ਹੈਰੋਇਨ ਤਸਕਰੀ ''ਚ ਗ੍ਰਿਫਤਾਰ ਏ. ਐੱਸ. ਆਈ. ਨੇ ਕੀਤੀ ਖੁਦਕੁਸ਼ੀ

08/13/2019 1:03:52 PM

ਅੰਮ੍ਰਿਤਸਰ (ਸੰਜੀਵ) : ਸਪੈਸ਼ਲ ਟਾਸਕ ਫੋਰਸ ਨੇ ਹੈਰੋਇਨ ਤਸਕਰੀ 'ਚ ਗ੍ਰਿਫਤਾਰ ਕੀਤੇ ਗਏ ਏ. ਐੱਸ. ਆਈ. ਅਵਤਾਰ ਸਿੰਘ ਨੇ ਐੱਸ. ਟੀ. ਐੱਫ. ਸੈੱਲ. 'ਚ ਤੈਨਾਤ ਸੰਤਰੀ ਦੀ ਏ. ਕੇ. 47 ਰਾਈਫਲ ਖੋਹ ਕੇ ਖੁਦ ਨੂੰ ਗੋਲੀ ਮਾਰ ਲਈ। ਗੰਭੀਰ ਰੂਪ ਹੋਏ ਅਵਤਾਰ ਸਿੰਘ ਨੇ ਮੌਕੇ 'ਤੇ ਹੀ ਦਮ ਤੋੜ ਦਿੱਤਾ। ਫਿਲਹਾਲ ਐੱਸ. ਟੀ. ਐੱਫ. ਸੈੱਲ ਵਲੋਂ ਮਾਮਲੇ ਦੀ ਜਾਂਚ ਕੀਤੀ ਜਾ ਰਹੀ ਹੈ ਅਤੇ ਘਟਨਾ ਵਾਲੀ ਥਾਂ 'ਤੇ ਮੀਡੀਆ ਦੀ ਜਾਣ 'ਤੇ ਮਨਾਹੀ ਕੀਤੀ ਗਈ ਹੈ। ਇੱਥੇ ਦੱਸਣਯੋਗ ਹੈ ਕਿ ਐੱਸ. ਟੀ. ਐੱਫ. ਸੈੱਲ ਨੇ ਬੀਤੀ ਰਾਤ ਥਾਣਾ ਘਰਿੰਡਾ 'ਚ ਤੈਨਾਤ ਮ੍ਰਿਤਕ ਏ. ਐੱਸ. ਆਈ. ਅਵਤਾਰ ਸਿੰਘ ਅਤੇ ਏ. ਐੱਸ. ਆਈ. ਜ਼ੋਰਾਵਰ ਸਿੰਘ ਨੂੰ ਹੈਰੋਇਨ ਤਸਕਰੀ 'ਚ ਗ੍ਰਿਫਤਾਰ ਕੀਤਾ ਸੀ। ਜਿਨ੍ਹਾਂ ਨੂੰ ਅੱਜ ਮਾਣਯੋਗ ਅਦਾਲਤ 'ਚ ਪੇਸ਼ ਕਰਕੇ ਪੁਲਸ ਰਿਮਾਂਡ 'ਚ ਲਿਆ ਜਾਣਾ ਸੀ। ਜਦੋਂ ਕਿ ਅੱਜ ਉਨ੍ਹਾਂ 'ਚੋਂ ਇਕ ਨੇ ਆਪਣੇ ਆਪ ਨੂੰ ਗੋਲੀ ਮਾਰ ਕੇ ਆਪਣੀ ਜੀਵਨ ਲੀਲਾ ਖਤਮ ਕਰ ਲਈ। 

ਦੱਸਣਯੋਗ ਹੈ ਕਿ ਪੰਜਾਬ ਪੁਲਸ ਦੇ ਇਸ ਦੋਨਾਂ ਅਧਿਕਾਰੀਆਂ ਨੂੰ ਉਨ੍ਹਾਂ ਦੇ ਥਾਣੇ 'ਚ ਗ੍ਰਿਫਤਾਰ ਕਰ ਕੇ ਉਸ ਥਾਣੇ 'ਚ ਐੱਨ. ਡੀ. ਪੀ. ਐੱਸ. ਐਕਟ ਦੇ ਅਧੀਨ ਕੇਸ ਦਰਜ ਕਰ ਲਿਆ ਗਿਆ ਹੈ। ਦੇਰ ਰਾਤ ਤੱਕ ਐੱਸ. ਟੀ. ਐੱਫ. ਦਾ ਆਪ੍ਰੇਸ਼ਨ ਜਾਰੀ ਸੀ ਜਿਸ 'ਚ ਗ੍ਰਿਫਤਾਰ ਕੀਤੇ ਗਏ ਪੁਲਸ ਦੇ ਇਹ ਦੋਨੋਂ ਏ. ਐੱਸ. ਆਈ. ਦੇ ਕਿੰਗ-ਪਿਨ ਦੀ ਗ੍ਰਿਫਤਾਰੀ ਲਈ ਟਰੈਪ ਲਾਇਆ ਗਿਆ ਸੀ। ਫਿਲਹਾਲ ਪੁਲਸ ਵੱਲੋਂ ਮੁਲਜ਼ਮਾਂ ਵੱਲੋਂ ਹੈਰੋਇਨ ਦੀ ਰਿਕਵਰੀ ਸਬੰਧੀ ਕੋਈ ਵੀ ਪੁਸ਼ਟੀ ਨਹੀਂ ਕੀਤੀ ਗਈ ਜਦੋਂ ਕਿ ਇਸ ਗੱਲ ਦੇ ਸੰਕੇਤ ਮਿਲੇ ਹਨ ਕਿ ਦੋਵੇਂ ਪੁਲਸ ਅਧਿਕਾਰੀ ਕਿਸੇ ਵੱਡੇ ਸਮੱਗਲਰ ਨਾਲ ਜੁੜੇ ਹੋਏ ਸਨ। ਕੇਸ ਦਰਜ ਹੋਣ ਦੇ ਬਾਅਦ ਜ਼ਿਲਾ ਅੰਮ੍ਰਿਤਸਰ ਦਿਹਾਤੀ ਦੇ ਐੱਸ. ਐੱਸ. ਪੀ. ਨੇ ਦੋਹਾਂ ਮੁਲਜ਼ਮਾਂ ਨੂੰ ਡਿਊਟੀ ਤੋਂ ਮੁਅੱਤਲ ਕਰ ਕੇ ਉਨ੍ਹਾਂ ਵਿਰੁੱਧ ਵਿਭਾਗੀ ਜਾਂਚ ਵੀ ਸ਼ੁਰੂ ਕਰ ਦਿੱਤੀ ਹੈ।


Anuradha

Content Editor

Related News