14 ਸਾਲਾ ਬੱਚੀ ਨਾਲ ਜਬਰ-ਜ਼ਨਾਹ ਕਰਨ ਵਾਲਾ ਗ੍ਰਿਫਤਾਰ

Sunday, Apr 18, 2021 - 08:49 PM (IST)

14 ਸਾਲਾ ਬੱਚੀ ਨਾਲ ਜਬਰ-ਜ਼ਨਾਹ ਕਰਨ ਵਾਲਾ ਗ੍ਰਿਫਤਾਰ

ਡੇਹਲੋਂ/ਲੁਧਿਆਣਾ (ਡਾ. ਪ੍ਰਦੀਪ, ਰਿਸ਼ੀ)-ਥਾਣਾ ਡੇਹਲੋਂ ਅਧੀਨ ਪੈਂਦੇ ਇਕ ਪਿੰਡ ’ਚ ਇਕ ਛੋਟੀ ਬੱਚੀ ਨਾਲ ਜਬਰ-ਜ਼ਨਾਹ ਦਾ ਮਾਮਲਾ ਸਾਹਮਣੇ ਆਉਣ ’ਤੇ ਡੇਹਲੋਂ ਪੁਲਸ ਵਲੋਂ ਕੇਸ ਦਰਜ ਕਰ ਕੇ ਅਗਲੀ ਕਾਰਵਾਈ ਸ਼ੁਰੂ ਕਰ ਦਿੱਤੀ ਗਈ ਹੈ। ਇਸ ਸਬੰਧੀ 14 ਸਾਲਾ ਲੜਕੀ ਦੀ ਮਾਤਾ ਨੇ ਡੇਹਲੋਂ ਪੁਲਸ ਨੂੰ ਦਿੱਤੇ ਬਿਆਨ ’ਚ ਕਿਹਾ ਹੈ ਕਿ ਉਸਦੀ ਆਪਣੇ ਪਤੀ ਨਾਲ ਅਣਬਣ ਹੋਣ ਕਾਰਣ ਉਹ ਪਿਛਲੇ ਚਾਰ ਸਾਲਾਂ ਤੋਂ ਆਪਣੀ ਲੜਕੀ ਨਾਲ ਸੰਗਰੂਰ ਵਿਖੇ ਪਤੀ ਤੋਂ ਅਲੱਗ ਰਹਿਣ ਲੱਗ ਪਈ ਸੀ ਅਤੇ ਕੁਝ ਸਮਾਂ ਪਹਿਲਾਂ ਉਸਦੀ ਮਨਪ੍ਰੀਤ ਸਿੰਘ ਨਾਮੀ ਇਕ ਵਿਅਕਤੀ ਨਾਲ ਜਾਣ-ਪਛਾਣ ਹੋ ਗਈ ਅਤੇ ਉਹ ਆਪਣੀ ਲੜਕੀ ਸਮੇਤ 28 ਜਨਵਰੀ 2021 ਤੋਂ ਮਨਪ੍ਰੀਤ ਸਿੰਘ ਨਾਲ ਲਿਵ ਇਨ ਰਿਲੇਸ਼ਨਸ਼ਿਪ ’ਚ ਰਹਿਣ ਲੱਗ ਪਈ। ਉਸਨੇ ਕਿਹਾ ਕਿ ਉਹ ਕੁਝ ਸਮਾਂ ਤਾਂ ਵਧੀਆ ਰਹੇ ਅਤੇ ਬਾਅਦ ’ਚ ਮਨਪ੍ਰੀਤ ਸਿੰਘ ਉਸਨੂੰ ਤੰਗ ਕਰਨ ਲੱਗਾ ਅਤੇ ਉਸਦੀ 14 ਸਾਲਾ ਲੜਕੀ ਨਾਲ ਵੀ ਗਲਤ ਹਰਕਤਾਂ (ਛੇੜ-ਛਾੜ) ਕਰਨ ਲੱਗ ਪਿਆ, ਜਿਸ ’ਤੇ ਉਸਨੇ ਮਨਪ੍ਰੀਤ ਨੂੰ ਅਜਿਹਾ ਕਰਨ ਤੋਂ ਕਈ ਵਾਰ ਰੋਕਿਆ ਪਰ ਉਹ ਬਾਜ਼ ਨਹੀਂ ਆਇਆ ।

