ਲੁਧਿਆਣਾ ''ਚ ਫਿਰ ਵੱਡੀ ਵਾਰਦਾਤ, ਹੁਣ ਏ. ਐੱਸ. ਆਈ. ''ਤੇ ਕੀਤਾ ਤਲਵਾਰ ਨਾਲ ਹਮਲਾ
Tuesday, Aug 25, 2020 - 03:53 PM (IST)
ਲੁਧਿਆਣਾ (ਰਾਜ) : ਡਾਬਾ ਇਲਾਕੇ 'ਚ ਦੇਰ ਰਾਤ ਕੁਝ ਬਦਮਾਸ਼ਾਂ ਨੇ ਪੀ. ਸੀ. ਆਰ. ਮੁਲਾਜ਼ਮਾਂ 'ਤੇ ਹਮਲਾ ਬੋਲ ਦਿੱਤਾ। ਨੌਜਵਾਨਾਂ ਨੇ ਪਹਿਲਾਂ ਪੀ. ਸੀ. ਆਰ. ਦੇ ਏ. ਐੱਸ. ਆਈ. 'ਤੇ ਤਲਵਾਰ ਨਾਲ ਹਮਲਾ ਕੀਤਾ। ਇਸ ਤੋਂ ਬਾਅਦ ਉਸ ਦੀ ਸਰਕਾਰੀ ਕਾਰਬਾਈਨ ਖੋਹਣ ਦੀ ਕੋਸ਼ਿਸ਼ ਵੀ ਕੀਤੀ। ਇਸ ਦੌਰਾਨ ਮੁਲਜ਼ਮਾਂ ਨੇ ਏ. ਐੱਸ. ਆਈ. ਨਾਲ ਮੁਲਾਜ਼ਮ ਦੀ ਵੀ ਵਰਦੀ ਪਾੜ ਦਿੱਤੀ। ਇਸ ਸਬੰਧ ਵਿਚ ਥਾਣਾ ਡਾਬਾ ਪੁਲਸ ਨੇ ਏ. ਐੱਸ. ਆਈ. ਰਜਿੰਦਰਪਾਲ ਦੀ ਸ਼ਿਕਾਇਤ 'ਤੇ 4 ਮੁਲਜ਼ਮਾਂ ਖ਼ਿਲਾਫ਼ ਵੱਖ-ਵੱਖ ਧਾਰਾਵਾਂ ਤਹਿਤ ਕੇਸ ਦਰਜ ਕੀਤਾ ਹੈ। ਮੁਲਜ਼ਮਾਂ ਦੀ ਪਛਾਣ ਇੰਦਰ ਸਿੰਘ ਉਰਫ ਟਿਡੋ, ਗੁਰਵਿੰਦਰ ਸਿੰਘ ਉਰਫ ਗਿੰਦਾ, ਸਤਨਾਮ ਸਿੰਘ ਉਰਫ ਸੱਤਾ ਅਤੇ ਹਿੰਦਾ ਵਜੋਂ ਹੋਈ ਹੈ, ਜੋ ਚਾਰੋਂ ਢਿੱਲੋਂ ਨਗਰ ਦੇ ਰਹਿਣ ਵਾਲੇ ਹਨ। ਇਨ੍ਹਾਂ 'ਚੋਂ ਪੁਲਸ ਨੇ ਇੰਦਰ ਸਿੰਘ ਅਤੇ ਗੁਰਵਿੰਦਰ ਸਿੰਘ ਨੂੰ ਗ੍ਰਿਫ਼ਤਾਰ ਕਰ ਲਿਆ ਹੈ।
ਇਹ ਵੀ ਪੜ੍ਹੋ : ਭਾਈ ਰਣਜੀਤ ਸਿੰਘ ਢੱਡਰੀਆਂਵਾਲਾ ਵਿਵਾਦ 'ਤੇ ਪੰਜ ਸਿੰਘ ਸਾਹਿਬਾਨਾਂ ਦਾ ਵੱਡਾ ਫ਼ੈਸਲਾ
ਏ. ਐੱਸ. ਆਈ. ਰਜਿੰਦਰਪਾਲ ਨੇ ਦੱਸਿਆ ਕਿ ਉਹ ਪੀ. ਸੀ. ਆਰ. ਮੋਟਰਸਾਈਕਲ ਨੰ. 