ਮੰਦਰ ’ਚ ਕੁੜੀ ਦਾ ਗਲ਼ਾ ਵੱਢਣ ਵਾਲਾ ਦਰਿੰਦਾ ਗ੍ਰਿਫ਼ਤਾਰ, ਵਾਰਦਾਤ ’ਚ ਹੋਇਆ ਵੱਡਾ ਖ਼ੁਲਾਸਾ

Monday, Sep 11, 2023 - 06:38 PM (IST)

ਮੰਦਰ ’ਚ ਕੁੜੀ ਦਾ ਗਲ਼ਾ ਵੱਢਣ ਵਾਲਾ ਦਰਿੰਦਾ ਗ੍ਰਿਫ਼ਤਾਰ, ਵਾਰਦਾਤ ’ਚ ਹੋਇਆ ਵੱਡਾ ਖ਼ੁਲਾਸਾ

ਅਬੋਹਰ (ਸੁਨੀਲ ਨਾਗਪਾਲ) : ਸਥਾਨਕ ਫਾਜ਼ਿਲਕਾ ਰੋਡ ’ਤੇ ਸਥਿਤ ਜੋੜੀ ਮੰਦਰ ਵਿਚ ਆਪਣੀ ਮਾਂ ਨਾਲ ਮੱਥਾ ਟੇਕਣ ਆਈ ਇਕ ਨੌਜਵਾਨ ਕੁੜੀ ਦਾ ਗਲ਼ਾ ਵੱਢਣ ਦੇ ਮਾਮਲੇ ਵਿਚ ਵੱਡਾ ਖੁਲਾਸਾ ਹੋਇਆ ਹੈ। ਕੁੜੀ ਦਾ ਗਲ਼ਾ ਵੱਢਣ ਵਾਲੇ ਮੁਲਜ਼ਮ ਨੂੰ ਪੁਲਸ ਨੇ ਕੁੱਝ ਘੰਟਿਆਂ ਵਿਚ ਹੀ ਗ੍ਰਿਫ਼ਤਾਰ ਕਰ ਲਿਆ ਹੈ। ਲੜਕੀ ਦਾ ਗਲ਼ਾ ਉਸ ਦੇ ਕਥਿਤ ਪ੍ਰੇਮੀ ਵਲੋਂ ਤੇਜ਼ਧਾਰ ਚਾਕੂ ਨਾਲ ਵੱਢਿਆ ਗਿਆ ਸੀ। ਲੜਕੀ ਬੁਰੀ ਤਰ੍ਹਾਂ ਜ਼ਖਮੀ ਹੋ ਗਈ ਅਤੇ ਅਬੋਹਰ ਦੇ ਸਿਵਲ ਹਸਪਤਾਲ ’ਚ ਮੁੱਢਲੀ ਸਹਾਇਤਾ ਤੋਂ ਬਾਅਦ ਉਸ ਨੂੰ ਸ਼੍ਰੀਗੰਗਾਨਗਰ ਦੇ ਹਸਪਤਾਲ ’ਚ ਦਾਖਲ ਕਰਵਾਇਆ ਗਿਆ। ਲੜਕੀ ਦੀ ਪਛਾਣ ਹਰਸ਼ਿਤਾ ਉਰਫ਼ ਸੰਨੀ (22) ਵਾਸੀ ਅਬੋਹਰ ਦੀ ਈਦਗਾਹ ਬਸਤੀ ਵਜੋਂ ਹੋਈ ਹੈ। 

