ਇਹ ਨਿਗਮ ਦਾ ਪਰਿਵਾਰਕ ਮਾਮਲਾ, ਮੇਅਰ ਕੋਲ ਹਨ ਅਸੀਮਤ ਅਧਿਕਾਰ: ਅਰੁਣ ਖੋਸਲਾ

10/08/2017 2:48:22 PM

ਫਗਵਾੜਾ(ਜਲੋਟਾ)— ਫਗਵਾੜਾ ਭਾਜਪਾ ਮੇਅਰ ਅਰੁਣ ਖੋਸਲਾ ਬਨਾਮ ਨਿਗਮ ਕਮਿਸ਼ਨਰ ਬਖਤਾਵਰ ਸਿੰਘ ਦੇ ਵਿਚਕਾਰ ਜਾਰੀ ਵਿਵਾਦ ਦੇ ਦੌਰਾਨ ਮੇਅਰ ਅਰੁਣ ਖੋਸਲਾ ਨੇ ਲੰਮੇ ਸਮੇਂ ਤੋਂ ਸੱਦੀ ਗਈ 'ਨੋਂ ਕੁਮੈਂਟਸ' ਵਾਲੀ ਚੁੱਪੀ ਨੂੰ ਤੋੜਦੇ ਹੋਏ ਅਜਿਹੇ ਸੰਕੇਤ ਦਿੱਤੇ ਹਨ ਕਿ ਉਕਤ ਮਾਮਲਾ 1-2 ਦਿਨਾਂ 'ਚ ਸੁਲਝ ਸਕਦਾ ਹੈ। 'ਜਗ ਬਾਣੀ' ਨਾਲ ਵਿਸ਼ੇਸ਼ ਗੱਲਬਾਤ ਦੌਰਾਨ ਮੇਅਰ ਅਰੁਣ ਖੋਸਲਾ ਨੇ ਵੱਡਾ ਦਾਅਵਾ ਕਰਦੇ ਹੋਏ ਕਿਹਾ, ''ਉਕਤ ਸਾਰਾ ਵਿਵਾਦ ਜਲਦ ਸੁਲਝ ਜਾਵੇਗਾ। ਇਹ ਨਿਗਮ ਦਾ ਪਰਿਵਾਰਕ ਮਾਮਲਾ ਹੈ ਅਤੇ ਜੋ ਕੁਝ ਉਨ੍ਹਾਂ ਬਤੌਰ ਮੇਅਰ ਕੀਤਾ ਹੈ, ਉਸ ਦੇ ਲਈ ਉਹ ਪੂਰੀ ਤਰ੍ਹਾਂ ਜ਼ਿੰਮੇਵਾਰ ਹਨ। ਇਸ ਲਈ ਕਿਸੇ ਤੋਂ ਪੁੱਛਣ ਦੀ ਜ਼ਰੂਰਤ ਨਹੀਂ। ਮੇਅਰ ਦੇ ਕੋਲ ਸੀਮਤ ਅਧਿਕਾਰ ਹੁੰਦੇ ਹਨ, ਜਿਸ ਦਾ ਪ੍ਰਯੋਗ ਉਨ੍ਹਾਂ ਨੇ ਇਕ ਮਾਮਲੇ ਵਿਚ ਕਰਕੇ ਦਿਖਾਇਆ ਹੈ।'' 
ਮੇਰੇ ਖਿਲਾਫ ਕਿਸ ਨੇ ਅਤੇ ਕਿਉਂ ਸ਼ਿਕਾਇਤ ਕਰਵਾਈ, ਮੈਨੂੰ ਹੈ ਪੂਰੀ ਜਾਣਕਾਰੀ
ਮੇਅਰ ਅਰੁਣ ਖੋਸਲਾ ਨੇ ਕਿਹਾ ਕਿ ਉਨ੍ਹਾਂ ਦੇ ਖਿਲਾਫ ਨਿਗਮ ਕਮਿਸ਼ਨਰ ਬਖਤਾਵਰ ਸਿੰਘ ਨਾਲ ਕਿਸ ਨੇ ਅਤੇ ਕਿਉਂ ਸ਼ਿਕਾਇਤ ਕਰਵਾਈ, ਉਸ ਦੀ ਪੂਰੀ ਜਾਣਕਾਰੀ ਉਨ੍ਹਾਂ ਦੇ ਕੋਲ ਮੌਜੂਦ ਹੈ। ਇਕ ਸਵਾਲ ਦੇ ਜਵਾਬ ਵਿਚ ਮੇਅਰ ਅਰੁਣ ਖੋਸਲਾ ਨੇ ਕਿਹਾ ਕਿ ਉਨ੍ਹਾਂ ਨੇ ਵੀ ਆਪਣਾ ਪੱਖ ਰੱਖਦੇ ਹੋਏ ਚੰਡੀਗੜ੍ਹ ਨਾਲ ਸੰਬੰਧਤ ਸੀਨੀਅਰ ਅਧਿਕਾਰੀਆਂ ਦੇ ਧਿਆਨ ਵਿਚ ਸਾਰਾ ਮਾਮਲਾ ਲਿਆ ਦਿੱਤਾ ਹੈ। ਇਹ ਪੁੱਛਣ 'ਤੇ ਕਿ ਕੀ ਉਹ ਹੁਣ ਨਿਗਮ ਕਮਿਸ਼ਨਰ ਦਫਤਰ ਹੁਣ ਖਾਲੀ ਕਰਨ ਜਾ ਰਹੇ ਹਨ, ਉਨ੍ਹਾਂ ਨੇ ਇਸ 'ਤੇ ਟਿੱਪਣੀ ਕਰਨ ਤੋਂ ਸਾਫ ਮਨ੍ਹਾ ਕਰ ਦਿੱਤਾ। ਫਿਰ ਦੁਹਰਾਇਆ ਕਿ ਇਹ ਨਿਗਮ ਦਾ ਪਰਿਵਾਰਕ ਮਾਮਲਾ ਹੈ ਤੇ ਸਾਰਾ ਵਿਵਾਦ ਜਲਦ ਸੁਲਝ ਜਾਵੇਗਾ।


Related News