31 'ਤੇ ਕਾਂਸਟੇਬਲ ਜਗਦੀਪ ਸਿੰਘ ਨਾਲ ਤਾਇਨਾਤ ਹਨ। ਐਤਵਾਰ ਦੀ ਰਾਤ ਉਨ੍ਹਾਂ ਨੂੰ ਕੰਟਰੋਲ ਰੂਮ ਤੋਂ ਕਾਲ ਆਈ ਸੀ ਕਿ ਬਸੰਤ ਨਗਰ ਇਲਾਕੇ ਤੋਂ ਗੁਰਪ੍ਰੀਤ ਕੌਰ ਦੀ ਕਾਲ ਆਈ ਹੈ ਕਿ ਜਿਸ ਦੇ ਘਰ ਦੇ ਬਾਹਰ ਕੁਝ ਨੌਜਵਾਨ ਹੁੱਲੜਬਾਜ਼ੀ ਕਰ ਰਹੇ ਹਨ। ਇਸ ਤੋਂ ਬਾਅਦ ਉਹ ਮੋਟਰਸਾਈਕਲ 'ਤੇ ਮੌਕੇ 'ਤੇ ਗਿਆ ਤਾਂ ਉਥੇ ਦੋ ਮੋਟਰਸਾਈਕਲਾਂ 'ਤੇ 4 ਨੌਜਵਾਨ ਸਨ। ਜਿਨ੍ਹਾਂ ਦੇ ਹੱਥ 'ਚ ਤੇਜ਼ਧਾਰ ਹਥਿਆਰ ਸਨ। ਉਹ ਪੁਲਸ ਨੂੰ ਦੇਖ ਕੇ ਹਥਿਆਰ ਲਹਿਰਾਉਂਦੇ ਹੋਏ ਢਿੱਲੋਂ ਨਗਰ ਵੱਲ ਭੱਜੇ।
ਇਹ ਵੀ ਪੜ੍ਹੋ : ਬਾਦਲ ਧੜ੍ਹੇ ਨੂੰ ਢੀਂਡਸਿਆਂ ਦਾ ਇਕ ਹੋਰ ਵੱਡਾ ਝਟਕਾ
ਏ. ਐੱਸ. ਆਈ. ਰਜਿੰਦਰਪਾਲ ਸਿੰਘ ਦਾ ਕਹਿਣਾ ਹੈ ਕਿ ਉਨ੍ਹਾਂ ਨੇ ਪਿੱਛਾ ਕੀਤਾ। ਢਿੱਲੋਂ ਨਗਰ ਵਿਚ ਇਕ ਮੋਟਰਸਾਈਕਲ ਸਲਿੱਪ ਕਰ ਗਿਆ। ਉਸ ਮੋਟਰਸਾਈਕਲ 'ਤੇ ਇੰਦਰ ਅਤੇ ਗੁਰਵਿੰਦਰ ਸਨ। ਜਿਨ੍ਹਾਂ ਨੇ ਉਨ੍ਹਾਂ ਨੂੰ ਦੇਖ ਕੇ ਤਲਵਾਰ ਕੱਢੀ ਅਤੇ ਹਮਲਾ ਕਰ ਦਿੱਤਾ। ਮੁਲਜ਼ਮਾਂ ਨੇ ਉਸ ਦੇ ਹੱਥ ਅਤੇ ਹੋਰ ਥਾਵਾਂ 'ਤੇ ਹਥਿਆਰ ਨਾਲ ਹਮਲਾ ਕੀਤਾ। ਇਸ ਦੌਰਾਨ ਉਸ ਨਾਲ ਮੌਜੂਦ ਮੁਲਾਜ਼ਮ ਜਗਦੀਪ ਸਿੰੰਘ ਨੇ ਬਚਾਉਣ ਦੀ ਕੋਸ਼ਿਸ਼ ਕੀਤੀ ਤਾਂ ਬਾਕੀ ਦੂਜੇ ਮੁਲਜ਼ਮਾਂ ਨੇ ਉਸ ਨੂੰ ਫੜ ਲਿਆ ਅਤੇ ਉਸ ਨਾਲ ਵੀ ਕੁੱਟਮਾਰ ਕੀਤੀ। ਜਦ ਇਸ ਦੌਰਾਨ ਨੇੜੇ ਦੇ ਲੋਕ ਇਕੱਠੇ ਹੋਏ ਤਾਂ ਉਹ ਭੱਜ ਨਿਕਲੇ। ਜਾਂਚ ਅਧਿਕਾਰੀ ਏ. ਐੱਸ. ਆਈ. ਮੀਤ ਰਾਮ ਦਾ ਕਹਿਣਾ ਹੈ ਕਿ ਦੋ ਮੁਲਜ਼ਮਾਂ ਨੂੰ ਕਾਬੂ ਕਰ ਲਿਆ ਗਿਆ ਹੈ। ਪੁੱਛਗਿੱਛ ਕਰ ਕੇ ਬਾਕੀ ਦੋਵੇਂ ਫਰਾਰਾਂ ਬਾਰੇ ਪਤਾ ਲਗਾਇਆ ਜਾ ਰਿਹਾ ਹੈ।
ਇਹ ਵੀ ਪੜ੍ਹੋ : ਪਤਨੀ ਦੀ ਮੌਤ ਤੋਂ ਬਾਅਦ ਕਰਵਾਇਆ ਦੂਜਾ ਵਿਆਹ ਨਾ ਆਇਆ ਰਾਸ, ਉਹ ਹੋਇਆ ਜੋ ਸੋਚਿਆ ਨਾ ਸੀ