ਆਰਟੀਫੀਸ਼ੀਅਲ ਕੋਕੇ ਰੱਖ ਅਸਲੀ ਚੁੱਕ ਕੇ ਲਿਜਾਣ ਵਾਲਾ ਜੋੜਾ ਅੜਿੱਕੇ

Friday, Jul 28, 2017 - 07:10 AM (IST)

ਆਰਟੀਫੀਸ਼ੀਅਲ ਕੋਕੇ ਰੱਖ ਅਸਲੀ ਚੁੱਕ ਕੇ ਲਿਜਾਣ ਵਾਲਾ ਜੋੜਾ ਅੜਿੱਕੇ

ਜਲੰਧਰ, (ਪ੍ਰੀਤ)- ਲਾਲ ਬਾਜ਼ਾਰ ਦੇ ਜਿਊਲਰੀ ਸ਼ਾਪ ਤੋਂ ਧੋਖੇ ਨਾਲ ਸੋਨੇ ਦੇ ਕੋਕੇ ਉਡਾ ਲਿਜਾਣ ਵਾਲੇ ਪਤੀ-ਪਤਨੀ ਨੂੰ ਅੱਜ ਸੀ. ਆਈ. ਏ. ਸਟਾਫ-1 ਦੀ ਪੁਲਸ ਨੇ ਕਾਬੂ ਕਰ ਲਿਆ। ਦੋਸ਼ੀ ਪਤੀ-ਪਤਨੀ ਕੋਲੋਂ ਪੁਲਸ ਨੇ ਆਰਟੀਫੀਸ਼ੀਅਲ ਕੋਕੇ ਬਰਾਮਦ ਕੀਤੇ ਹਨ। ਖੁਲਾਸਾ ਹੋਇਆ ਹੈ ਕਿ ਦੋਵਾਂ ਨੇ ਸੋਨੇ ਦੇ ਕੋਕੇ ਹੁਸ਼ਿਆਰਪੁਰ ਦੇ ਜਿਊਲਰ ਨੂੰ  ਕਰੀਬ 1 ਲੱਖ ਰੁਪਏ 'ਚ ਵੇਚੇ ਹਨ। ਪੁਲਸ ਉਕਤ ਜਿਊਲਰ ਦੀ ਤਲਾਸ਼ ਕਰ ਰਹੀ ਹੈ। 
ਜਾਣਕਾਰੀ ਮੁਤਾਬਕ ਕੁਝ ਮਹੀਨੇ ਪਹਿਲਾਂ ਲਾਲ ਬਾਜ਼ਾਰ 'ਚ ਸਥਿਤ ਗਣੇਸ਼ ਜਿਊਲਰ ਸ਼ਾਪ 'ਤੇ ਪਤੀ-ਪਤਨੀ ਆਪਣੇ ਬੱਚੇ ਦੇ ਨਾਲ ਆਏ ਸਨ। ਜਿਨ੍ਹਾਂ ਨੇ ਸੋਨੇ ਦੇ ਕੋਕੇ ਤੇ ਬ੍ਰੈਸਲੇਟ ਦਿਖਾਉਣ ਨੂੰ ਕਿਹਾ। ਜਿਊਲਰ ਦੀ ਅੱਖ ਬਚਾ ਕੇ ਉਕਤ ਪਤੀ-ਪਤਨੀ ਨੇ ਸੋਨੇ ਦੇ ਕੋਕੇ ਚੋਰੀ ਕਰ ਲਏ ਤੇ ਉਸਦੀ ਜਗ੍ਹਾ 'ਤੇ ਆਰਟੀਫੀਸ਼ੀਅਲ ਕੋਕੇ ਰੱਖ ਦਿੱਤੇ। ਘਟਨਾ ਦਾ ਖੁਲਾਸਾ ਹੋਣ 'ਤੇ ਕੇਸ ਦਰਜ ਕੀਤਾ ਗਿਆ ਅਤੇ ਮਾਮਲੇ ਦੀ ਜਾਂਚ ਸੀ.ਆਈ.ਏ. ਸਟਾਫ -1 ਦੇ ਇੰਸਪੈਕਟਰ ਅਜੇ ਸਿੰਘ ਦੀ ਅਗਵਾਈ 'ਚ ਏ.ਐੱਸ.ਆਈ. ਮੋਹਨ ਸਿੰਘ ਨੇ ਸ਼ੁਰੂ ਕੀਤੀ। ਜਾਂਚ ਦੌਰਾਨ ਪੁਲਸ ਟੀਮ ਨੇ ਗੁਪਤ ਸੂਚਨਾ ਦੇ ਆਧਾਰ 'ਤੇ ਕਾਰਵਾਈ ਕਰਦੇ ਹੋਏ ਜੋਗਿੰਦਰ ਸਿੰਘ ਉਰਫ ਸੋਨੂੰ ਪੁੱਤਰ ਪਾਲ ਸਿੰਘ ਵਾਸੀ ਭਵਾਨੀ ਨਗਰ, ਹੁਸ਼ਿਆਰਪੁਰ ਤੇ ਉਸਦੀ ਪਤਨੀ ਸੋਨੀਆ ਨੂੰ ਗ੍ਰਿਫਤਾਰ ਕਰ ਲਿਆ। 
ਦੋਸ਼ੀਆਂ ਕੋਲੋਂ 20 ਆਰਟੀਫੀਸ਼ੀਅਲ ਕੋਕੇ ਬਰਾਮਦ ਕੀਤੇ ਗਏ ਹਨ। ਦੋਸ਼ੀਆਂ ਤੋਂ ਪੁੱਛਗਿੱਛ 'ਚ ਖੁਲਾਸਾ ਹੋਇਆ ਕਿ ਦੋਵਾਂ ਨੇ ਸੋਨੇ ਦੇ ਕੋਕੇ ਗਣੇਸ਼ ਜਿਊਲਰ ਤੋਂ ਉਡਾ ਕੇ ਹੁਸ਼ਿਆਰਪੁਰ ਦੇ ਜਿਊਲਰ ਰੋਮੀ ਵਰਮਾ ਉਰਫ ਜੋਲਟ ਪੁੱਤਰ ਤਰਸੇਮ ਵਰਮਾ ਵਾਸੀ ਕਮੇਟੀ ਬਾਜ਼ਾਰ, ਹੁਸ਼ਿਆਰਪੁਰ ਨੂੰ ਵੇਚ ਦਿੱਤੇ ਸਨ। ਪੁਲਸ ਰੋਮੀ ਵਰਮਾ ਦੀ ਭਾਲ ਕਰ ਰਹੀ ਹੈ।
ਬਜ਼ੁਰਗ ਜਿਊਲਰ ਨੂੰ ਦਿੱਤਾ ਝਾਂਸਾ, ਚਲਾਕੀ ਨਾਲ ਬਦਲ ਦਿੱਤੇ ਸੋਨੇ ਦੇ ਕੋਕੇ- ਪੁਲਸ ਦੇ ਮੁਤਾਬਕ ਠੱਗ ਪਤੀ-ਪਤਨੀ ਜਦੋਂ ਗਣੇਸ਼ ਜਿਊਲਰ 'ਤੇ ਗਏ ਤਾਂ ਉਥੇ ਬਜ਼ੁਰਗ ਵਿਅਕਤੀ ਬੈਠੇ ਸਨ। ਦੋਵਾਂ ਦੇ ਨਾਲ ਇਨ੍ਹਾਂ ਦਾ ਬੱਚਾ ਵੀ ਸੀ। ਵੈੱਲ ਸੂਟ-ਬੂਟ ਹੋਣ ਕਾਰਨ ਬਜ਼ੁਰਗ ਜਿਊਲਰ ਨੂੰ ਕੋਈ ਸ਼ੱਕ ਨਹੀਂ ਹੋਇਆ। ਦੋਵਾਂ ਨੇ ਬੇਹੱਦ ਚਲਾਕੀ ਨਾਲ ਸੋਨੇ ਦੇ ਕੋਕੇ ਬਦਲ ਕੇ ਆਰਟੀਫੀਸ਼ੀਅਲ ਕੋਕੇ ਰੱਖ ਦਿੱਤੇ। ਵਾਰਦਾਤ ਦਾ ਖੁਲਾਸਾ ਸੀ.ਸੀ.ਟੀ.ਵੀ. ਫੁਟੇਜ ਤੋਂ ਹੋਇਆ।
ਯੂ-ਟਿਊਬ 'ਤੇ ਮਚਾ ਰਹੀ ਹੈ ਧਮਾਲ ਜੋਗਿੰਦਰ ਤੇ ਸੋਨੀਆ ਦੀ ਕਰਤੂਤ- ਪਤਾ ਲੱਗਾ ਹੈ ਕਿ ਜੋਗਿੰਦਰ ਤੇ ਸੋਨੀਆ ਦੀ ਕਰਤੂਤ ਅੱਜ ਕੱਲ ਯੂ-ਟਿਊਬ 'ਤੇ ਧਮਾਲ ਮਚਾ ਰਹੀ ਹੈ। ਜਿਊਲਰੀ ਸ਼ਾਪ 'ਤੇ ਲੱਗੇ ਕੈਮਰੇ ਵਿਚੋਂ ਪਤੀ-ਪਤਨੀ ਦੀ ਫੁਟੇਜ ਕਢਵਾਈ ਗਈ। ਫੁਟੇਜ ਪੁਲਸ ਨੂੰ ਦੇਣ ਦੇ ਨਾਲ ਨਾਲ ਕਿਸੇ ਨੇ ਯੂ-ਟਿਊਬ 'ਤੇ ਵੀ ਪਾ ਦਿੱਤੀ। ਯੂ-ਟਿਊਬ 'ਤੇ ਸਰਚ ਵਿਚ 'ਜਿਊਲਰੀ ਸਟੀਲਿੰਗ ਬਾਏ ਏ ਠੱਗ' ਲਿਖਦਿਆਂ ਹੀ ਸਭ ਤੋਂ ਪਹਿਲਾਂ ਕਲਿਪ ਉਕਤ ਪਤੀ-ਪਤਨੀ ਦੀ ਸਾਹਮਣੇ ਆਉਂਦੀ ਹੈ। ਜਿਸ ਵਿਚ ਸਾਫ ਦੇਖਿਆ ਜਾ ਸਕਦਾ ਹੈ ਕਿ ਉਸ ਨੇ ਕਿਸ ਚਲਾਕੀ ਨਾਲ ਠੱਗੀ ਕੀਤੀ ਹੈ।


Related News