‘ਆਪ’ ਦੇ ਵਿਦਿਆਰਥੀ ਵਿੰਗ ASAP ਵੱਲੋਂ ਮੈਂਬਰਸ਼ਿਪ ਮੁਹਿੰਮ ਸ਼ੁਰੂ
Sunday, May 25, 2025 - 12:37 PM (IST)

ਚੰਡੀਗੜ੍ਹ (ਅੰਕੁਰ): ਆਮ ਆਦਮੀ ਪਾਰਟੀ ਦੇ ਵਿਦਿਆਰਥੀ ਵਿੰਗ ਐਸੋਸੀਏਸ਼ਨ ਆਫ ਸਟੂਡੈਂਟਸ ਫਾਰ ਅਲਟਰਨੇਟਿਵ ਪਾਲੀਟਿਕਸ (ਏ.ਐੱਸ.ਏ.ਪੀ.) ਨੇ ਮੈਂਬਰਸ਼ਿਪ ਮੁਹਿੰਮ ਸ਼ੁਰੂ ਕਰ ਦਿੱਤੀ ਹੈ। ਪੰਜਾਬ ਯੂਨੀਵਰਸਿਟੀ ’ਚ ਪਾਰਟੀ ਨਾਲ ਜੁੜੇ ਵਿਦਿਆਰਥੀ ਆਗੂ ਨਵਲਦੀਪ ਸਿੰਘ, ਸੰਜੀਵ ਚੌਧਰੀ ਅਤੇ ਸੁਮਿਤ ਰਾਹੁਲ ਨੇ ਚੰਡੀਗੜ੍ਹ ਸਥਿਤ ਪਾਰਟੀ ਦਫ਼ਤਰ ’ਚ ਪ੍ਰੈੱਸ ਕਾਨਫਰੰਸ ਦੌਰਾਨ ਚੰਡੀਗੜ੍ਹ ਅਤੇ ਪੰਜਾਬ ਦੇ ਸਾਰੇ ਯੂਨੀਵਰਸਿਟੀ ਵਿਦਿਆਰਥੀਆਂ ਨੂੰ ਏ.ਐੱਸ.ਏ.ਪੀ. ’ਚ ਸ਼ਾਮਲ ਹੋਣ ਦੀ ਅਪੀਲ ਕੀਤੀ। ਇਸ ਮੌਕੇ ਉਨ੍ਹਾਂ ਨੇ ਇਸ ’ਚ ਸ਼ਾਮਲ ਹੋਣ ਲਈ ਮੋਬਾਈਲ ਨੰਬਰ 8588833485 ਜਾਰੀ ਕੀਤਾ। ਕੋਈ ਵੀ ਵਿਦਿਆਰਥੀ ਇਸ ਨੰਬਰ 'ਤੇ ਮਿਸਡ ਕਾਲ ਦੇ ਕੇ ਏ.ਐੱਸ. ਏ.ਪੀ. ਨਾਲ ਜੁੜ ਸਕਦਾ ਹੈ। ਸ਼ਾਮਲ ਹੋਣ ਤੋਂ ਬਾਅਦ ਉਨ੍ਹਾਂ ਨਾਲ ਸੰਪਰਕ ਵੀ ਕੀਤਾ ਜਾਵੇਗਾ ਤੇ ਸੰਗਠਨ ਦੀਆਂ ਰਣਨੀਤੀਆਂ ਤੋਂ ਜਾਣੂ ਕਰਵਾਇਆ ਜਾਵੇਗਾ।
ਇਹ ਖ਼ਬਰ ਵੀ ਪੜ੍ਹੋ - ਲਓ ਜੀ! ਪੰਜਾਬ 'ਚ ਇਕ ਹੋਰ ਛੁੱਟੀ ਦਾ ਐਲਾਨ
ਉਨ੍ਹਾਂ ਨੇ ਜਥੇਬੰਦੀ ਦੀ ਵੈੱਬਸਾਈਟ www.asap4students.org ਵੀ ਜਾਰੀ ਕੀਤੀ। ਵਿਦਿਆਰਥੀ ਇਸ ਵੈੱਬਸਾਈਟ 'ਤੇ ਜਾ ਕੇ ਅਤੇ ਆਪਣੀ ਵਿਸਤ੍ਰਿਤ ਜਾਣਕਾਰੀ ਸਾਂਝੀ ਕਰ ਕੇ ਅਧਿਕਾਰਤ ਤੌਰ 'ਤੇ ਏ.ਐੱਸ.ਏ.ਪੀ. ਦਾ ਹਿੱਸਾ ਬਣ ਸਕਦੇ ਹਨ।
