212 ਗ੍ਰਾਮ ਹੈਰੋਇਨ ਸਮੇਤ ਤਿੰਨ ਕਾਬੂ, ਮਾਮਲਾ ਦਰਜ

Sunday, Mar 23, 2025 - 05:30 PM (IST)

212 ਗ੍ਰਾਮ ਹੈਰੋਇਨ ਸਮੇਤ ਤਿੰਨ ਕਾਬੂ, ਮਾਮਲਾ ਦਰਜ

ਜ਼ੀਰਾ (ਰਾਜੇਸ਼ ਢੰਡ) : ਥਾਣਾ ਸਿਟੀ ਜ਼ੀਰਾ ਅਤੇ ਥਾਣਾ ਮੱਖੂ ਪੁਲਸ ਨੇ ਗੁਪਤ ਸੂਚਨਾ ਦੇ ਆਧਾਰ ’ਤੇ ਤਿੰਨ ਵਿਅਕਤੀਆਂ ਨੂੰ ਗ੍ਰਿਫ਼ਤਾਰ ਕਰਕੇ ਉਨ੍ਹਾਂ ਦੇ ਕਬਜ਼ੇ ਵਿਚੋਂ 212 ਗ੍ਰਾਮ ਹੈਰੋਇਨ ਬਰਾਮਦ ਕਰਕੇ ਉਨ੍ਹਾਂ ਖ਼ਿਲਾਫ਼ ਮਾਮਲਾ ਦਰਜ ਕੀਤਾ ਹੈ। ਜਾਣਕਾਰੀ ਦਿੰਦੇ ਹੋਏ ਥਾਣਾ ਸਿਟੀ ਜ਼ੀਰਾ ਦੇ ਸਬ ਇੰਸਪੈਕਟਰ ਮੇਜਰ ਸਿੰਘ ਨੇ ਦੱਸਿਆ ਕਿ ਉਨ੍ਹਾਂ ਦੀ ਪੁਲਸ ਪਾਰਟੀ ਬੀਤੇ ਦਿਨ ਗਸ਼ਤ ਵਾ ਚੈਕਿੰਗ ਦੇ ਸਬੰਧ ਵਿਚ ਮੱਲੋ ਕੇ ਰੋਡ ਪਾਸ ਪੁੱਜੀ ਤਾਂ ