ਏ. ਐੱਸ. ਆਈ. ’ਤੇ ਗੋਲ਼ੀਆਂ ਚਲਾਉਣ ਵਾਲਾ ਨੌਜਵਾਨ ਹਥਿਆਰਾਂ ਸਮੇਤ ਗ੍ਰਿਫ਼ਤਾਰ
Wednesday, May 22, 2024 - 04:55 PM (IST)
ਗੁਰਦਾਸਪੁਰ (ਵਿਨੋਦ) : ਥਾਣਾ ਸਦਰ ਪੁਲਸ ਗੁਰਦਾਸਪੁਰ ਨੇ ਏ. ਐੱਸ. ਆਈ. ਸਤਵਿੰਦਰ ਮਸੀਹ ’ਤੇ ਮਾਰ ਦੇਣ ਦੀ ਨੀਅਤ ਨਾਲ ਫਾਇਰ ਕਰਨ ਵਾਲੇ ਇਕ ਨੌਜਵਾਨ ਨੂੰ ਪਿਸਟਲ ਸਮੇਤ ਮੈਗਜ਼ੀਨ ਅਤੇ 5 ਰੌਂਦ ਜ਼ਿੰਦਾ ਸਮੇਤ ਗ੍ਰਿਫਤਾਰ ਕਰਕੇ ਕੇਸ ਦਰਜ ਕੀਤਾ ਹੈ। ਇਸ ਸਬੰਧੀ ਸਬ-ਇੰਸਪੈਕਟਰ ਇਕਬਾਲ ਸਿੰਘ ਨੇ ਦੱਸਿਆ ਕਿ ਏ. ਐੱਸ. ਆਈ. ਸਤਵਿੰਦਰ ਮਸੀਹ ਵੱਲੋਂ ਪੁਲਸ ਪਾਰਟੀ ਦੇ ਨਾਲ ਬੱਬਰੀ ਬਾਈਪਾਸ ਵਿਖੇ ਨਾਕਾਬੰਦੀ ਕੀਤੀ ਹੋਈ ਸੀ ਅਤੇ ਆਉਣ ਜਾਣ ਵਾਲੇ ਵਾਹਨਾਂ ਦੀ ਚੈਕਿੰਗ ਕੀਤੀ ਜਾ ਰਹੀ ਸੀ। ਇਸ ਦੌਰਾਨ ਗੁਰਤੇਗ ਸਿੰਘ ਉਰਫ ਤੇਗਾ ਪੁੱਤਰ ਕੁਲਦੀਪ ਸਿੰਘ ਵਾਸੀ ਕਾਲਾ ਨੰਗਲ ਥਾਣਾ ਸਦਰ ਬਟਾਲਾ ਮੋਟਰਸਾਈਕਲ ਨੰਬਰ ਪੀਬੀ 35 ਐੱਲ 8329 ’ਤੇ ਸਵਾਰ ਹੋ ਕੇ ਪਠਾਨਕੋਟ ਸਾਈਡ ਤੋਂ ਆਇਆ ਅਤੇ ਮੋਟਰਸਾਈਕਲ ਦਾ ਸੰਤੁਲਨ ਵਿਗੜਨ ਕਰਕੇ ਸਿੱਧਾ ਨਾਕੇ ਦੇ ਨਜ਼ਦੀਕ ਆ ਕੇ ਡਿੱਗ ਗਿਆ, ਜਿਸ ਨੂੰ ਪੁਲਸ ਪਾਰਟੀ ਦੀ ਮਦਦ ਨਾਲ ਚੁੱਕ ਕੇ ਖੜ੍ਹਾ ਕੀਤਾ।
ਪੁਲਸ ਅਧਿਕਾਰੀ ਨੇ ਦੱਸਿਆ ਕਿ ਜਦੋਂ ਏ. ਐੱਸ. ਆਈ. ਸਤਵਿੰਦਰ ਮਸੀਹ ਨੂੰ ਮੁਲਜ਼ਮ ਕੋਲ ਕੋਈ ਹਥਿਆਰ ਹੋਣ ਦਾ ਸ਼ੱਕ ਪਿਆ ਤਾਂ ਉਹ ਮੌਕੇ ’ਤੇ ਨਬੀਪੁਰ ਸਾਈਡ ਨੂੰ ਭੱਜ ਗਿਆ ਤਾਂ ਉਹ ਪੁਲਸ ਪਾਰਟੀ ਸਮੇਤ ਮੁਲਜ਼ਮ ਦੇ ਪਿੱਛੇ ਭੱਜੇ ਤਾਂ ਮੁਲਜ਼ਮ ਗੁਰਤੇਗ ਸਿੰਘ ਉਰਫ ਤੇਗਾ ਨੇ ਆਪਣੀ ਡੱਬ ’ਚੋਂ ਪਿਸਟਲ ਕੱਢ ਕੇ ਮਾਰ ਦੇਣ ਦੀ ਨੀਅਤ ਨਾਲ ਸਿੱਧਾ ਫਾਇਰ ਕੀਤਾ, ਜੋ ਉਸ ਦੇ ਕੰਨ ਦੇ ਕੋਲ ਦੀ ਲੰਘ ਗਿਆ ਅਤੇ ਦੂਜਾ ਫਾਇਰ ਉਸ ਦੇ ਉੱਪਰ ਦੀ ਲੰਘ ਗਿਆ ਅਤੇ ਤੀਸਰਾ ਫਾਇਰ ਮੁਲਜ਼ਮ ਨੇ ਹਵਾ ਵਿਚ ਕੀਤਾ ਅਤੇ ਹਨੇਰੇ ਦਾ ਫਾਇਦਾ ਲੈ ਕੇ ਝਾੜੀਆਂ ’ਚੋਂ ਦੀ ਮੌਕੇ ਤੋਂ ਭੱਜ ਗਿਆ। ਪੁਲਸ ਅਧਿਕਾਰੀ ਨੇ ਦੱਸਿਆ ਕਿ ਪੁਲਸ ਪਾਰਟੀ ਨੇ ਮੁਲਜ਼ਮ ਦਾ ਪਿੱਛਾ ਕਰਕੇ ਉਸ ਨੂੰ ਸਿਵਲ ਹਸਪਤਾਲ ਬੱਬਰੀ ਦੀ ਸਾਈਡ ਤੋਂ ਰੇਡ ਕਰਕੇ ਕਾਬੂ ਕੀਤਾ, ਜਿਸ ਕੋਲੋਂ ਮੌਕੇ ਤੋਂ ਇਕ ਪਿਸਟਲ ਸਮੇਤ ਮੈਗਜ਼ੀਨ ਅਤੇ 5 ਰੌਂਦ ਜ਼ਿੰਦਾ ਬਰਾਮਦ ਕਰ ਕੇ ਵੱਖ-ਵੱਖ ਧਾਰਾਵਾਂ ਤਹਿਤ ਮਾਮਲਾ ਦਰਜ ਕੀਤਾ ਗਿਆ।