ਆਸ਼ਾ ਵਰਕਰਾਂ ਵੱਲੋਂ ਕੰਮ ਛੋੜ ਹੜਤਾਲ, 6 ਜੁਲਾਈ ਨੂੰ ਕਾਲੀਆਂ ਚੁੰਨੀਆਂ ਲੈ ਕੇ ਹੋਵੇਗਾ ਰੋਸ ਪ੍ਰਦਰਸ਼ਨ
Monday, Jul 05, 2021 - 08:11 PM (IST)
ਮਾਲੇਰਕੋਟਲਾ/ਸੰਦੌੜ(ਜਹੂਰ/ਸਹਾਬੂਦੀਨ/ਰਿਖੀ)- ਆਸ਼ਾ ਵਰਕਰਜ਼ ਅਤੇ ਆਸ਼ਾ ਫੇਸੀਲੇਟਰ ਯੂਨੀਅਨ ਪੰਜਾਬ ਦੀ ਪ੍ਰਧਾਨ ਬੀਬੀ ਕਿਰਨਦੀਪ ਕੌਰ ਪੰਜੋਲਾ ਦੀ ਅਗਵਾਈ ਹੇਠ ਬਲਾਕ ਮਾਲੇਰਕੋਟਲਾ, ਅਮਰਗੜ੍ਹ ਅਤੇ ਪੰਜਗਰਾਈਆਂ ਦੀਆਂ ਅੱਜ ਸੈਂਕੜੇ ਆਸ਼ਾ ਵਰਕਰਾਂ ਵੱਲੋਂ ਆਪਣੀਆਂ ਹੱਕੀ ਮੰਗਾਂ ਦੇ ਲਈ ਮਾਲੇਰਕੋਟਲਾ ਵਿੱਚ ਜਬਰਦਸਤ ਰੋਸ ਪ੍ਰਦਰਸ਼ਨ ਕੀਤਾ ਗਿਆ। ਰੋਸ ਪ੍ਰਦਰਸ਼ਨ ਦੌਰਾਨ ਸਰਕਾਰ ਖ਼ਿਲਾਫ਼ ਜੰਮ ਕੇ ਨਾਅਰੇਬਾਜ਼ੀ ਕੀਤੀ ਗਈ। ਇਸ ਮੌਕੇ ਸੂਬਾਈ ਆਗੂ ਹਰਦੀਪ ਕੌਰ ਭੁਰਥਲਾ ਨੇ ਦੱਸਿਆ ਕਿ ਸੂਬੇ ਭਰ ਦੀਆਂ ਆਸ਼ਾ ਵਰਕਰਾਂ ਨੇ ਪੰਜਾਬ ਸਰਕਾਰ ਖ਼ਿਲਾਫ਼ ਸੰਘਰਸ਼ ਦਾ ਬਿਗੁਲ ਵਜਾ ਦਿੱਤਾ ਹੈ ।
ਇਸ ਬਾਰੇ ਜਾਣਕਾਰੀ ਦਿੰਦੇ ਹੋਏ ਉਨ੍ਹਾਂ ਦੱਸਿਆ ਕਿ ਕੋਵਿਡ 19 ਮਹਾਮਾਰੀ ਤੋਂ ਅੱਜ ਤੱਕ ਪੰਜਾਬ ਭਰ ਦੀਆਂ ਵਰਕਰਾਂ ਆਪਣੀਆਂ ਅਨੇਕਾਂ ਹੀ ਜ਼ਿੰਮੇਵਾਰੀਆਂ ਨਿਭਾਅ ਰਹੀਆਂ ਹਨ ਜਿਵੇਂ ਘਰ-ਘਰ ਜਾ ਕੇ ਸਰਵੇ ਕਰਨਾ, ਸ਼ੱਕੀ ਮਰੀਜ਼ ਲੱਭਣੇ, ਸੈਂਪਲ ਕਰਨ ਵਿੱਚ ਮਦਦ, ਲੋਕਾਂ ਨੂੰ ਵੈਕਸੀਨੇਸ਼ਨ ਲਈ ਮੋਟੀਵੇਟ ਕਰਨਾ, ਕੈਂਪਾਂ ਵਿੱਚ 18 ਤੋਂ 45 ਸਾਲ ਦੇ ਵਿਅਕਤੀਆਂ ਦੀਆਂ ਲਿਸਟਾਂ ਤਿਆਰ ਕਰਨੀਆਂ, ਇਸ ਤੋਂ ਇਲਾਵਾ ਸਿਹਤ ਵਿਭਾਗ ਦੇ 55 ਹੋਰ ਕੰਮ ਆਸ਼ਾ ਵਰਕਰਾਂ ਵੱਲੋਂ ਬਖ਼ੂਬੀ ਨਿਭਾਏ ਜਾ ਰਹੇ ਹਨ । ਪਰ ਇਸ ਦੇ ਬਦਲੇ ਵਿੱਚ ਸਰਕਾਰ ਆਸ਼ਾ ਵਰਕਰਾਂ ਨਾਲ ਮਤਰੇਈ ਮਾਂ ਵਾਲਾ ਸਲੂਕ ਕਰ ਰਹੀ ਹੈ। ਕਈ ਥਾਵਾਂ 