ਕਾਂਗਰਸ ’ਚ ਚੱਲ ਰਹੇ ਕਲੇਸ਼ ’ਤੇ ਇਹ ਕੀ ਬੋਲ ਗਏ ਅਰਵਿੰਦ ਕੇਜਰੀਵਾਲ

Monday, Jun 21, 2021 - 10:33 PM (IST)

ਕਾਂਗਰਸ ’ਚ ਚੱਲ ਰਹੇ ਕਲੇਸ਼ ’ਤੇ ਇਹ ਕੀ ਬੋਲ ਗਏ ਅਰਵਿੰਦ ਕੇਜਰੀਵਾਲ

ਅੰਮ੍ਰਿਤਸਰ : ਪੰਜਾਬ ਕਾਂਗਰਸ ਵਿਚ ਚੱਲ ਰਹੇ ਅੰਦਰੂਨੀ ਕਲੇਸ਼ ’ਤੇ ਹੁਣ ਵਿਰੋਧੀਆਂ ਦੇ ਬਿਆਨ ਆਉਣ ਵੀ ਸ਼ੁਰੂ ਹੋ ਗਏ ਹਨ। ਕੁੰਵਰ ਵਿਜੇ ਪ੍ਰਤਾਪ ਨੂੰ ਆਮ ਆਦਮੀ ਪਾਰਟੀ ਵਿਚ ਸ਼ਾਮਲ ਕਰਵਾਉਣ ਅੰਮ੍ਰਿਤਸਰ ਪਹੁੰਚੇ ਅਰਵਿੰਦ ਕੇਜਰੀਵਾਲ ਨੇ ਮੀਡੀਆ ਨਾਲ ਗੱਲਬਾਤ ਕਰਦੇ ਹੋਏ ਕਿਹਾ ਕਿ ਸੱਤਾਧਾਰੀ ਕਾਂਗਰਸ ਪਾਰਟੀ ਅਤੇ ਇਸ ਦੇ ਲੀਡਰ ਕੁੱਤੇ-ਬਿੱਲੀਆਂ ਵਾਂਗ ਲੜ ਰਹੇ ਹਨ, ਕੋਈ ਆਖ ਰਿਹਾ ਹੈ ਮੈਂ ਮੁੱਖ ਮੰਤਰੀ ਬਣਨਾ ਅਤੇ ਕੋਈ ਆਖ ਰਿਹਾ ਮੈਂ ਪ੍ਰਧਾਨ ਬਣਨਾ। ਕੇਜਰੀਵਾਲ ਨੇ ਕਿਹਾ ਕਿ ਇਹ ਲੜਾਈ ਸਿਰਫ ਕੁਰਸੀ ਲਈ ਹੈ। ਉਨ੍ਹਾਂ ਕਿਹਾ ਕਿ ਕੋਰੋਨਾ ਦੇ ਦੌਰ ਵਿਚ ਜਦੋਂ ਪੂਰੇ ਪੰਜਾਬ ਦੀ ਜਨਤਾ ਮਹਾਮਾਰੀ ਨਾਲ ਪੀੜਤ ਸੀ ਅਤੇ ਸੋਚ ਰਹੀ ਸੀ ਕਿ ਸਾਡਾ ਮੁੱਖ ਮੰਤਰੀ, ਸਾਡੀ ਸਰਕਾਰ ਸਾਡੇ ਕੰਮ ਆਵੇਗੀ ਤਾਂ ਅਜਿਹੇ ਸਮੇਂ ਵਿਚ ਇਹ ਸਾਰੇ ਕੁੱਤੇ-ਬਿੱਲੀਆਂ ਵਾਂਗ ਲੜ ਰਹੇ ਸਨ।

ਇਹ ਵੀ ਪੜ੍ਹੋ : ਅੰਮ੍ਰਿਤਸਰ ’ਚ ਪਹੁੰਚੇ ਅਰਵਿੰਦ ਕੇਜਰੀਵਾਲ ਦਾ ਪੰਜਾਬ ’ਚ ਮੁੱਖ ਮੰਤਰੀ ਚਿਹਰੇ ’ਤੇ ਵੱਡਾ ਖ਼ੁਲਾਸਾ