ਏ.ਐੱਸ.ਏ.ਪੀ. ਵਿਦਿਆਰਥੀ ਆਗੂ ਸੁਮਿਤ ਰਾਹੁਲ ਨੇ ਕਿਹਾ ਕਿ ਅਰਵਿੰਦ ਕੇਜਰੀਵਾਲ ਨੇ ਪੂਰੇ ਦੇਸ਼ ’ਚ ਇਕ ਬਦਲਵੀਂ ਰਾਜਨੀਤੀ ਨੂੰ ਜਨਮ ਦਿੱਤਾ। ਹੁਣ ਇਸ ਨੂੰ ਹਰ ਕਾਲਜ ਤੇ ਯੂਨੀਵਰਸਿਟੀ ਤੱਕ ਪਹੁੰਚਾਉਣ ਲਈ ਏ.ਐੱਸ.ਏ.ਪੀ. ਦਾ ਗਠਨ ਕੀਤਾ ਗਿਆ ਹੈ। ਆਉਣ ਵਾਲੇ ਦਿਨਾਂ ’ਚ ਅਸੀਂ ਪੰਜਾਬ, ਹਰਿਆਣਾ ਤੇ ਚੰਡੀਗੜ੍ਹ ਦੇ ਹਰ ਕਾਲਜ, ਹਰ ਯੂਨੀਵਰਸਿਟੀ ’ਚ ਜਾਵਾਂਗੇ ਅਤੇ ਆਪਣੀਆਂ ਵਿਦਿਆਰਥੀ ਇਕਾਈਆਂ ਬਣਾਵਾਂਗੇ ਤੇ ਉੱਥੋਂ ਦੇ ਵਿਦਿਆਰਥੀਆਂ ਨੂੰ ਆਪਣੇ ਉਦੇਸ਼ਾਂ ਤੋਂ ਜਾਣੂ ਕਰਵਾਵਾਂਗੇ। ਉਨ੍ਹਾਂ ਕਿਹਾ ਕਿ ਸਾਡਾ ਪਹਿਲਾ ਉਦੇਸ਼ ਹੈ ਰਾਸ਼ਟਰਵਾਦ। ਅਸੀਂ ਹਰ ਨੌਜਵਾਨ ਵਿਦਿਆਰਥੀ ’ਚ ਦੇਸ਼ ਭਗਤੀ ਦੀ ਭਾਵਨਾ ਜਗਾ ਕੇ ਨੌਜਵਾਨਾਂ ਦੀ ਇਕ ਫ਼ੌਜ ਤਿਆਰ ਕਰਾਂਗੇ। ਦੂਜਾ ਹੈ ਸਮਾਜਿਕ ਕੰਮ। ਇਸ ਤਹਿਤ ਅਸੀਂ ਆਪਣੇ ਵਿਦਿਆਰਥੀ ਦੋਸਤਾਂ ਨਾਲ ਮਿਲ ਕੇ ਹਰ ਤਰ੍ਹਾਂ ਦੇ ਸਮਾਜਿਕ ਕਾਰਜਾਂ ’ਚ ਯੋਗਦਾਨ ਪਾਵਾਂਗੇ। ਤੀਜਾ ਅਸੀਂ ਵਿਦਿਆਰਥੀਆਂ ’ਚ ਰਾਜਨੀਤੀ ’ਚ ਦਿਲਚਸਪੀ ਪੈਦਾ ਕਰਾਂਗੇ ਤੇ ਉਨ੍ਹਾਂ ਨੂੰ ਸਿਆਸੀ ਫ਼ੈਸਲੇ ਲੈਣ ਦੇ ਯੋਗ ਬਣਾਵਾਂਗੇ। ਸਾਡਾ ਚੌਥਾ ਤੇ ਬਹੁਤ ਮਹੱਤਵਪੂਰਨ ਉਦੇਸ਼ ਹੈ ਸਿੱਖਿਆ ਸੁਧਾਰ। ਇਸ ਲਈ ਅਸੀਂ ਸਾਰੇ ਕਾਲਜਾਂ ਤੇ ਯੂਨੀਵਰਸਿਟੀਆਂ ’ਚ ਵਿਦਿਆਰਥੀਆਂ ਦੇ ਸਮੂਹ ਬਣਾਵਾਂਗੇ ਤੇ ਉਨ੍ਹਾਂ ਨੂੰ ਸਿੱਖਿਆ ’ਚ ਸੁਧਾਰਾਂ ਬਾਰੇ ਜਾਗਰੂਕ ਕਰਾਂਗੇ।
ਇਹ ਖ਼ਬਰ ਵੀ ਪੜ੍ਹੋ - ਬੁਢਾਪਾ ਪੈਨਸ਼ਨ 'ਚ ਵਾਧੇ ਦੀ ਤਿਆਰੀ! ਹਰ ਮਹੀਨੇ ਮਿਲਣਗੇ 2500 ਰੁਪਏ
ਏ.ਐੱਸ.ਏ.ਪੀ. ਦੇ ਇਕ ਹੋਰ ਵਿਦਿਆਰਥੀ ਆਗੂ ਸੰਜੀਵ ਚੌਧਰੀ ਨੇ ਕਿਹਾ ਕਿ ਅਸੀਂ ਵਿਦਿਆਰਥੀਆਂ ਨੂੰ ਸਰਕਾਰ ਕੋਲ ਲੈ ਕੇ ਜਾਵਾਂਗੇ ਕਿਉਂਕਿ ਰਾਜਨੀਤੀ ਸਮਾਜ ’ਚ ਸਾਰੀਆਂ ਚੀਜ਼ਾਂ ਨੂੰ ਸਿੱਧੇ ਜਾਂ ਅਸਿੱਧੇ ਤੌਰ 'ਤੇ ਤੈਅ ਕਰਦੀ ਹੈ। ਇਹ ਸਰਕਾਰ ਹੀ ਹੈ, ਜੋ ਬਿਜਲੀ, ਪਾਣੀ, ਸੜਕਾਂ, ਸਿੱਖਿਆ ਤੇ ਸਿਹਤ ਸਬੰਧੀ ਫ਼ੈਸਲੇ ਲੈਂਦੀ ਹੈ, ਇਸ ਲਈ ਨੌਜਵਾਨ ਵਿਦਿਆਰਥੀਆਂ ਦਾ ਫ਼ਰਜ਼ ਬਣਦਾ ਹੈ ਕਿ ਉਹ ਸਰਕਾਰ ਦੇ ਕੰਮ ਤੇ ਤਰੀਕਿਆਂ ਨੂੰ ਵੇਖਣ। ਅਸੀਂ ਆਪਣੀਆਂ ਜ਼ਿੰਮੇਵਾਰੀਆਂ ਨੂੰ ਨਿਭਾ ਕੇ ਹੀ ਇਕ ਬਿਹਤਰ ਸਮਾਜ ਤੇ ਭਵਿੱਖ ਦਾ ਨਿਰਮਾਣ ਕਰ ਸਕਦੇ ਹਾਂ।
ਪੰਜਾਬ ਯੂਨੀਵਰਸਿਟੀ ਸਮੇਤ ਚੰਡੀਗੜ੍ਹ ਦੇ ਹਰ ਕਾਲਜ ’ਚ ਲੜੇਗਾ ਵਿਦਿਆਰਥੀ ਯੂਨੀਅਨ ਦੀਆਂ ਚੋਣਾਂ
ਵਿਦਿਆਰਥੀ ਆਗੂ ਨਵਲਦੀਪ ਸਿੰਘ ਨੇ ਕਿਹਾ ਕਿ ਏ.ਐੱਸ.ਏ.ਪੀ. ਬਦਲਵੀਂ ਰਾਜਨੀਤੀ ਬਾਰੇ ਗੱਲ ਕਰਦਾ ਹੈ। ਅਸੀਂ ਕੁਝ ਮਾਮਲਿਆਂ ’ਚ ਦੂਜੀਆਂ ਪਾਰਟੀਆਂ ਨਾਲੋਂ ਬਿਹਤਰ ਤੇ ਵੱਖਰੇ ਹਾਂ। ਸਾਡਾ ਉਦੇਸ਼ ਸ਼ਾਸਨ ’ਚ ਪਾਰਦਰਸ਼ਤਾ ਲਿਆਉਣਾ ਤੇ ਭ੍ਰਿਸ਼ਟਾਚਾਰ ਨੂੰ ਖ਼ਤਮ ਕਰਨਾ ਹੈ। ਅਸੀਂ ਵਿਦਿਆਰਥੀਆਂ ਨੂੰ ਨਵੀਂ ਰਾਜਨੀਤੀ ਲਈ ਇਕ ਪਲੇਟਫਾਰਮ ਪ੍ਰਦਾਨ ਕਰਾਂਗੇ, ਜਿੱਥੇ ਉਹ ਆਪਣੇ ਵਿਚਾਰ ਪ੍ਰਗਟ ਕਰ ਸਕਣਗੇ ਤੇ ਰਾਜਨੀਤੀ ਦੇ ਬਦਲਦੇ ਸੁਭਾਅ ਨੂੰ ਸਮਝ ਸਕਣਗੇ। ਉਨ੍ਹਾਂ ਕਿਹਾ ਕਿ ਆਉਣ ਵਾਲੇ ਸਮੇਂ ’ਚ ਏ.ਐੱਸ.ਏ.ਪੀ. ਪੰਜਾਬ ਯੂਨੀਵਰਸਿਟੀ ਸਮੇਤ ਚੰਡੀਗੜ੍ਹ ਦੇ ਹਰ ਕਾਲਜ ’ਚ ਵਿਦਿਆਰਥੀ ਯੂਨੀਅਨ ਚੋਣਾਂ ਜ਼ੋਰਦਾਰ ਢੰਗ ਨਾਲ ਲੜੇਗਾ ਅਤੇ ਪੰਜਾਬ ਦੇ ਕਾਲਜਾਂ ਅਤੇ ਯੂਨੀਵਰਸਿਟੀਆਂ ’ਚ ਵਿਦਿਆਰਥੀ ਇਕਾਈਆਂ ਸਥਾਪਤ ਕਰੇਗਾ।
ਨੋਟ - ਇਸ ਖ਼ਬਰ ਬਾਰੇ ਕੁਮੈਂਟ ਬਾਕਸ ਵਿਚ ਦਿਓ ਆਪਣੀ ਰਾਏ।
ਜਗਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ
For Android:- https://play.google.com/store/apps/details?id=com.jagbani&hl=en
For IOS:- https://itunes.apple.com/in/app/id538323711?mt=8