ਕੇਜਰੀਵਾਲ ਨਿਕਲੇ ਡਰਪੋਕ, ਮਜੀਠੀਆ ਕੋਲੋਂ ਮੁਆਫੀ ਮੰਗਣ ''ਤੇ ਖੁੱਲ੍ਹੀ ''ਆਪ'' ਦੀ ਪੋਲ: ਕਾਂਗਰਸ

03/17/2018 2:59:19 PM

ਜਲੰਧਰ (ਚੋਪੜਾ)— ਮਾਣਹਾਨੀ ਕੇਸ ਦਾ ਸਾਹਮਣਾ ਕਰ ਰਹੇ ਦਿੱਲੀ ਦੇ ਮੁੱਖ ਮੰਤਰੀ ਅਰਵਿੰਦ ਕੇਜਰੀਵਾਲ ਵੱਲੋਂ ਸਾਬਕਾ ਕੈਬਨਿਟ ਮੰਤਰੀ ਅਤੇ ਅਕਾਲੀ ਦਲ ਦੇ ਪ੍ਰਧਾਨ ਸੁਖਬੀਰ ਸਿੰਘ ਬਾਦਲ ਦੇ ਸਾਲੇ ਬਿਕਰਮ ਮਜੀਠੀਆ ਦੀ ਸਰਪ੍ਰਸਤੀ 'ਚ ਡਰੱਗ ਕਾਰੋਬਾਰ ਦੇ ਲਾਏ ਦੋਸ਼ਾਂ ਤੋਂ ਪਲਟਦਿਆਂ ਲਿਖਤੀ ਮੁਆਫੀਨਾਮਾ ਦਿੱਤਾ ਗਿਆ ਹੈ, ਜਿਸ ਤੋਂ ਬਾਅਦ ਪੰਜਾਬ ਦੀ ਰਾਜਨੀਤੀ 'ਚ ਜਿਵੇਂ ਭੂਚਾਲ ਜਿਹਾ ਆ ਗਿਆ ਹੈ।
ਮੁਆਫੀ ਐਪੀਸੋਡ ਨਾਲ ਜਿੱਥੇ ਸੂਬੇ ਦੀ ਜਨਤਾ ਖੁਦ ਨੂੰ ਠੱਗਿਆ ਮਹਿਸੂਸ ਕਰ ਰਹੀ ਹੈ, ਉਥੇ ਕਾਂਗਰਸ ਨੇ ਵੀ ਇਸ ਮੁੱਦੇ 'ਤੇ ਆਪਣੀਆਂ ਤਲਵਾਰਾਂ ਮਿਆਨ 'ਚੋਂ ਬਾਹਰ ਕੱਢ ਲਈਆਂ ਹਨ ਅਤੇ ਆਮ ਆਦਮੀ ਪਾਰਟੀ ਦੇ ਆਗੂਆਂ 'ਤੇ ਸ਼ਬਦਾਂ ਦੇ ਤਿੱਖੇ ਬਾਣ ਚਲਾਏ ਹਨ। ਇਸ ਸਬੰਧ 'ਚ ਜਲੰਧਰ ਦੇ ਵਿਧਾਇਕਾਂ ਨੇ ਕੇਜਰੀਵਾਲ ਨੂੰ ਡਰਪੋਕ ਦੱਸਦਿਆਂ ਆਪਣੇ ਵੱਖਰੇ-ਵੱਖਰੇ ਵਿਚਾਰ ਰੱਖਦਿਆਂ ਕਿਹਾ ਕਿ 'ਆਪ' ਦੀ ਪੋਲ ਜਨਤਾ 'ਚ ਖੁੱਲ੍ਹ ਗਈ ਹੈ। ਜਿਸ ਦਾ ਵੇਰਵਾ ਇਸ ਤਰ੍ਹਾਂ ਹੈ। 
ਕੇਜਰੀਵਾਲ ਸਿਰਫ ਸਸਤੀ ਸ਼ੋਹਰਤ ਦੇ ਭੁੱਖੇ ਨਿਕਲੇ:  ਵਿਧਾਇਕ ਰਾਜਿੰਦਰ ਬੇਰੀ
