ਚਰਨਜੀਤ ਚੰਨੀ ''ਤੇ ਲੱਗੇ ਦੋਸ਼ਾਂ ਤੋਂ ਆਸ਼ਾ ਕੁਮਾਰੀ ਅਣਜਾਣ
Friday, Oct 26, 2018 - 04:43 PM (IST)
ਚੰਡੀਗੜ੍ਹ (ਮਨਮੋਹਨ) : ਪੰਜਾਬ ਪ੍ਰਦੇਸ਼ ਕਾਂਗਰਸ ਕਮੇਟੀ ਦੀ ਪ੍ਰਭਾਰੀ ਆਸ਼ਾ ਕੁਮਾਰੀ ਨੇ ਕੈਬਨਿਟ ਮੰਤਰੀ ਚਰਨਜੀਤ ਸਿੰਘ ਚੰਨੀ 'ਤੇ ਲੱਗੇ ਦੋਸ਼ਾਂ ਤੋਂ ਪੱਲਾ ਝਾੜਦਿਆਂ ਖੁਦ ਨੂੰ ਇਸ ਮਾਮਲੇ ਤੋਂ ਅਣਜਾਣ ਦੱਸਿਆ ਹੈ। ਆਸ਼ਾ ਕੁਮਾਰੀ ਨੇ ਕਿਹਾ ਹੈ ਕਿ ਉਨ੍ਹਾਂ ਨੂੰ ਚੰਨੀ ਖਿਲਾਫ ਕੋਈ ਸ਼ਿਕਾਇਤ ਨਹੀਂ ਮਿਲੀ ਹੈ। ਆਸ਼ਾ ਕੁਮਾਰੀ ਨੇ ਕਿਹਾ ਕਿ ਅਜੇ ਨਾ ਤਾਂ ਮੁੱਖ ਮੰਤਰੀ ਦੇਸ਼ 'ਚ ਹਨ ਅਤੇ ਨਾ ਹੀ ਚਰਨਜੀਤ ਸਿੰਘ ਚੰਨੀ ਅਤੇ ਜਦੋਂ ਦੋਵੇਂ ਵਿਦੇਸ਼ ਤੋਂ ਵਾਪਸ ਪਰਤਣਗੇ, ਉਨ੍ਹਾਂ ਨਾਲ ਗੱਲ ਹੋਵੇਗੀ। ਆਸ਼ਾ ਕੁਮਾਰੀ ਨੇ ਕਿਹਾ ਕਿ ਜ਼ਰੂਰੀ ਨਹੀਂ ਕਿ ਹਰ ਮਾਮਲਾ 'ਮੀ ਟੂ' ਦਾ ਹੀ ਹੋਵੇ। ਉਨ੍ਹਾਂ ਕਿਹਾ ਕਿ ਵਿਰੋਧੀ ਧਿਰ ਹਮੇਸ਼ਾ ਮੁੱਦਾਹੀਣ ਰਹੀ ਹੈ ਅਤੇ ਅਕਾਲੀ ਦਲ 'ਚ ਲਗਾਤਾਰ ਪੈ ਰਹੇ ਅਸਤੀਫਿਆਂ ਤੋਂ ਪਰੇਸ਼ਾਨ ਹੈ। ਆਸ਼ਾ ਕੁਮਾਰੀ ਨੇ ਕਿਹਾ ਕਿ ਵਿਰੋਧੀ ਧਿਰ ਨੂੰ ਚਾਹੀਦਾ ਹੈ ਕਿ ਪਹਿਲਾਂ ਆਪਣੇ ਮਸਲੇ ਸੁਲਝਾ ਲਵੇ ਅਤੇ ਆਪਣੀ ਪਾਰਟੀ ਨੂੰ ਸੰਭਾਲੇ, ਇਸ ਤੋਂ ਬਾਅਦ ਕਾਂਗਰਸ ਪਾਰਟੀ ਬਾਰੇ ਬੋਲੇ।
