ਇਰਾਦਾ-ਏ-ਕਤਲ ਕੇਸ ’ਚ ਬਲਾਕ ਸੰਮਤੀ ਮੈਂਬਰ ਸਣੇ 2 ਗ੍ਰਿਫਤਾਰ

Wednesday, Jul 18, 2018 - 05:33 AM (IST)

ਇਰਾਦਾ-ਏ-ਕਤਲ ਕੇਸ ’ਚ ਬਲਾਕ ਸੰਮਤੀ ਮੈਂਬਰ ਸਣੇ 2 ਗ੍ਰਿਫਤਾਰ

ਲਾਂਬੜਾ, (ਵਰਿੰਦਰ)- ਸਥਾਨਕ ਪੁਲਸ ਵੱਲੋਂ ਕਰੀਬ 6 ਸਾਲ ਪਹਿਲਾਂ ਦਰਜ ਕੀਤੇ ਗਏ ਇਕ ਇਰਾਦਾ-ਏ-ਕਤਲ ਕੇਸ ਵਿਚ ਭਗੌੜਾ ਐਲਾਨੇ ਗਏ ਇਕ ‘ਆਪ’ ਆਗੂ ਤੇ ਬਲਾਕ ਸੰਮਤੀ ਮੈਂਬਰ ਸਣੇ 2  ਿਵਅਕਤੀਅਾਂ ਨੂੰ ਅੱਜ ਗ੍ਰਿਫਤਾਰ ਕੀਤਾ ਗਿਆ ਹੈ।
ਇਸ ਸਬੰਧੀ ਦਿਗਵਿਜੇ ਕਪਿਲ ਡੀ. ਐੱਸ. ਪੀ. ਕਰਤਾਰਪੁਰ ਨੇ ਦੱਸਿਆ ਕਿ 11 ਦਸੰਬਰ 2012 ਨੂੰ ਪਰਮਜੀਤ ਲਾਲ ਪੁੱਤਰ ਸੁਰਿੰਦਰ ਪਾਲ ਆਪਣੇ ਭਰਾ ਨਾਲ ਘਰ ਵਿਚ ਮੌਜੂਦ ਸੀ ਤਾਂ ਕੁਝ ਲੋਕਾਂ ਵੱਲੋਂ ਪਰਮਜੀਤ ਲਾਲ ਦੇ ਭਰਾ ਦੀ ਕੁੱਟ-ਮਾਰ ਕਰ ਦਿੱਤੀ ਗਈ ਸੀ। ਮੁਲਜ਼ਮ  ਉਸ ਦੀ ਜੇਬ ਵਿਚੋਂ 25 ਹਜ਼ਾਰ ਦੀ ਨਕਦੀ ਵੀ ਕੱਢ ਕੇ ਲੈ ਗਏ। ਘਟਨਾ ਦੀ ਸੂਚਨਾ ਦੇਣ ਲਈ ਉਹ ਲਾਂਬੜਾ ਥਾਣੇ ਗਏ ਸਨ ਤਾਂ ਪਿੱਛਿਓਂ ਹਮਲਾਵਰਾਂ ਨੇ ਫਿਰ ਕਿਰਪਾਨਾਂ ਤੇ ਬੇਸਬੈਟਾਂ ਆਦਿ ਨਾਲ ਮੁੱਦਈ ਦੀ ਪਤਨੀ ਜੀਨਤ ਤੇ ਮਾਤਾ ਬਲਵਿੰਦਰ ਕੌਰ ਦੇ ਵੀ ਸੱਟਾਂ ਮਾਰ ਦਿੱਤੀਆਂ। ਇਸ ’ਤੇ ਪੁਲਸ ਨੇ ਕਰੀਬ ਇਕ ਦਰਜਨ ਤੋਂ ਵੱਧ ਮੁਲਜ਼ਮਾਂ ’ਤੇ ਇਰਾਦਾ-ਏ-ਕਤਲ ਸਮੇਤ ਕਈ ਹੋਰ ਧਾਰਾਵਾਂ ਤਹਿਤ ਕੇਸ ਦਰਜ ਕੀਤਾ ਸੀ। ਡੀ. ਐੱਸ. ਪੀ. ਦਿਗਵਿਜੇ ਨੇ ਦੱਸਿਆ 9 ਅਪ੍ਰੈਲ 2018 ਨੂੰ ਅਦਾਲਤ ਵਿਚ ਪੇਸ਼ ਨਾ ਹੋਣ ਕਾਰਨ ਅਦਾਲਤ ਵੱਲੋਂ ਜਸਪਾਲ ਸਿੰਘ ਸੰਮਤੀ ਮੈਂਬਰ, ਮੰਗਤ ਰਾਮ, ਬੱਬੂ ਤੇ ਰਿੰਕੂ ਨੂੰ ਭਗੌੜਾ ਐਲਾਨ ਕਰ ਦਿੱਤਾ ਗਿਆ ਸੀ। ਥਾਣਾ ਮੁਖੀ ਪੁਸ਼ਪ ਬਾਲੀ ਵੱਲੋਂ ਕੇਸ ਦੀ ਤਫਤੀਸ਼ ਦੌਰਾਨ ਜਸਪਾਲ ਸਿੰਘ ਵਾਸੀ ਕੁਰਾਲੀ ਮੈਂਬਰ ਬਲਾਕ ਸੰਮਤੀ ਤੇ ਮੁਲਜ਼ਮ ਸੰਦੀਪ ਕੁਮਾਰ ਨੂੰ ਅੱਜ ਗ੍ਰਿਫਤਾਰ ਕਰ ਲਿਆ ਗਿਆ , ਜਦਕਿ ਮੁਲਜ਼ਮ ਮੰਗਤ ਰਾਮ ਬੱਬੂ ਦੀ ਭਾਲ ਜਾਰੀ ਹੈ।
ਕੇਸ ਦੀ ਪੈਰਵਾਈ ਕਰਨ ਦਾ ਮੌਕਾ ਹੀ ਨਹੀਂ ਦਿੱਤਾ : ਜਸਪਾਲ ਸਿੰਘ ਸੰਮਤੀ ਮੈਂਬਰ
ਇਸ ਸਬੰਧੀ ਜਸਪਾਲ ਸਿੰਘ ਸੰਮਤੀ ਮੈਂਬਰ ਨੇ ਆਖਿਆ ਕਿ ਪਹਿਲਾਂ ਹੋਈ ਜਾਂਚ ਵਿਚ ਕੇਸ ਵਿਚੋਂ ਉਸ ਦਾ ਨਾਂ ਹਟਾ ਦਿੱਤਾ  ਗਿਆ ਸੀ। ਉਸ ਤੋਂ ਬਾਅਦ ਅੱਜ ਤਕ ਉਨ੍ਹਾਂ ਨੂੰ ਕੇਸ ਸਬੰਧੀ ਕੋਈ ਸੂਚਨਾ ਜਾਂ ਨੋਟਿਸ ਨਹੀਂ ਦਿੱਤਾ ਗਿਆ, ਜਿਸ ਕਾਰਨ ਨਾ ਤਾਂ ਉਹ ਆਪਣਾ ਪੱਖ ਰੱਖ ਸਕੇ ਅਤੇ ਨਾ ਹੀ ਕੇਸ ਦੀ ਪੈਰਵਾਈ ਕਰ ਸਕੇ। 


Related News