ਸੈਂਟਰਲ ਵਿਧਾਨਸਭਾ ਹਲਕੇ ਦੇ ਵਿਧਾਇਕ ਰਾਜਿੰਦਰ ਬੇਰੀ ਨੇ ਕਿਹਾ ਕਿ ਕੇਜਰੀਵਾਲ ਸਸਤੀ ਸ਼ੋਹਰਤ ਦੇ ਭੁੱਖੇ ਨਿਕਲੇ। ਵਿਧਾਨਸਭਾ ਚੋਣਾਂ ਵਿਚ ਪੰਜਾਬੀਆਂ ਨੂੰ ਲੁਭਾਉਣ ਦੇ ਵੱਡੇ-ਵੱਡੇ ਬਹਾਦਰੀ ਭਰੇ ਦਾਅਵੇ ਕੀਤੇ ਸਨ ਪਰ ਹੁਣ ਸੱਚਾਈ ਜਨਤਾ ਦੇ ਸਾਹਮਣੇ ਆ ਚੁੱੱਕੀ ਹੈ ਕਿ ਕੇਜਰੀਵਾਲ ਦੀ ਅਕਾਲੀ ਦਲ ਤੇ ਭਾਜਪਾ ਨਾਲ ਅੰਦਰਖਾਤੇ ਪੂਰੀ ਗੰਢ-ਤੁੱਪ ਹੈ। ਵਿਧਾਇਕ ਬੇਰੀ ਨੇ ਕਿਹਾ ਕਿ ਰਾਜ ਸਭਾ ਮੈਂਬਰ ਬਣਨ ਦੌਰਾਨ ਵੀ ਕੇਜਰੀਵਾਲ 'ਤੇ ਉਨ੍ਹਾਂ ਦੀ ਆਪਣੀ ਹੀ ਪਾਰਟੀ ਦੇ ਆਗੂਆਂ ਨੇ ਭ੍ਰਿਸ਼ਟਾਚਾਰ ਦੇ ਗੰਭੀਰ ਦੋਸ਼ ਲਾਏ ਸਨ।
ਹੁਣ ਮੁਆਫੀ ਮਾਮਲੇ 'ਚ ਵੀ ਅਕਾਲੀ ਦਲ ਨਾਲ ਕਿਸੇ ਵੱਡੇ ਲੈਣ-ਦੇਣ ਦੀ ਸੰਭਾਵਨਾ ਤੋਂ ਇਨਕਾਰ ਨਹੀਂ ਕੀਤਾ ਜਾ ਸਕਦਾ। ਵਿਧਾਇਕ ਬੇਰੀ ਨੇ ਦੱਸਿਆ ਕਿ 'ਆਪ' ਨੇ ਗੁਜਰਾਤ ਅਤੇ ਮਹਾਰਾਸ਼ਟਰ ਚੋਣਾਂ 'ਚ ਆਪਣੇ ਉਮੀਦਵਾਰ ਨਹੀਂ ਉਤਾਰੇ। 'ਆਪ' ਸਿਰਫ ਉਥੇ ਸਰਗਰਮ ਹੁੰਦੀ ਹੈ, ਜਿਸ ਸੂਬੇ ਵਿਚ ਕਾਂਗਰਸ ਦੀ ਜਿੱਤ ਯਕੀਨੀ ਨਜ਼ਰ ਆਵੇ। ਉਨ੍ਹਾਂ ਕਿਹਾ ਕਿ ਕੇਜਰੀਵਾਲ ਦੀ ਇਸ ਕਾਰਵਾਈ ਤੋਂ ਬਾਅਦ ਹੁਣ ਪੰਜਾਬ ਵਿਚ 'ਆਪ' ਦਾ ਸੂਪੜਾ ਸਾਫ ਹੋਣਾ ਤੈਅ ਹੈ, ਕਿਉਂਕਿ 'ਆਪ' ਸੰਸਦ ਮੈਂਬਰ, ਵਿਧਾਇਕ ਤੇ ਉਨ੍ਹਾਂ ਦੇ ਵਾਲੰਟੀਅਰਜ਼ ਬੇਹੱਦ ਖਾਮੋਸ਼ੀ ਵਿਚ ਹਨ ਅਤੇ ਉਨ੍ਹਾਂ ਨੂੰ ਸਮਝ ਨਹੀਂ ਆ ਰਿਹਾ ਕਿ ਸੂਬੇ ਦੀ ਜਨਤਾ ਸਾਹਮਣੇ ਕਿਹੜਾ ਮੂੰਹ ਲੈ ਕੇ ਜਾਣ।
