ਇਸਤਰੀ ਤੇ ਬਾਲ ਵਿਕਾਸ ਵਿਭਾਗ ਨੇ ਕੋਰੋਨਾ ਦੌਰਾਨ ਲੋਕਾਂ ਦੀ ਮਦਦ ਕਰਨ ’ਚ ਨਿਭਾਈ ਅਹਿਮ ਭੂਮਿਕਾ : ਚੌਧਰੀ

Thursday, Sep 16, 2021 - 09:14 PM (IST)

ਚੰਡੀਗੜ੍ਹ (ਬਿਊਰੋ)-ਪੰਜਾਬ ਦੇ ਸਮਾਜਿਕ ਸੁਰੱਖਿਆ ਅਤੇ ਇਸਤਰੀ ਤੇ ਬਾਲ ਵਿਕਾਸ ਵਿਭਾਗ ਦੇ ਮੰਤਰੀ ਅਰੁਣਾ ਚੌਧਰੀ ਨੇ ਅੱਜ ਇਥੇ ਕਿਹਾ ਕਿ ਪੰਜਾਬ ਸਰਕਾਰ ਵੱਲੋਂ ਸਮਾਜਿਕ ਸੁਰੱਖਿਆ, ਇਸਤਰੀ ਤੇ ਬਾਲ ਵਿਕਾਸ ਵਿਭਾਗ ਨੂੰ ਹੋਰ ਮਜ਼ਬੂਤ ਕਰਨ ਲਈ ਕਈ ਉਪਰਾਲੇ ਕੀਤੇ ਗਏ ਹਨ ਤਾਂ ਜੋ ਜ਼ਮੀਨੀ ਪੱਧਰ ਤੱਕ ਲੋਕਾਂ ਨੂੰ ਸਮਾਜਿਕ ਸੁਰੱਖਿਆ ਅਧੀਨ ਸਰਕਾਰੀ ਯੋਜਨਾਵਾਂ ਦਾ ਲਾਭ ਪਹੁੰਚਾਇਆ ਜਾ ਸਕੇ। ਚੌਧਰੀ ਅੱਜ ਇੱਥੇ ਪੋਸ਼ਣ ਅਭਿਆਨ ਮਹੀਨੇ ਤਹਿਤ ਕਰਵਾਈ ਗਈ ਰਾਜ ਪੱਧਰੀ ਵਰਕਸ਼ਾਪ ਦੀ ਪ੍ਰਧਾਨਗੀ ਕਰ ਰਹੇ ਸਨ। ਵਿਭਾਗ ਵੱਲੋਂ 1 ਸਤੰਬਰ ਤੋਂ 30 ਸਤੰਬਰ, 2021 ਤੱਕ ਸੂਬੇ ਭਰ ’ਚ ਪੋਸ਼ਣ ਮਾਹ ਮਨਾਇਆ ਜਾ ਰਿਹਾ ਹੈ। ਇਸ ਮੌਕੇ ਬੋਲਦਿਆਂ ਉਨ੍ਹਾਂ ਕਿਹਾ ਕਿ ਵਿਭਾਗ ’ਚ ਵੱਡੇ ਪੱਧਰ ’ਤੇ ਪੰਜਾਬ ਸਰਕਾਰ ਵੱਲੋਂ ਭਰਤੀਆਂ ਕੀਤੀਆਂ ਗਈਆਂ ਅਤੇ ਨਾਲ ਦੀ ਨਾਲ ਹੀ ਯੋਗ ਅਧਿਕਾਰੀਆਂ/ਕਰਮਚਾਰੀਆਂ ਨੂੰ ਤਰੱਕੀਆਂ ਵੀ ਦਿੱਤੀਆਂ ਗਈਆਂ।