ਇਹ ਵੀ ਪੜ੍ਹੋ : ਰਾਜਾ ਵੜਿੰਗ ਨੂੰ ਲੈ ਕੇ ਮੁੱਖ ਮੰਤਰੀ ਭਗਵੰਤ ਮਾਨ ਦਾ ਵੱਡਾ ਬਿਆਨ

ਕਤਲ ਦੀ ਕੋਸ਼ਿਸ਼ ਦੇ ਦੋਸ਼ ਵਿਚ ਫੜੇ ਗਏ ਨੌਜਵਾਨ ਸਾਜਨ ਵੀ ਈਦਗਾਹ ਬਸਤੀ ਦਾ ਵਸਨੀਕ ਹੈ। ਇਸ ਘਟਨਾ ਸਬੰਧੀ ਅੱਜ ਬਾਅਦ ਦੁਪਹਿਰ ਅਬੋਹਰ ਵਿਖੇ ਪ੍ਰੈਸ ਕਾਨਫਰੰਸ ਨੂੰ ਸੰਬੋਧਨ ਕਰਦਿਆਂ ਫਾਜ਼ਿਲਕਾ ਦੇ ਐੱਸ.ਪੀ.(ਡੀ) ਮਨਜੀਤ ਸਿੰਘ ਨੇ ਦੱਸਿਆ ਕਿ ਹਰਸ਼ਿਤਾ ਦੀ ਮਾਤਾ ਰੇਖਾ ਰਾਣੀ (ਪਤਨੀ ਰਾਜੇਸ਼) ਵੱਲੋਂ ਦਿੱਤੇ ਬਿਆਨਾਂ ਦੇ ਆਧਾਰ ’ਤੇ ਸਾਜਨ ਖ਼ਿਲਾਫ਼ ਕਤਲ ਦੀ ਕੋਸ਼ਿਸ਼ ਦਾ ਕੇਸ ਦਰਜ ਕੀਤਾ ਗਿਆ ਹੈ। ਉਨ੍ਹਾਂ ਦੱਸਿਆ ਕਿ ਹਰਸ਼ਿਤਾ ਦੀ ਹਾਲਤ ਕਾਫੀ ਨਾਜ਼ੁਕ ਬਣੀ ਹੋਈ ਹੈ। ਉਸ ਦਾ ਗਲਾ ਬੁਰੀ ਤਰ੍ਹਾਂ ਵੱਢਿਆ ਗਿਆ ਹੈ। ਉਸ ਦਾ ਸ਼੍ਰੀਗੰਗਾਨਗਰ ਦੇ ਇਕ ਹਸਪਤਾਲ ਵਿਚ ਇਲਾਜ ਚੱਲ ਰਿਹਾ ਹੈ।

ਇਹ ਵੀ ਪੜ੍ਹੋ : ਫਾਜ਼ਿਲਕਾ ’ਚ ਰੌਂਗਟੇ ਖੜ੍ਹੇ ਕਰਨ ਵਾਲੀ ਵਾਰਦਾਤ, ਮਾਂ ਨਾਲ ਮੰਦਰ ਆਈ ਕੁੜੀ ਦਾ ਨੌਜਵਾਨ ਨੇ ਵੱਢਿਆ ਗਲਾ

ਸਾਜਨ ਨੂੰ ਪੁਲਸ ਨੇ 2 ਘੰਟੇ ਦੇ ਅੰਦਰ ਹੀ ਫੜ ਲਿਆ ਸੀ। ਉਸ ਦੀ ਸੂਚਨਾ ’ਤੇ ਵਾਰਦਾਤ ’ਚ ਵਰਤਿਆ ਗਿਆ ਚਾਕੂ ਵੀ ਬਰਾਮਦ ਕਰ ਲਿਆ ਗਿਆ ਹੈ। ਐੱਸ. ਪੀ. (ਡੀ) ਮਨਜੀਤ ਸਿੰਘ ਨੇ ਦੱਸਿਆ ਕਿ ਇਹ ਘਟਨਾ ਅੱਜ ਸਵੇਰੇ ਸਾਢੇ 10 ਵਜੇ ਦੇ ਕਰੀਬ ਜੋੜੀ ਮੰਦਰ ਵਿਖੇ ਵਾਪਰੀ। ਹਰਸ਼ਿਤਾ ਮਾਂ ਰੇਖਾ ਨਾਲ ਮੰਦਰ 'ਚ ਪੂਜਾ ਕਰਨ ਗਈ ਸੀ। ਇਸ ਦੌਰਾਨ ਸਾਜਨ ਉਥੇ ਆ ਗਿਆ ਅਤੇ ਹਰਸ਼ਿਤਾ ਨੂੰ ਬੁਲਾ ਕੇ ਉਸ ਦੀ ਗੱਲ ਸੁਣਨ ਲਈ ਮੰਦਰ ਦੇ ਇਕ ਪਾਸੇ ਆਉਣ ਲਈ ਕਿਹਾ। ਜਦੋਂ ਹਰਸ਼ਿਤਾ ਸਾਜਨ ਕੋਲ ਗਈ ਤਾਂ ਉਸ ਦੀ ਗੱਲ ਸੁਣਨ ਤੋਂ ਪਹਿਲਾਂ ਹੀ ਉਸ ਨੇ ਅਚਾਨਕ ਉਸ ਦਾ ਮੂੰਹ ਫੜ੍ਹ ਲਿਆ ਅਤੇ ਤੇਜ਼ਧਾਰ ਚਾਕੂ ਨਾਲ ਉਸ ਦੀ ਗਰਦਨ ’ਤੇ ਵਾਰ ਕਰ ਦਿੱਤਾ। ਫਿਰ ਸਾਜਨ ਉਥੋਂ ਭੱਜ ਗਿਆ। ਐੱਸ. ਪੀ. (ਡੀ) ਨੇ ਦੱਸਿਆ ਕਿ ਘਟਨਾ ਦੀ ਸੂਚਨਾ ਮਿਲਦਿਆਂ ਹੀ ਉਹ ਤੁਰੰਤ ਫਾਜ਼ਿਲਕਾ ਤੋਂ ਅਬੋਹਰ ਲਈ ਰਵਾਨਾ ਹੋ ਗਏ। ਅਬੋਹਰ ਦੇ ਡੀ. ਐੱਸ. ਪੀ ਅਰੁਣ ਕੁਮਾਰ, ਬੱਲੂਆਣਾ ਦੇ ਡੀ. ਐੱਸ. ਪੀ ਅਵਤਾਰ ਸਿੰਘ, ਅਬੋਹਰ ਸਿਟੀ ਥਾਣਾ ਇੰਚਾਰਜ ਇੰਦਰਜੀਤ ਕੌਰ ਅਤੇ ਸਦਰ ਥਾਣਾ ਇੰਚਾਰਜ ਆਦਿ ਤੁਰੰਤ ਮੌਕੇ ’ਤੇ ਪਹੁੰਚ ਗਏ। 

ਇਹ ਵੀ ਪੜ੍ਹੋ : ਲੁਧਿਆਣਾ ਦੇ ਮਸ਼ਹੂਰ ਹੋਟਲ ’ਚ ਵਿਦੇਸ਼ੀ ਕੁੜੀਆਂ ਦੀ ਵੀਡੀਓ ਹੋਈ ਵਾਇਰਲ, ਅਮੀਰਜ਼ਾਦਿਆਂ ਦੀ ਕਰਤੂਤ ਵੀ ਹੋਈ ਕੈਦ