ਇਥੇ ਹੀ ਬਸ ਨਹੀਂ ਕੇਜਰੀਵਾਲ ਨੇ ਅਕਾਲੀ-ਭਾਜਪਾ ’ਤੇ ਵੀ ਵੱਡੇ ਸ਼ਬਦੀ ਹਮਲੇ ਬੋਲੇ। ਕੇਜਰੀਵਾਲ ਨੇ ਕਿਹਾ ਕਿ ਪੰਜਾਬ ਦੀ ਇਕ ਅਜਿਹੀ ਪਾਰਟੀ ਹੈ ਜਿਸ ’ਤੇ ਭ੍ਰਿਸ਼ਟਾਚਾਰ ਅਤੇ ਬੇਅਦਬੀ ਦੇ ਵੱਡੇ ਦੋਸ਼ ਹਨ ਜਦਕਿ ਇਕ ਪਾਰਟੀ ਅਜਿਹੀ ਵੀ ਹੈ ਜਿਸ ਦੇ ਲੀਡਰਾਂ ਨੂੰ ਲੋਕ ਮੁਹੱਲਿਆਂ ਵਿਚ ਵੜਨ ਤਕ ਨਹੀਂ ਦਿੰਦੇ। ਕੇਜਰੀਵਾਲ ਨੇ ਕਿਹਾ ਕਿ ਦਿੱਲੀ ਦੇ ਲੋਕਾਂ ਨੇ ਇਕ ਵਾਰ ਆਮ ਆਦਮੀ ਪਾਰਟੀ ਨੂੰ ਮੌਕਾ ਦਿੱਤਾ ਅਤੇ ਅੱਜ ਉਹ ਆਨੰਦ ਮਾਣ ਰਹੇ ਸਨ। ਪੰਜਾਬ ਦੇ ਲੋਕ ਵੀ ਹੁਣ ਸਹੂਲਤਾਂ ਚਾਹੁੰਦੇ ਹਨ। ਉਨ੍ਹਾਂ ਕਿਹਾ ਕਿ ਪਹਿਲਾਂ ਲੋਕਾਂ ਕੋਲ ਬਦਲ ਨਹੀਂ ਸੀ ਹੁਣ ਬਦਲ ਹੈ।

ਇਹ ਵੀ ਪੜ੍ਹੋ : ਪੰਜਾਬ ਦੀ ਸਿਆਸਤ ’ਚ ਵੱਡਾ ਧਮਾਕਾ, ਆਮ ਆਦਮੀ ਪਾਰਟੀ ’ਚ ਸ਼ਾਮਲ ਹੋਏ ਕੁੰਵਰ ਵਿਜੇ ਪ੍ਰਤਾਪ

ਉਹ ਪੰਜਾਬ ਵਾਸੀਆਂ ਨੂੰ ਅਪੀਲ ਕਰਦੇ ਹਨ ਕਿ ਪਿਛਲੇ 70 ਸਾਲ ਤੁਸੀਂ ਇਨ੍ਹਾਂ ਤਿੰਨਾਂ ਪਾਰਟੀਆਂ ਨੂੰ ਅਨੇਕਾਂ ਮੌਕੇ ਦਿੱਤੇ ਪਰ ਕੁਝ ਨਹੀਂ ਬਦਲਿਆ ਹੁਣ ਇਕ ਮੌਕੇ ਆਮ ਆਦਮੀ ਪਾਰਟੀ ਨੂੰ ਦੇ ਕੇ ਵੇਖੋ ਅਸੀਂ ਪੰਜਾਬ ਦੀ ਦਸ਼ਾ ਅਤੇ ਦਿਸ਼ਾ ਦੋਵੇਂ ਬਦਲ ਦਿਆਂਗੇ।

ਇਹ ਵੀ ਪੜ੍ਹੋ : ਹਾਈਕਮਾਂਡ ਦੀ ਚੁੱਪੀ ’ਤੇ ਟੁੱਟਿਆ ਸਿੱਧੂ ਦੇ ਸਬਰ ਦਾ ਬੰਨ੍ਹ, ਫਿਰ ਖੋਲ੍ਹਿਆ ਕੈਪਟਨ ਖ਼ਿਲਾਫ਼ ਮੋਰਚਾ

ਨੋਟ - ਇਸ ਖ਼ਬਰ ਸੰਬੰਧੀ ਕੀ ਹੈ ਤੁਹਾਡੀ ਰਾਏ, ਕੁਮੈਂਟ ਕਰਕੇ ਦੱਸੋ?


author

Gurminder Singh

Content Editor

Related News