PunjabKesari

ਚੌਧਰੀ ਨੇ ਕਿਹਾ ਕਿ ਸਾਡਾ ਇਹ ਵਿਭਾਗ ਸਿੱਧੇ ਤੌਰ ’ਤੇ ਸਮਾਜ ਸੇਵਾ ਨਾਲ ਜੁੜਿਆ ਹੋਇਆ ਹੈ ਅਤੇ ਅਸੀਂ ਸਾਰੇ ਵਡਭਾਗੇ ਹਾਂ ਕਿ ਸਾਨੂੰ ਸਮਾਜ ਦੇ ਉਨ੍ਹਾਂ ਲੋਕਾਂ ਦੀ ਮਦਦ ਕਰਨ ਦਾ ਸੁਭਾਗ ਮਿਲਿਆ ਹੈ, ਜਿਨ੍ਹਾਂ ਦੀ ਮਦਦ ਕਰਨ ਵਾਲੇ ਬਹੁਤ ਘੱਟ ਹੁੰਦੇ ਹਨ। ਉਨ੍ਹਾਂ ਕਿਹਾ ਕਿ ਸਾਡਾ ਕੰਮ ‘ਪੁੰਨ ਨਾਲੇ ਫਲੀਆਂ’ ਵਾਲੀ ਕਹਾਵਤ ਨੂੰ ਸਿੱਧ ਕਰਦਾ ਹੈ। ਇਸ ਮੌਕੇ ਉਨ੍ਹਾਂ ਨੇ ਵਿਭਾਗ ਦੇ ਅਧਿਕਾਰੀਆਂ ਨੂੰ ਅਪੀਲ ਕੀਤੀ ਕਿ ਉਹ ਪੰਜਾਬ ਸਰਕਾਰ ਵੱਲੋਂ ਵਿਭਾਗ ਰਾਹੀਂ ਸ਼ੁਰੂ ਕੀਤੇ ਗਏ ਵੱਖ-ਵੱਖ ਪ੍ਰਾਜੈਕਟਾਂ ਨੂੰ ਆਗਾਮੀ ਤਿੰਨ ਮਹੀਨਿਆਂ ’ਚ ਮੁਕੰਮਲ ਕਰ ਲੈਣ। ਚੌਧਰੀ ਨੇ ਕਿਹਾ ਕਿ ਵਿਭਾਗ ਦੇ ਸਾਰੇ ਅਧਿਕਾਰੀਆਂ ਅਤੇ ਕਰਮਚਾਰੀਆਂ ਵੱਲੋਂ ਕੋਰੋਨਾ ਮਹਾਮਾਰੀ ਦੌਰਾਨ ਲੋਕਾਂ ਦੀ ਮਦਦ ਕਰਨ ’ਚ ਅਹਿਮ ਭੂਮਿਕਾ ਨਿਭਾਈ ਗਈ ਹੈ। ਉਨ੍ਹਾਂ ਕਿਹਾ ਕਿ ਵਿਸ਼ੇਸ਼ ਤੌਰ ’ਤੇ ਸਾਡੀਆਂ ਆਂਗਣਵਾੜੀ ਵਰਕਰਾਂ ਵੱਲੋਂ ਆਪਣੀ ਜਾਨ ਨੂੰ ਜੋਖਮ ’ਚ ਪਾ ਕੇ ਲੋਕਾਂ ਦੀਆਂ ਕੀਮਤੀ ਜਾਨਾਂ ਬਚਾਈਆਂ ਗਈਆਂ। ਉਨ੍ਹਾਂ ਆਂਗਣਵਾੜੀ ਵਰਕਰਾਂ ਨੂੰ ਅਪੀਲ ਕੀਤੀ ਕਿ ਉਹ ਗਰਭਵਤੀ ਔਰਤਾਂ, ਦੁੱਧ ਪਿਲਾਉਣ ਵਾਲੀਆਂ ਮਾਵਾਂ, ਕੁਪੋਸ਼ਿਤ ਬੱਚਿਆਂ ਵੱਲ ਹੋਰ ਧਿਆਨ ਦੇਣ।

ਇਸ ਮੌਕੇ ਬੋਲਦਿਆਂ ਵਿਭਾਗ ਦੇ ਪ੍ਰਮੁੱਖ ਸਕੱਤਰ ਰਾਜੀ ਪੀ. ਸ਼੍ਰੀਵਾਸਤਵਾ ਨੇ ਕਿਹਾ ਕਿ ਵਿਭਾਗ ਵੱਲੋਂ ਸ਼ੁਰੂ ਕੀਤੇ ਗਏ ਪੋਸ਼ਣ ਵਾਟਿਕਾ ਦੇ ਸਾਰਥਕ ਸਿੱਟੇ ਸਾਹਮਣੇ ਆ ਰਹੇ ਹਨ। ਉਨ੍ਹਾਂ ਅਧਿਕਾਰੀਆਂ ਨੂੰ ਅਪੀਲ ਕੀਤੀ ਕਿ ਉਹ ਆਂਗਣਵਾੜੀ ਕੇਂਦਰਾਂ ’ਚ ਫਲਦਾਰ ਰੁੱਖਾਂ ਦੇ ਨਾਲ-ਨਾਲ ਮੈਡੀਸਿਨਲ ਦਰੱਖਤ ਲਗਾਉਣ ਵੱਲ ਵੀ ਧਿਆਨ ਦੇਣ ਅਤੇ ਇਹ ਦਰੱਖਤ ਆਂਗਣਵਾੜੀ ਕੇਂਦਰ ਨੇੜਲੀਆਂ ਸਾਂਝੀਆਂ ਜ਼ਮੀਨਾਂ ’ਤੇ ਵੀ ਲਗਾਏ ਜਾਣ ਤਾਂ ਜੋ ਸਥਾਨਕ ਲੋਕਾਂ ਨੂੰ ਵੀ ਇਸ ਦਾ ਲਾਭ ਹੋ ਸਕੇ। ਅੱਜ ਦੇ ਇਸ ਸਮਾਗਮ ਦੌਰਾਨ ਡਿਜੀਟਲ ਪੇਰੈਂਟਸ ਮਾਰਗਦਰਸ਼ਕ ਰਿਪੋਰਟ ਵੀ ਜਾਰੀ ਕੀਤੀ ਗਈ। ਉਨ੍ਹਾਂ ਵਿਭਾਗ ਦੇ ਅਧਿਕਾਰੀਆਂ ਨੂੰ ਹਦਾਇਤ ਕੀਤੀ ਕਿ ਉਹ ਵਿਭਾਗ ਵੱਲੋਂ ਕੀਤੇ ਜਾ ਰਹੇ ਉਸਾਰੂ ਕੰਮਾਂ ਦਾ ਵੱਧ ਤੋਂ ਵੱਧ ਪ੍ਰਚਾਰ ਕਰਨ। ਇਸ ਮੌਕੇ ਵਧੀਆ ਕੰਮ ਕਰਨ ਵਾਲੇ ਜ਼ਿਲ੍ਹਿਆਂ ਦਾ ਵੀ ਸਨਮਾਨ ਕੀਤਾ ਗਿਆ।

ਬਿਹਤਰ ਕਾਰਗੁਜ਼ਾਰੀ ਵਿਖਾਉਣ ਵਾਲੀ ਸ਼੍ਰੇਣੀ ’ਚ ਪਹਿਲੇ ਨੰਬਰ ’ਤੇ ਰੂਪਨਗਰ ਜ਼ਿਲ੍ਹਾ ਰਿਹਾ, ਜਦਕਿ ਦੂਸਰੇ ’ਤੇ ਹੁਸ਼ਿਆਰਪੁਰ, ਤੀਸਰੇ ’ਤੇ ਜਲੰਧਰ ਅਤੇ ਚੌਥੇ ’ਤੇ ਫ਼ਾਜ਼ਿਲਕਾ ਰਿਹਾ। ਇਸੇ ਤਰ੍ਹਾਂ ਪੋਸ਼ਣ ਮਾਹ ਦੀਆਂ ਗਤੀਵਿਧੀਆਂ ਲਈ ਪਹਿਲੇ ਨੰਬਰ ’ਤੇ ਸਾਹਿਬਜ਼ਾਦਾ ਅਜੀਤ ਸਿੰਘ ਨਗਰ, ਦੂਜੇ ’ਤੇ ਫ਼ਿਰੋਜ਼ਪੁਰ, ਤੀਜੇ ’ਤੇ ਰੂਪਨਗਰ, ਚੌਥੇ ’ਤੇ ਮੁਕਤਸਰ ਅਤੇ ਜਲੰਧਰ ਪੰਜਵੇਂ ਸਥਾਨ ’ਤੇ ਰਿਹਾ। ਇਸੇ ਤਰ੍ਹਾਂ ਪ੍ਰਧਾਨ ਮੰਤਰੀ ਮਾਤਰੁਬੰਧਨਾ ਯੋਜਨਾ ’ਚ ਪਹਿਲੇ ਨੰਬਰ ’ਤੇ ਸਾਹਿਬਜ਼ਾਦਾ ਅਜੀਤ ਸਿੰਘ ਨਗਰ, ਦੂਜੇ ’ਤੇ ਮਾਨਸਾ, ਤੀਜੇ ’ਤੇ ਬਰਨਾਲਾ, ਚੌਥੇ ’ਤੇ ਫ਼ਰੀਦਕੋਟ ਅਤੇ ਪਠਾਨਕੋਟ ਪੰਜਵੇਂ ਸਥਾਨ ‘ਤੇ ਰਿਹਾ। ਇਸ ਮੌਕੇ ਹੋਰਨਾਂ ਤੋਂ ਇਲਾਵਾ ਡਾਇਰੈਕਟਰ ਸਮਾਜਿਕ ਸੁਰੱਖਿਆ, ਇਸਤਰੀ ਤੇ ਬਾਲ ਵਿਕਾਸ ਵਿਪੁਲ ਉਜਵਲ, ਜੁਆਇੰਟ ਡਾਇਰੈਕਟਰ ਵਿੰਮੀ ਭੁੱਲਰ ਅਤੇ ਵਿਭਾਗ ਦੇ ਹੋਰ ਅਧਿਕਾਰੀ ਹਾਜ਼ਰ ਸਨ।


Manoj

Content Editor

Related News