'ਤੇ ਤਾਂ ਲੰਮੇ ਸਮੇਂ ਤੋਂ ਬਣਦਾ ਮਾਣਭੱਤਾ ਵੀ ਨਹੀਂ ਦਿੱਤਾ ਜਾ ਰਿਹਾ । ਉਨ੍ਹਾਂ ਦੱਸਿਆ ਕਿ ਸਾਡੀਆਂ ਮੁੱਖ ਮੰਗਾਂ ਜੋ ਪਹਿਲਾਂ ਸਰਕਾਰ ਨੇ ਮੰਨੀਆਂ ਸਨ, ਉਹਨਾਂ ਦਾ ਨੋਟੀਫਿਕੇਸ਼ਨ ਹੁਣ ਤੱਕ ਜਾਰੀ ਨਹੀਂ ਕੀਤਾ ਗਿਆ, ਜਿਸ ਕਰਕੇ ਹੁਣ ਜਥੇਬੰਦੀ ਵੱਲੋਂ ਆਪਣੀਆਂ ਹੱਕੀ ਮੰਗਾਂ ਲਈ ਅੱਜ ਸੂਬੇ ਭਰ ਵਿੱਚ ਪੂਰਾ ਕੰਮ ਠੱਪ ਕਰਕੇ ਸਬ ਡਵੀਜਨ, ਬਲਾਕ ਪੱਧਰ 'ਤੇ ਰੋਸ ਧਰਨੇ ਦਿੱਤੇ ਗਏ ਹਨ ਅਤੇ 6 ਜੁਲਾਈ ਨੂੰ ਸਮੂਹ ਆਸ਼ਾ ਵਰਕਰਾਂ ਵਲੋਂ ਕਾਲੀਆਂ ਚੁੰਨੀਆਂ ਲੈ ਕਿ ਰੋਸ ਮੁਜ਼ਾਹਰੇ ਕੀਤੇ ਜਾਣਗੇ।
ਉਨ੍ਹਾਂ ਦੱਸਿਆ ਕਿ ਸਾਡੀਆਂ ਮੁੱਖ ਮੰਗਾਂ ਵਿੱਚ ਆਸ਼ਾ ਵਰਕਰਾਂ ਨੂੰ ਹਰਿਆਣਾ ਪੈਟਰਨ ਤੇ 4 ਹਜ਼ਾਰ ਰੁਪਏ ਪ੍ਰਤੀ ਮਹੀਨਾ ਦਿੱਤਾ ਜਾਵੇ ਤੇ ਕਮਿਸ਼ਨ, ਆਸਾ ਫੈਸਿਲੇਟਰਾਂ ਨੂੰ 4 ਹਜ਼ਾਰ ਰੁਪਏ ਪ੍ਰਤੀ ਮਹੀਨਾ ਦੇ ਨਾਲ 500 ਰੁਪਿਆ ਟੂਰ ਭੱਤਾ ਦਿੱਤਾ ਜਾਵੇ। ਬਾਕੀ ਬੱਝਵੀਂ ਤਨਖਾਹ ਸਮੇਤ ਕਈ ਮੁੱਖ ਮੰਗਾਂ ਹਨ ਜੇਕਰ ਉਹ ਪੂਰੀਆਂ ਨਾ ਕੀਤੀਆਂ ਤਾਂ ਜਲਦੀ ਹੀ ਵੱਡਾ ਸੰਘਰਸ਼ ਸ਼ੁਰੂ ਕੀਤਾ ਜਾਵੇਗਾ ਇਸ ਮੌਕੇ ਆਸ਼ਾ ਵਰਕਰਾਂ ਵੱਲੋਂ ਐਸ.ਡੀ.ਐਮ. ਰਾਹੀਂ ਮੁੱਖ ਮੰਤਰੀ ਪੰਜਾਬ ਨੂੰ ਮੰਗ ਪੱਤਰ ਵੀ ਭੇਜੇ ਗਏ, ਇਸ ਮੌਕੇ ਸੂਬਾ ਆਗੂ ਹਰਦੀਪ ਕੌਰ ਭੁਰਥਲਾ, ਮਨਜੀਤ ਕੌਰ, ਭੋਲੀ ਮਲੇਰਕੋਟਲਾ, ਹਰਪ੍ਰੀਤ ਕੌਰ ਰੁੜਕਾ, ਕਰਮਜੀਤ ਕੌਰ ਅਮਰਗੜ੍ਹ, ਰਫ਼ੀਆ ਮਾਲੇਰਕੋਟਲਾ, ਸਰਬਜੀਤ ਕੌਰ, ਨਾਜ਼ੀਆ, ਗੁਰਪ੍ਰੀਤ ਕੌਰ, ਬਲਜੀਤ ਕੌਰ, ਜਗਜੀਤ ਕੌਰ, ਆਦਿ ਕਈ ਆਗੂ ਹਾਜ਼ਰ ਸਨ ਜਿਕਰਯੋਗ ਹੈ ਕਿ ਇਸ ਮੁਕੰਮਲ ਹੜਤਾਲ ਨਾਲ ਪੰਜਾਬ ਸਰਕਾਰ ਦਾ ਮਿਸ਼ਨ ਫ਼ਤਿਹ ਪ੍ਰਭਾਵਿਤ ਹੋਵੇਗਾ।