ਬਟਾਲਾ 'ਚ ਆਈ ਤਾਲੀਬਾਨੀ ਸੋਚ ਨੂੰ ਸ਼ਹਿਰ 'ਚੋਂ ਕੱਢਣਾ ਪਵੇਗਾ : ਅਸ਼ਵਨੀ ਸੇਖੜੀ

01/18/2020 4:46:44 PM

ਬਟਾਲਾ (ਬੇਰੀ) : ਬਟਾਲਾ 'ਚ ਆਈ ਤਾਲੀਬਾਨੀ ਸੋਚ ਨੂੰ ਸ਼ਹਿਰ 'ਚੋਂ ਬਾਹਰ ਕੱਢਣਾ ਪਵੇਗਾ ਕਿਉਂਕਿ ਤਾਲੀਬਾਨੀ ਸੋਚ ਕਾਰਨ ਸ਼ਹਿਰ 'ਚੋਂ ਅਮਨ-ਅਮਾਨ ਖਤਮ ਹੋਣ ਦੀ ਕਾਗਾਰ 'ਤੇ ਪਹੁੰਚ ਗਿਆ ਹੈ। ਇਹ ਤੇਵਰ ਮੀਡੀਆ ਨਾਲ ਵਿਸ਼ੇਸ਼ ਗੱਲਬਾਤ ਕਰਦਿਆਂ ਸਾਬਕਾ ਮੰਤਰੀ ਪੰਜਾਬ ਅਸ਼ਵਨੀ ਸੇਖੜੀ ਨੇ ਦਿਖਾਏ। ਉਨ੍ਹਾਂ ਕਿਹਾ ਕਿ ਕਾਂਗਰਸ ਹਾਈਕਮਾਂਡ ਨੇ ਬਟਾਲਾ ਦੀ ਵਾਗਡੋਰ ਉਨ੍ਹਾਂ ਨੂੰ ਸੌਂਪੀ ਹੈ ਜਦਕਿ ਬਾਕੀ ਆਗੂ ਉਨ੍ਹਾਂ ਦੇ ਹਲਕੇ 'ਚ ਸਿੱਧਾ ਦਖਲ ਦੇ ਰਹੇ ਹਨ ਅਤੇ ਉਹ ਬਟਾਲਾ ਦਾ ਵਿਕਾਸ ਕਰਵਾਉਣ 'ਚ ਪੂਰੀ ਤਰ੍ਹਾਂ ਸਮਰੱਥ ਹਨ। ਉਨ੍ਹਾਂ ਕਿਹਾ ਕਿ ਬਟਾਲਾ ਦੇ ਤਿੰਨਾਂ ਪੁਲਾਂ ਦਾ ਨਿਰਮਾਣ ਹੋਣ ਜਾ ਰਿਹਾ ਹੈ ਜੋ ਕਿ ਬਹੁਤ ਚੰਗੀ ਗੱਲ ਹੈ ਪਰ ਸਰਕਾਰ ਨੂੰ ਚਾਹੀਦਾ ਸੀ ਕਿ ਹਰੇਕ ਪੁਲ ਨੂੰ ਵਾਰੀ-ਵਾਰੀ ਬਣਾਇਆ ਜਾਂਦਾ ਕਿਉਂਕਿ ਸ਼ਹਿਰ ਦੀ ਸਾਰੀ ਆਬਾਦੀ ਅਤੇ ਬਾਹਰੋਂ ਆਉਣ ਵਾਲੇ ਲੋਕ ਇਨ੍ਹਾਂ ਪੁਲਾਂ ਦੀ ਹੀ ਵਰਤੋਂ ਕਰਦੇ ਹਨ ਅਤੇ ਜੇਕਰ ਤਿੰਨੋਂ ਪੁਲ ਤੋੜ ਦਿੱਤੇ ਗਏ ਤਾਂ ਸ਼ਹਿਰ ਦੀ ਟ੍ਰੈਫਿਕ ਵਿਵਸਥਾ ਚਰਮਰਾ ਜਾਵੇਗੀ ਅਤੇ ਲੋਕਾਂ ਨੂੰ ਭਾਰੀ ਪ੍ਰੇਸ਼ਾਨੀਆਂ ਪੇਸ਼ ਆਉਣਗੀਆਂ।

