ਕਿਸਾਨ ਦੀ ਜ਼ਮੀਨ ''ਤੇ ਧਾਰਾ 145 ਖਿਲਾਫ ਯੂਨੀਅਨਾਂ ਨੇ ਦਿੱਤਾ ਧਰਨਾ
Wednesday, Jan 31, 2018 - 12:33 PM (IST)

ਬੁਢਲਾਡਾ (ਮਨਚੰਦਾ, ਮਨਜੀਤ, ਬਾਂਸਲ) - ਭਾਰਤੀ ਕਿਸਾਨ ਯੂਨੀਅਨ ਏਕਤਾ (ਡਕੌਂਦਾ) ਤੇ (ਸਿੱਧੂਪੁਰ) ਵੱਲੋਂ ਖੜ੍ਹੀ ਫਸਲ 'ਤੇ ਲਾਈ ਗਈ ਧਾਰਾ 145 ਖਿਲਾਫ ਐੱਸ. ਡੀ. ਐੱਮ. ਦੇ ਦਫਤਰ ਦੇ ਬਾਹਰ ਧਰਨਾ ਦੇ ਕੇ ਨਾਅਰੇਬਾਜ਼ੀ ਕੀਤੀ। ਇਸ ਮੌਕੇ ਧਰਨੇ ਨੂੰ ਸੰਬੋਧਨ ਕਰਦਿਆਂ (ਡਕੌਂਦਾ) ਦੇ ਜ਼ਿਲਾ ਪ੍ਰਧਾਨ ਮਹਿੰਦਰ ਸਿੰਘ ਦਿਆਲਪੁਰਾ ਨੇ ਕਿਹਾ ਕਿ 12 ਏਕੜ ਜ਼ਮੀਨ ਦਾ ਮੁਕੱਦਮਾ ਐੱਸ. ਡੀ. ਐੱਮ. ਦੀ ਅਦਾਲਤ 'ਚ ਚੱਲ ਰਿਹਾ ਹੈ ਪਰ ਉਪਰੋਕਤ ਜ਼ਮੀਨ ਨੂੰ ਠੇਕੇ 'ਤੇ ਲੈਣ ਵਾਲੇ ਕਿਸਾਨ ਜਗਸੀਰ ਸਿੰਘ ਨੇ ਉਥੇ ਕਣਕ ਦੀ ਬੀਜਾਈ ਕੀਤੀ ਹੋਈ ਹੈ, ਜਿਸ ਦਾ ਠੇਕਾ ਉਪਰੋਕਤ ਕਿਸਾਨ ਵੱਲੋਂ 50 ਹਜ਼ਾਰ ਰੁਪਏ ਪ੍ਰਤੀ ਏਕੜ ਦੇ ਹਿਸਾਬ ਨਾਲ ਇਕ ਧਿਰ ਨੂੰ ਦਿੱਤਾ ਪਰ ਐੱਸ. ਡੀ. ਐੱਮ. ਅਦਾਲਤ ਵੱਲੋਂ ਧਾਰਾ 145 ਲਾ ਕੇ ਜ਼ਮੀਨ 'ਤੇ ਤਹਿਸੀਲਦਾਰ ਨੂੰ ਨਿਗਰਾਨ ਨਿਯੁਕਤ ਕਰ ਦਿੱਤਾ ਗਿਆ, ਜਿਸ ਕਾਰਨ ਠੇਕੇ ਵਾਲੇ ਕਿਸਾਨ ਦੀ ਫਸਲ ਅੱਧ ਵਿਚਕਾਰ ਰੁਕ ਗਈ, ਦਾ ਭਾਰਤੀ ਕਿਸਾਨ ਯੂਨੀਅਨਾਂ ਵੱਲੋਂ ਸਖਤ ਵਿਰੋਧ ਕੀਤਾ ਜਾ ਰਿਹਾ ਹੈ।
ਉਨ੍ਹਾਂ ਕਿਹਾ ਕਿ ਗਰੀਬ ਕਿਸਾਨ ਨੇ ਕਣਕ ਬੀਜ ਕੇ ਉਸ 'ਤੇ ਹਜ਼ਾਰਾਂ ਰੁਪਏ ਦੀ ਲਾਗਤ ਖਰਚ ਕਰ ਦਿੱਤੀ ਹੈ, ਜੋ ਸਰਾਸਰ ਬੇ-ਇਨਸਾਫੀ ਹੈ। ਯੂਨੀਅਨ ਏਕਤਾ (ਸਿੱਧੂਪੁਰ) ਦੇ ਜ਼ਿਲਾ ਆਗੂ ਗੁਰਚਰਨ ਸਿੰਘ ਭੀਖੀ ਨੇ ਕਿਹਾ ਕਿ ਜਿੰਨੀ ਦੇਰ ਤੱਕ ਸਬੰਧਤ ਕਿਸਾਨ ਨੂੰ ਉਸ ਦੀ ਫਸਲ ਵਾਪਸ ਨਹੀਂ ਕੀਤੀ ਜਾਂਦੀ, ਓਨੀ ਦੇਰ ਯੂਨੀਅਨ ਦਾ ਸੰਘਰਸ਼ ਜਾਰੀ ਰਹੇਗਾ, ਜਿਸ ਦੀ ਜ਼ਿੰਮੇਵਾਰੀ ਸਥਾਨਕ ਪ੍ਰਸ਼ਾਸਨ ਦੀ ਹੋਵੇਗੀ। ਇਸ ਮੌਕੇ ਡਕੌਂਦਾ ਦੇ ਗੁਰਤੇਜ ਸਿੰਘ ਬਰ੍ਹੇ, ਧਰਮ ਸਿੰਘ ਬਰ੍ਹੇ, ਜੀਤ ਸਿੰਘ ਕੁਲਰੀਆ, ਗਮਦੂਰ ਸਿੰਘ ਮੰਦਰਾ ਆਦਿ ਨੇ ਸੰਬੋਧਨ ਕੀਤਾ।