ਕਿਸੇ ਹੋਰ ਨਾਲ ਦੋਸਤੀ ਦੇ ਸ਼ੱਕ ਵਿਚ ਕੀਤੀ ਵਾਰਦਾਤ

ਉਨ੍ਹਾਂ ਦੱਸਿਆ ਕਿ ਹਰਸ਼ਿਤਾ ਅਤੇ ਸਾਜਨ ਦੀ ਦੋਸਤੀ ਕਾਫੀ ਸਮੇਂ ਤੋਂ ਚੱਲ ਰਹੀ ਸੀ। ਕੁਝ ਦਿਨਾਂ ਤੋਂ ਸਾਜਨ ਨੂੰ ਸ਼ੱਕ ਹੋਣ ਲੱਗਾ ਕਿ ਹਰਸ਼ਿਤਾ ਦੀ ਕਿਸੇ ਹੋਰ ਨਾਲ ਦੋਸਤੀ ਹੋ ਗਈ ਹੈ। ਇਸੇ ਸ਼ੱਕ ਦੇ ਚੱਲਦਿਆਂ ਅੱਜ ਉਸ ਨੇ ਮੰਦਰ ਵਿਚ ਹਰਸ਼ਿਤਾ ਦਾ ਕਤਲ ਕਰਨ ਦੀ ਕੋਸ਼ਿਸ਼ ਕੀਤੀ। ਪਤਾ ਲੱਗਾ ਹੈ ਕਿ ਹਰਸ਼ਿਤਾ ਪ੍ਰਾਈਵੇਟ ਨੌਕਰੀ ਕਰਦੀ ਹੈ। ਐੱਸ. ਪੀ (ਡੀ) ਨੇ ਪੁਲਸ ਅਧਿਕਾਰੀਆਂ ਅਤੇ ਸਟਾਫ਼ ਮੈਂਬਰਾਂ ਦੀ ਪ੍ਰਸ਼ੰਸਾ ਕੀਤੀ ਜੋ ਉਸ ਟੀਮ ਦਾ ਹਿੱਸਾ ਸਨ ਜਿਨ੍ਹਾਂ ਨੇ ਘਟਨਾ ਦੇ ਇਕ ਜਾਂ ਦੋ ਘੰਟੇ ਬਾਅਦ ਹੀ ਦੋਸ਼ੀ ਨੂੰ ਵਾਰਦਾਤ ਵਿਚ ਵਰਤੇ ਗਏ ਚਾਕੂ ਸਮੇਤ ਫੜ ਲਿਆ। ਉਨ੍ਹਾਂ ਦੱਸਿਆ ਕਿ ਮੁਲਜ਼ਮ ਸਾਜਨ ਤੋਂ ਸਖ਼ਤੀ ਨਾਲ ਪੁੱਛਗਿੱਛ ਕੀਤੀ ਜਾ ਰਹੀ ਹੈ। ਇਸ ਦੌਰਾਨ ਇਹ ਵੀ ਜਾਣਕਾਰੀ ਮਿਲੀ ਹੈ ਕਿ ਸ਼੍ਰੀਗੰਗਾਨਗਰ 'ਚ ਦਾਖਲ ਹਰਸ਼ਿਤਾ ਦੀ ਹਾਲਤ ਕਾਫੀ ਨਾਜ਼ੁਕ ਬਣੀ ਹੋਈ ਹੈ।

ਇਹ ਵੀ ਪੜ੍ਹੋ : ਮੋਬਾਇਲ ਖੋਹ ਕੇ ਤੇਜ਼ੀ ਨਾਲ ਭੱਜ ਰਹੇ ਲੁਟੇਰਿਆਂ ਨਾਲ ਹੋਈ ਜੱਗੋਂ ਤੇਰ੍ਹਵੀਂ, ਤੜਫ਼ ਤੜਫ਼ ਕੇ ਨਿਕਲੀ ਜਾਨ

ਜਗ ਬਾਣੀ ਈ-ਪੇਪਰ ਪੜ੍ਹਨ ਅਤੇ ਐਪ ਡਾਊਨਲੋਡ ਕਰਨ ਲਈ ਹੇਠਾਂ ਦਿੱਤੇ ਲਿੰਕ ’ਤੇ ਕਲਿੱਕ ਕਰੋ

For Android:- https://play.google.com/store/apps/details?id=com.jagbani&hl=en

For IOS:- https://itunes.apple.com/in/app/id538323711?mt=8


author

Gurminder Singh

Content Editor

Related News