ਆਸ਼ਾ ਵਰਕਰਾਂ ਤੇ ਫੈਸਿਲੀਟੇਟਰਾਂ ਨੇ ਵਿੱਤ ਮੰਤਰੀ ਦਾ ਫੂਕਿਆ ਪੁਤਲਾ
Saturday, Feb 03, 2018 - 03:06 AM (IST)
ਗੁਰਦਾਸਪੁਰ, (ਦੀਪਕ, ਵਿਨੋਦ)– ਕੇਂਦਰੀ ਵਿੱਤ ਮੰਤਰੀ ਵੱਲੋਂ ਬਜਟ 2018 'ਚ ਆਸ਼ਾ ਵਰਕਰਾਂ ਤੇ ਫੈਸਿਲੀਟੇਟਰਾਂ ਦੀ ਮਹੀਨਾਵਾਰ ਤਨਖਾਹ ਲਾਉਣ ਦਾ ਵਾਅਦਾ ਪੂਰਾ ਨਾ ਕਰਨ 'ਤੇ ਉਨ੍ਹਾਂ 'ਚ ਰੋਸ ਹੈ, ਜਿਸ ਵਜੋਂ ਅੱਜ ਗੁਰਦਾਸਪੁਰ 'ਚ ਸੈਂਕੜੇ ਵਰਕਰਾਂ ਨੇ ਕੇਂਦਰੀ ਮੰਤਰੀ ਅਰੁਣ ਜੇਤਲੀ ਦਾ ਡਾਕਖਾਨਾ ਚੌਕ 'ਚ ਪੁਤਲਾ ਫੂਕਿਆ ਤੇ ਜ਼ੋਰਦਾਰ ਨਾਅਰੇਬਾਜ਼ੀ ਕੀਤੀ, ਜਿਸ ਦੀ ਅਗਵਾਈ ਰਾਜਵਿੰਦਰ ਕੌਰ, ਬਲਵਿੰਦਰ ਕੌਰ ਤੇ ਮੁੱਖ ਸਲਾਹਕਾਰ ਅਮਰਜੀਤ ਸ਼ਾਸਤਰੀ ਨੇ ਕੀਤੀ।
ਇਸ ਦੌਰਾਨ ਸੰਗਠਨ ਨੇ ਐਲਾਨ ਕੀਤਾ ਕਿ ਡੈਮੋਕਰੇਟਿਕ ਮੁਲਾਜ਼ਮ ਫੈੱਡਰੇਸ਼ਨ ਪੰਜਾਬ ਦੇ ਸੱਦੇ 'ਤੇ ਮੰਗਾਂ ਲਈ 11 ਮਾਰਚ ਨੂੰ ਜਲੰਧਰ 'ਚ ਪਲਸ ਪੋਲੀਓ ਦਾ ਬਾਈਕਾਟ ਕਰ ਕੇ ਰੈਲੀ 'ਚ ਸ਼ਾਮਲ ਹੋਣਗੇ। ਇਸ ਸਮੇਂ ਸੰਗਠਨ ਨੇ ਚਰਨਜੀਤ ਸਿੰਘ ਕਾਹਲੋਂ ਜ਼ਿਲਾ ਪਰਿਵਾਰ ਭਲਾਈ ਅਧਿਕਾਰੀ ਗੁਰਦਾਸਪੁਰ ਰਾਹੀਂ ਸਿਹਤ ਮੰਤਰੀ ਪੰਜਾਬ ਨੂੰ ਮੰਗ-ਪੱਤਰ ਵੀ ਭੇਜਿਆ।
ਇਸ ਸਮੇਂ ਰਜਨੀ, ਜਸਪ੍ਰੀਤ ਭੁੱਲਰ, ਰਵਿੰਦਰ, ਹਰਜੀਤ ਕੌਰ, ਹਰਪ੍ਰੀਤ ਕੌਰ, ਕੁਲਜੀਤ ਕੌਰ, ਕੁਲਦੀਪ ਕੌਰ ਆਦਿ ਨੇ ਸੰਬੋਧਨ ਕਰਦੇ ਹੋਏ ਕਿਹਾ ਕਿ ਆਸ਼ਾ ਵਰਕਰ ਅਤੇ ਫੈਸਿਲੀਟੇਟਰਾਂ ਨੂੰ ਘੱਟੋ-ਘੱਟ ਦਿਹਾੜੀ ਕਾਨੂੰਨ ਤਹਿਤ ਬਣਦੀ ਮਾਸਿਕ ਤਨਖਾਹ ਦਿੱਤੀ ਜਾਵੇ, ਵਾਧੂ ਕੰਮ ਲੈਣੇ ਬੰਦ ਕੀਤੇ ਜਾਣ, ਵਰਦੀਆਂ ਤੇ ਮੋਬਾਇਲ ਭੱਤਾ ਦਿੱਤਾ ਜਾਵੇ, ਮੈਡੀਕਲ ਭੱਤਾ ਤੇ ਸੁਰੱਖਿਆ ਬੀਮਾ ਕੀਤਾ ਜਾਵੇ। ਉੱਚ ਯੋਗਤਾ ਪਾਸ ਆਸ਼ਾ ਵਰਕਰਾਂ ਨੂੰ ਨੌਕਰੀਆਂ ਦੌਰਾਨ ਸੇਵਾ ਲਾਭ ਦਿੱਤਾ ਜਾਵੇ। ਮਹਾਤਮਾ ਗਾਂਧੀ ਸਰਬੱਤ ਵਿਕਾਸ ਯੋਜਨਾ ਸਰਵੇ ਦੇ ਪੈਸੇ ਦਿੱਤੇ ਜਾਣ। ਇਸ ਮੌਕੇ ਨੀਲਮ, ਕਰਮਜੀਤ ਕੌਰ, ਅਮਨਦੀਪ ਕੌਰ, ਪਰਮਜੀਤ ਕੌਰ, ਊਸ਼ਾ ਭੁੱਲਰ, ਰਾਜ ਰਾਣੀ ਆਦਿ ਹਾਜ਼ਰ ਸਨ।
ਆਸ਼ਾ ਵਰਕਰਾਂ ਵੱਲੋਂ ਫੂਕੇ ਗਏ ਪੁਤਲੇ ਕਾਰਨ ਲੋਕ ਹੋਏ ਪ੍ਰੇਸ਼ਾਨ
ਵਿਨੋਦ- ਪੋਸਟ ਆਫਿਸ ਚੌਕ 'ਚ ਆਸ਼ਾ ਵਰਕਰਾਂ ਵੱਲੋਂ ਜੋ ਵਿੱਤ ਮੰਤਰੀ ਭਾਰਤ ਸਰਕਾਰ ਦਾ ਪੁਤਲਾ ਫੂਕਿਆ ਗਿਆ, ਉਸ ਨੇ ਰਾਹਗੀਰਾਂ ਨੂੰ ਮੁਸੀਬਤ 'ਚ ਪਾ ਦਿੱਤਾ। ਪੁਤਲਾ ਫੂਕ ਕੇ ਵਿਰੋਧ ਪ੍ਰਗਟ ਕਰਨ ਤੋਂ ਬਾਅਦ ਆਸ਼ਾ ਵਰਕਰ ਤਾਂ ਉਥੋਂ ਚਲੇ ਗਏ ਪਰ ਚੌਕ 'ਚ ਅੱਧਾ ਘੰਟਾ ਇਹ ਪੁਤਲਾ ਸੜਦਾ ਰਿਹਾ ਤੇ ਰਾਹਗੀਰ ਵਿਸ਼ੇਸ਼ ਕਰ ਕੇ ਕਾਰ ਚਾਲਕਾਂ ਨੂੰ ਪ੍ਰੇਸ਼ਾਨ ਹੋਣਾ ਪਿਆ।
ਜਦੋਂ ਪੁਤਲਾ ਸਾੜਿਆ ਗਿਆ ਤਾਂ ਉਦੋਂ ਚੌਕ 'ਚ ਬਹੁਤ ਭੀੜ ਸੀ। ਜਦੋਂ ਪ੍ਰਦਰਸ਼ਨ ਕੀਤਾ ਗਿਆ, ਉਦੋਂ ਚੌਕ 'ਚ ਟ੍ਰੈਫਿਕ ਵਿੰਗ ਦੇ ਸਹਾਇਕ ਸਬ-ਇੰਸਪੈਕਟਰ ਅਜੇ ਕੁਮਾਰ ਡਿਊਟੀ 'ਤੇ ਸੀ। ਉਨ੍ਹਾਂ ਲੋਕਾਂ ਦੀ ਸੁਰੱਖਿਆ ਲਈ ਸੜਦੇ ਹੋਏ ਪੁਤਲੇ ਕੋਲ ਜਾ ਕੇ ਉਥੋਂ ਲੰਘ ਰਹੀਆਂ ਕਾਰਾਂ ਤੇ ਦੋਪਹੀਆ ਵਾਹਨਾਂ ਨੂੰ ਰੋਕਿਆ ਤੇ ਸੜ ਰਹੇ ਪੁਤਲੇ ਨੂੰ ਇਕ ਰਾਹਗੀਰ ਦੀ ਮਦਦ ਨਾਲ ਚੁੱਕਿਆ।