'ਆਪ' ਵਿਧਾਇਕ ਅਸਤੀਫਾ ਦੇ ਕੇ ਜਨਤਾ ਦੀ ਅਦਾਲਤ 'ਚ ਕਰਨ ਉਪ ਚੋਣਾਂ ਦਾ ਸਾਹਮਣਾ : ਵਿਧਾਇਕ ਸੁਸ਼ੀਲ ਰਿੰਕੂ
ਵੈਸਟ ਵਿਧਾਨ ਸਭਾ ਹਲਕੇ ਦੇ ਵਿਧਾਇਕ ਸੁਸ਼ੀਲ ਰਿੰਕੂ ਨੇ ਦੱਸਿਆ ਕਿ ਕੇਜਰੀਵਾਲ ਨੇ ਬਿਕਰਮ ਮਜੀਠੀਆ ਕੋਲੋਂ ਮੁਆਫੀ ਮੰਗ ਕੇ ਸੂਬੇ ਦੇ ਆਗੂਆਂ ਦਾ ਨੱਕ ਵੱਢ ਦਿੱਤਾ ਹੈ। ਵਿਧਾਇਕ ਰਿੰਕੂ ਨੇ ਅਚਾਨਕ ਹੋਏ ਇਸ ਕਾਂਡ ਨੂੰ ਕੇਜਰੀਵਾਲ ਦੀ ਲੋਭੀ ਸੋਚ ਨੂੰ ਉਜਾਗਰ ਕਰ ਦਿੱਤਾ ਹੈ। ਇਹੀ ਵੱਡਾ ਕਾਰਨ ਹੈ ਕਿ ਪੰਜਾਬੀਆਂ ਦੀ ਪਿੱਠ ਵਿਚ ਛੁਰਾ ਮਾਰਨ ਦੌਰਾਨ ਆਪਣੀ ਸੂਬਾ ਇਕਾਈ ਨਾਲ ਨਾ ਤਾਂ ਕੋਈ ਸਲਾਹ-ਮਸ਼ਵਰਾ ਕੀਤਾ ਅਤੇ ਨਾ ਹੀ ਉਨ੍ਹਾਂ ਨੂੰ ਮੁਆਫੀ ਦੀ ਭਿਣਕ ਤੱਕ ਪੈਣ ਦਿੱਤੀ। ਵਿਧਾਇਕ ਰਿੰਕੂ ਨੇ ਕਿਹਾ ਕਿ ਉਨ੍ਹਾਂ ਦੀ ਦੋਗਲੀ ਰਾਜਨੀਤੀ ਨੇ ਸਾਬਤ ਕਰ ਦਿੱਤਾ ਹੈ ਕਿ ਉਨ੍ਹਾਂ ਨੂੰ ਪੰਜਾਬ ਅਤੇ ਪੰਜਾਬੀਅਤ ਨਾਲ ਕੋਈ ਪਿਆਰ ਨਹੀਂ।
ਉਨ੍ਹਾਂ ਕਿਹਾ ਕਿ 'ਆਪ' ਦੇ ਸਾਰੇ ਵਿਧਾਇਕਾਂ ਨੂੰ ਆਪਣਾ ਅਸਤੀਫਾ ਦੇ ਕੇ ਜਨਤਾ ਦੀ ਅਦਾਲਤ 'ਚ ਉਪ ਚੋਣਾਂ ਦਾ ਸਾਹਮਣਾ ਕਰਨਾ ਚਾਹੀਦਾ ਹੈ ਤਾਂ ਜੋ ਉਨ੍ਹਾਂ ਨੂੰ ਜਨਤਾ ਨਾਲ ਹੋਏ ਅਜਿਹੇ ਭੱਦੇ ਮਜ਼ਾਕ ਤੋਂ ਬਾਅਦ ਪਾਰਟੀ ਦੀ ਜ਼ਮੀਨੀ ਹਕੀਕਤ ਦਾ ਪਤਾ ਲੱਗ ਸਕੇ ਕਿ ਸੂਬੇ ਦੀ ਜਨਤਾ ਨਸ਼ਾ ਸੌਦਾਗਰਾਂ ਦੇ ਨਾਲ ਕਥਿਤ ਸੌਦੇਬਾਜ਼ੀ ਤੋਂ ਬਾਅਦ ਕਿੰਨੀ ਭੜਕੀ ਹੋਈ ਹੈ। ਵਿਧਾਇਕ ਰਿੰਕੂ ਨੇ ਦੱਸਿਆ ਕਿ 2019 ਦੀਆਂ ਲੋਕ ਸਭਾ ਚੋਣਾਂ 'ਚ ਕੋਈ ਵੀ ਗੈਰਤਮੰਦ ਪੰਜਾਬੀ 'ਆਪ' ਨੂੰ ਵੋਟ ਨਹੀਂ ਪਾਵੇਗਾ ਅਤੇ ਆਪਣੀਆਂ ਭਾਵਨਾਵਾਂ ਨਾਲ ਖੇਡਣ ਦਾ ਬਦਲਾ ਲਵੇਗਾ।
ਪੰਜਾਬੀਆਂ ਹੀ ਨਹੀਂ ਐੱਨ. ਆਰ. ਆਈਜ਼ ਨਾਲ ਵੀ ਭੱਦਾ ਮਜ਼ਾਕ:  ਵਿਧਾਇਕ ਹੈਨਰੀ
ਨਾਰਥ ਵਿਧਾਨਸਭਾ ਹਲਕੇ ਦੇ ਵਿਧਾਇਕ ਜੂਨੀਅਰ ਹੈਨਰੀ ਨੇ ਕਿਹਾ ਕਿ ਕੇਜਰੀਵਾਲ ਨੇ ਪੰਜਾਬ ਦੀ ਸੱਤਾ ਹਾਸਲ ਕਰਨ ਖਾਤਿਰ ਵਿਧਾਨਸਭਾ ਚੋਣਾਂ ਦੌਰਾਨ ਨਸ਼ਿਆਂ ਦਾ ਮੁੱਦਾ ਜ਼ੋਰ-ਸ਼ੋਰ ਨਾਲ ਉਠਾਉਣ ਦਾ ਡਰਾਮਾ ਰਚਦਿਆਂ ਮਜੀਠੀਆ ਖਿਲਾਫ ਜੰਗ ਦਾ ਐਲਾਨ ਕੀਤਾ ਸੀ ਪਰ ਉਨ੍ਹਾਂ ਦੀ ਦੋਗਲੀ ਰਾਜਨੀਤੀ ਨੇ ਪੰਜਾਬ ਦੀ ਜਨਤਾ ਦੇ ਨਾਲ-ਨਾਲ ਵਿਦੇਸ਼ਾਂ 'ਚ ਰਹਿਣ ਵਾਲੇ ਪੰਜਾਬੀ ਐੱਨ. ਆਰ. ਆਈਜ਼ ਨਾਲ ਵੀ ਭੱਦਾ ਮਜ਼ਾਕ ਕੀਤਾ ਹੈ, ਜਿਨ੍ਹਾਂ ਕੋਲੋਂ 'ਆਪ' ਨੇਤਾਵਾਂ ਨੇ ਚੋਣਾਂ ਦੌਰਾਨ ਸਮਰੱਥਨ ਦੇ ਨਾਲ-ਨਾਲ ਮੋਟੇ ਫੰਡ ਵੀ ਲਏ ਸਨ। ਉਨ੍ਹਾਂ ਕਿਹਾ ਕਿ ਜਿਸ ਪਾਰਟੀ ਦਾ ਮੁਖੀ ਹੀ ਆਪਣੀ ਜ਼ੁਬਾਨ 'ਤੇ ਸਟੈਂਡ ਨਹੀਂ ਕਰ ਸਕਦਾ, ਉਸ ਪਾਰਟੀ ਦੇ ਹੋਰ ਆਗੂਆਂ 'ਤੇ ਕਿਵੇਂ ਕੀਤਾ ਜਾ ਸਕਦਾ ਹੈ।
ਕੇਜਰੀਵਾਲ ਦੀ ਬੌਖਲਾਹਟ ਦਾ ਨਤੀਜਾ ਹੈ ਮੁਆਫੀ ਕਾਂਡ : ਵਿਧਾਇਕ ਚੌਧਰੀ ਸੁਰਿੰਦਰ 
