਜ਼ਧਾਰ ਹਥਿਆਰ ਨਾਲ ਉਸਦੇ ਸਿਰ ’ਤੇ ਤਾਬੜਤੋੜ ਵਾਰ ਕੀਤੇ। ਜਦ ਵਿਅਕਤੀ ਜ਼ਖਮੀ ਹੋ ਕੇ ਹੇਠਾਂ ਡਿੱਗ ਗਿਆ ਤਾਂ ਮੁਲਜ਼ਮ ਉਥੋਂ ਫਰਾਰ ਹੋ ਗਿਆ। ਇਹ ਸਾਰੀ ਘਟਨਾ ਘਰ ਦੇ ਬਾਹਰ ਲੱਗੇ ਸੀ.ਸੀ.ਟੀ.ਵੀ ਕੈਮਰੇ ਵਿਚ ਕੈਦ ਹੋ ਗਈ। ਕਾਰੋਬਾਰੀ ਦਾ ਦੋਸ਼ ਹੈ ਕਿ ਘਟਨਾ ਦੇ ਕੁਝ ਦਿਨਾਂ ਬਾਅਦ ਹੀ ਥਾਣਾ ਡਾਬਾ ਦੀ ਪੁਲਸ ਨੇ ਹੁਣ ਤੱਕ ਮੁਲਜ਼ਮ ਦੇ ਖਿਲਾਫ ਕੋਈ ਕਾਰਵਾਈ ਨਹੀਂ ਕੀਤੀ ਹੈ।
ਜਾਣਕਾਰੀ ਦਿੰਦੇ ਅਮਰਦੀਪ ਸਿੰਘ ਨੇ ਦੱਸਿਆ ਕਿ ਉਹ ਢਿੱਲੋਂ ਨਗਰ ਵਿਚ ਰਹਿੰਦਾ ਹੈ ਅਤੇ ਸਾਈਕਲ ਪਾਰਟਸ ਦਾ ਕਾਰੋਬਾਰ ਕਰਦਾ ਹੈ। ਉਸਦੇ ਗੁਆਂਢ ਵਿਚ ਇਕ ਨੌਜਵਾਨ ਰਹਿੰਦਾ ਹੈ ਉਹ ਰੰਜਿਸ਼ ਰੱਖਦਾ ਹੈ। ਅਮਰਜੀਤ ਸਿੰਘ ਦਾ ਕਹਿਣਾ ਹੈ ਕਿ ਦੀਵਾਲੀ ਦੀ ਰਾਤ ਨੂੰ ਲਗਭਗ 11 ਵਜੇ ਉਹ ਘਰ ਦੇ ਬਾਹਰ ਕੁਰਸੀ ’ਤੇ ਆਪਣੇ ਬੇਟੇ ਦੇ ਨਾਲ ਬੈਠਾ ਹੋਇਆ ਸੀ। ਅਚਾਨਕ ਸਾਈਡ ਤੋਂ ਉਪਰੋਕਤ ਮੁਲਜ਼ਮ ਭੱਜਦਾ ਹੋਇਆ ਉਸਦੇ ਕੋਲ ਆਇਆ ਅਤੇ ਤੇਜ਼ਧਾਰ ਹਥਿਆਰ ਨਾਲ ਉਸ ’ਤੇ ਤਾਬੜਤੋੜ ਵਾਰ ਕਰ ਦਿੱਤੇ। ਮੁਲਜ਼ਮ ਨੇ ਉਸਦੇ ਸਿਰ ’ਤੇ ਵਾਰ ਕੀਤੇ ਤਾਂ ਉਹ ਜ਼ਖਮੀ ਹੋ ਕੇ ਬੇਹੋਸ਼ ਹੋ ਗਿਆ। ਉਸਦੇ ਬੱਚਿਆਂ ਨੇ ਰੌਲਾ ਪਾ ਕੇ ਨੇੜੇ ਦੇ ਲੋਕਾਂ ਨੂੰ ਬੁਲਾਇਆ ਅਤੇ ਫਿਰ ਉਸਨੂੰ ਗਿੱਲ ਰੋਡ ਸਥਿਤ ਗਰੇਵਾਲ ਹਸਪਤਾਲ ਭਰਤੀ ਕਰਵਾਇਆ ਗਿਆ। ਅਮਰਜੀਤ ਸਿੰਘ ਦਾ ਕਹਿਣਾ ਹੈ ਕਿ ਛੇ ਦਿਨ ਹੋ ਗਏ ਉਨ੍ਹਾਂ ਨੇ ਥਾਣਾ ਡਾਬਾ ਦੀ ਪੁਲਸ ਨੂੰ ਸ਼ਿਕਾਇਤ ਦਿੱਤੀ ਹੋਈ ਹੈ ਪਰ ਅੱਜ ਤੱਕ ਪੁਲਸ ਨੇ ਕੋਈ ਕਾਰਵਾਈ ਨਹੀਂ ਕੀਤੀ ਹੈ।