ਬੀਤੇ ਦਿਨ ਉਸਦੀ ਬੱਚੀ ਨੇ ਉਸਨੂੰ ਦੱਸਿਆ ਕਿ ਮਨਪ੍ਰੀਤ ਨੇ ਕਈ ਵਾਰ ਉਸਦੇ ਨਾਲ ਉਸਦੀ ਮਰਜ਼ੀ ਤੋਂ ਬਗੈਰ ਧੱਕੇ ਨਾਲ ਜਬਰ-ਜ਼ਨਾਹ ਕੀਤਾ ਅਤੇ ਉਸਨੂੰ ਧਮਕੀਆਂ ਦਿੱਤੀਆਂ ਕਿ ਜੇਕਰ ਉਸਨੇ ਇਸ ਬਾਰੇ ਅੱਗੇ ਕਿਸੇ ਨੂੰ ਦੱਸਿਆ ਤਾਂ ਲੜਕੀ ਨੂੰ ਅਤੇ ਉਸਦੀ ਮਾਂ ਨੂੰ ਜਾਨੋਂ ਮਾਰ ਦੇਵੇਗਾ।ਜਦੋਂ ਮਨਪ੍ਰੀਤ ਤੋਂ ਉਸਨੇ ਅਜਿਹਾ ਕਰਨ ਬਾਰੇ ਪੁੱਛਿਆ ਤਾਂ ਉਸਦੀ ਕੁੱਟ-ਮਾਰ ਕੀਤੀ ਅਤੇ ਉਹ ਡਰਦੀ ਮਾਰੀ ਘਰੋਂ ਚਲੀ ਗਈ। ਜਿਸ ’ਤੇ ਉਸਨੇ ਸਾਰੀ ਗੱਲਬਾਤ ਅਪਣੇ ਪਤੀ ਨੂੰ ਦੱਸੀ ਅਤੇ ਲੜਕੀ ਨੂੰ ਨਾਲ ਲੈ ਕੇ ਸਿਵਲ ਹਸਪਤਾਲ ਡੇਹਲੋਂ ਗਈ ਅਤੇ ਡੇਹਲੋਂ ਪੁਲਸ ਨੂੰ ਸੂਚਿਤ ਕੀਤਾ। ਇਸ ਸਬੰਧੀ ਜਾਣਕਾਰੀ ਦਿੰਦਿਆਂ ਡੇਹਲੋਂ ਦੇ ਥਾਣਾ ਮੁਖੀ ਇੰਸਪੈਕਟਰ ਸੁਖਦੇਵ ਸਿੰਘ ਬਰਾੜ ਨੇ ਦੱਸਿਆ ਕਿ ਇਸ ਸਬੰਧ ਵਿਚ ਮਨਪ੍ਰੀਤ ਸਿੰਘ ’ਤੇ ਕੇਸ ਦਰਜ ਕਰ ਕੇ ਅਗਲੀ ਕਾਰਵਾਈ ਸ਼ੁਰੂ ਕਰ ਦਿੱਤੀ ਗਈ ਹੈ। ਥਾਣਾ ਮੁਖੀ ਨੇ ਦੱਸਿਆ ਕਿ ਕਥਿਤ ਦੋਸ਼ੀ ਮਨਪ੍ਰੀਤ ਸਿੰਘ ਨੂੰ ਗ੍ਰਿਫਤਾਰ ਕਰ ਲਿਆ ਗਿਆ ਹੈ।


author

Sunny Mehra

Content Editor

Related News