ਕਰਤਾਰਪੁਰ ਵਿਧਾਨ ਸਭਾ ਹਲਕੇ ਦੇ ਵਿਧਾਇਕ ਚੌਧਰੀ ਸੁਰਿੰਦਰ ਸਿੰਘ ਨੇ ਦੱਸਿਆ ਕਿ ਕੇਸ ਤੋਂ ਖੌਫਜਦਾ ਕੇਜਰੀਵਾਲ ਵਲੋਂ ਬਿਕਰਮ ਮਜੀਠੀਆ ਕੋਲੋਂ ਮੁਆਫੀ ਮੰਗਣਾ ਉਨ੍ਹਾਂ ਦੀ ਬੌਖਲਾਹਟ ਨੂੰ ਸਾਬਤ ਕਰਦਾ ਹੈ। ਵਿਧਾਇਕ ਸੁਰਿੰਦਰ ਨੇ ਕਿਹਾ ਕਿ ਪੰਜਾਬ ਦੇ ਹਿੱਤਾਂ 'ਤੇ ਪਹਿਰਾ ਦੇਣ ਦਾ ਦਾਅਵਾ ਕਰਨ ਵਾਲਾ ਕੇਜਰੀਵਾਲ ਜੰਗੇ ਮੈਦਾਨ ਤੋਂ ਪਿੱਠ ਦਿਖਾ ਕੇ ਭੱਜ ਗਿਆ ਹੈ। ਉਨ੍ਹਾਂ ਕਿਹਾ ਕਿ ਈਮਾਨਦਾਰੀ ਅਤੇ ਇਨਕਲਾਬੀ ਸੋਚ ਦਾ ਜਨਤਾ ਵਿਚ ਝੂਠਾ ਪ੍ਰਚਾਰ ਕਰਨ ਵਾਲੇ ਦਿੱਲੀ ਦੇ ਮੁੱਖ ਮੰਤਰੀ ਨੇ ਪੰਜਾਬ ਦੇ ਹਿੱਤਾਂ ਨਾਲ ਖਿਲਵਾੜ ਕੀਤਾ ਹੈ। 
ਉਨ੍ਹਾਂ ਕਿਹਾ ਕਿ ਪੰਜਾਬ ਦੀ ਸੱਤਾ 'ਤੇ ਕਾਬਜ਼ ਹੋਣ ਦੇ ਸੁਪਨੇ ਦੇਖਣ ਵਾਲੀ 'ਆਪ' ਨੂੰ ਵਿਧਾਨ ਸਭਾ ਚੋਣਾਂ ਵਿਚ ਵੋਟਰਾਂ ਨੇ ਪਹਿਲਾਂ ਹੀ ਨਕਾਰ ਦਿੱਤਾ ਸੀ ਤੇ ਰਹੀ ਸਹੀ ਕਸਰ ਗੁਰਦਾਸਪੁਰ ਲੋਕ ਸਭਾ ਦੀ ਉਪ ਚੋਣ ਅਤੇ ਨਗਰ ਨਿਗਮ ਦੀਆਂ ਚੋਣਾਂ ਵਿਚ ਪੂਰੀ ਹੋ ਗਈ ਹੈ। ਵਿਧਾਇਕ ਸੁਰਿੰਦਰ ਨੇ ਕਿਹਾ ਕਿ ਕੇਜਰੀਵਾਲ ਨੇ ਪੰਜਾਬ ਵਿਚ 'ਆਪ' ਦਾ ਤਾਂ ਜਿਵੇਂ ਕਤਲ ਹੀ ਕਰ ਦਿੱਤਾ ਹੈ। ਉਨ੍ਹਾਂ ਕਿਹਾ ਕਿ 'ਆਪ' ਆਗੂਆਂ ਨੂੰ ਚਾਹੀਦਾ ਹੈ ਕਿ ਉਹ ਜਨਤਾ ਨੂੰ ਗੁੰਮਰਾਹ ਕਰਨ ਦੀ ਬਜਾਏ ਰਾਜਨੀਤੀ ਨੂੰ ਤਿਆਗ ਕੇ ਆਪਣੇ ਘਰਾਂ ਵਿਚ ਬੈਠ ਜਾਣ ਕਿਉਂਕਿ ਹੁਣ ਉਨ੍ਹਾਂ ਦੀ ਝੂਠ ਦੀ ਦੁਕਾਨਦਾਰੀ ਪੂਰੀ ਤਰ੍ਹਾਂ ਬੰਦ ਹੋਣ ਵਾਲੀ ਹੈ।


Related News