ਉਨ੍ਹਾਂ ਕਿਹਾ ਕਿ ਇਸ ਨਾਲ ਦੁਕਾਨਦਾਰਾਂ ਅਤੇ ਰੇਹੜੀ ਵਾਲਿਆਂ ਦਾ ਕਾਰੋਬਾਰ ਬੁਰੀ ਤਰ੍ਹਾਂ ਪ੍ਰਭਾਵਿਤ ਹੋਇਆ ਹੈ। ਅਸ਼ਵਨੀ ਸੇਖੜੀ ਨੇ ਬੇਰਿੰਗ ਕਾਲਜ ਵਿਖੇ ਵਾਪਰੇ ਘਟਨਾਕ੍ਰਮ ਸਬੰਧੀ ਨਗਰ ਨਿਗਮ ਬਟਾਲਾ ਦੇ ਕਮਿਸ਼ਨਰ ਨੂੰ ਲੰਮੇ ਹੱਥੀਂ ਲੈਂਦਿਆਂ ਕਿਹਾ ਕਿ ਨਗਰ ਨਿਗਮ ਕਮਿਸ਼ਨਰ ਨੂੰ ਕਿਸ ਪਾਰਟੀ ਨੇ ਲਿਖ ਕੇ ਦਿੱਤਾ ਹੈ ਕਿ ਬੇਰਿੰਗ ਕਾਲਜ 'ਚ ਜਾ ਕੇ ਨਿਸ਼ਾਨਦੇਹੀ ਕਰਵਾਉਣ ਵਰਗੀ ਕਾਰਵਾਈ ਕਰਵਾਏ? ਪਿਛਲੇ 50 ਸਾਲਾਂ ਤੋਂ ਉਹ ਬੇਰਿੰਗ ਕਾਲਜ ਨੂੰ ਦੇਖਦੇ ਆਏ ਹਨ ਜਿਸ ਤਰ੍ਹਾਂ ਦਾ ਉਹ ਪਹਿਲਾਂ ਸੀ, ਹੁਣ ਵੀ ਉਹੋ ਜਿਹਾ ਹੈ। ਇਸ ਲਈ ਨਗਰ ਨਿਗਮ ਕਮਿਸ਼ਨਰ ਨੂੰ ਉਹ ਚਿਤਾਵਨੀ ਦਿੰਦੇ ਹਨ ਕਿ ਕਮਿਸ਼ਨਰ ਆਪਣੀ ਹਰਕਤਾਂ ਤੋਂ ਬਾਜ਼ ਆਏ, ਨਹੀਂ ਤਾਂ ਕਾਂਗਰਸ ਪਾਰਟੀ ਕਮਿਸ਼ਨਰ ਦਾ ਘਿਰਾਓ ਕਰਨ ਲਈ ਮਜਬੂਰ ਹੋਵੇਗੀ। ਉਨ੍ਹਾਂ ਸਪੱਸ਼ਟ ਸ਼ਬਦਾਂ 'ਚ ਕਿਹਾ ਕਿ ਉਹ ਨਗਰ ਨਿਗਮ ਕਮਿਸ਼ਨਰ ਨੂੰ ਦੱਸ ਦੇਣਾ ਚਾਹੁੰਦੇ ਹਨ ਕਿ ਉਹ 1650 ਕਾਲਜਾਂ ਦੇ ਚੇਅਰਮੈਨ ਹਨ ਅਤੇ ਜੇਕਰ ਕਿਸੇ ਨੇ ਸ਼ਹਿਰ ਦਾ ਮਾਹੌਲ ਖਰਾਬ ਕਰਨ ਦੀ ਕੋਸ਼ਿਸ਼ ਕੀਤੀ ਤਾਂ ਲੋੜ ਪੈਣ 'ਤੇ ਉਹ 1650 ਕਾਲਜ ਬੰਦ ਕਰਵਾ ਕੇ ਕਾਲਜਾਂ ਦੇ ਸਟਾਫ ਅਤੇ ਵਿਦਿਆਰਥੀਆਂ ਨੂੰ ਨਾਲ ਲੈ ਕੇ ਉਨ੍ਹਾਂ ਵਿਰੁੱਧ ਸੜਕਾਂ 'ਤੇ ਉਤਰਣਗੇ। ਸੇਖੜੀ ਨੇ ਡਾ. ਨਿੱਝਰ ਦੇ ਸਬੰਧ 'ਚ ਗੱਲ ਕਰਦੇ ਹੋਏ ਦੱਸਿਆ ਕਿ ਉਨ੍ਹਾਂ ਬੇਰਿੰਗ ਯੂਨੀਅਨ ਕ੍ਰਿਸ਼ਚੀਅਨ ਕਾਲਜ ਦੇ ਮਾਮਲੇ ਸਬੰਧੀ ਡਾ. ਸਤਨਾਮ ਸਿੰਘ ਨਿੱਝਰ ਚੇਅਰਮੈਨ ਜ਼ਿਲਾ ਪਲਾਨਿੰਗ ਬੋਰਡ ਨਾਲ ਗੱਲ ਕੀਤੀ ਹੈ ਅਤੇ ਇਸ ਸਬੰਧੀ ਡਾ. ਨਿੱਝਰ ਨੇ ਉਨ੍ਹਾਂ ਨੂੰ ਦੱਸਿਆ ਹੈ ਕਿ ਉਨ੍ਹਾਂ ਦਾ ਇਸ ਮਾਮਲੇ 'ਚ ਕੋਈ ਲੈਣਾ ਦੇਣਾ ਨਹੀਂ ਹੈ ਜਦਕਿ ਉਹ ਇਸ ਸਮੇਂ ਚੰਡੀਗੜ੍ਹ 'ਚ ਬੈਠੇ ਹੋਏ ਹਨ ਅਤੇ ਕਾਲਜ ਮੈਨੇਜਮੈਂਟ ਦੇ ਨਾਲ ਹਨ।

ਮੁੱਖ ਮੰਤਰੀ ਇਕ ਸੂਝਵਾਨ ਸਿਆਸਤਦਾਨ
ਰਾਜ ਸਭਾ ਮੈਂਬਰ ਪ੍ਰਤਾਪ ਸਿੰਘ ਬਾਜਵਾ ਵੱਲੋਂ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਨੂੰ ਲਿਖੇ ਪੱਤਰ ਜਿਸ 'ਚ ਉਨ੍ਹਾਂ ਨੇ ਐਡ. ਜਨਰਲ ਪੰਜਾਬ ਅਤੁਲ ਨੰਦਾ ਨੂੰ ਹਟਾਉਣ ਦੀ ਗੱਲ ਕਹੀ ਹੈ, ਦੇ ਸਬੰਧ ਵਿਚ ਸਾਬਕਾ ਮੰਤਰੀ ਨੇ ਕਿਹਾ ਕਿ ਜੇਕਰ ਪ੍ਰਤਾਪ ਬਾਜਵਾ ਨੇ ਮੁੱਖ ਮੰਤਰੀ ਕੋਲੋਂ ਕੋਈ ਮੰਗ ਕੀਤੀ ਹੈ ਤਾਂ ਇਹ ਸਾਡੇ ਮੁੱਖ ਮੰਤਰੀ ਕੈਪਟਨ ਅਮਰਿੰਦਰ ਦੇ ਅਧਿਕਾਰ ਖੇਤਰ ਵਿਚ ਹੈ ਕਿ ਉਹ ਐਡ. ਜਨਰਲ ਨੂੰ ਹਟਾਉਣਗੇ ਜਾਂ ਉਨ੍ਹਾਂ ਨੂੰ ਉਨ੍ਹਾਂ ਦੇ ਅਹੁਦੇ 'ਤੇ ਬਣੇ ਰਹਿਣ ਦੇਣਗੇ। ਮੁੱਖ ਮੰਤਰੀ ਇਕ ਸੂਝਵਾਨ ਸਿਆਸਤਦਾਨ ਹਨ ਅਤੇ ਉਹ ਬਾਜਵਾ ਵੱਲੋਂ ਦਿੱਤੇ ਤਰਕਾਂ ਨੂੰ ਧਿਆਨ ਵਿਚ ਰੱਖ ਕੇ ਹੀ ਉਚਿਤ ਫੈਸਲਾ ਲੈਣਗੇ।


Anuradha

Content Editor

Related News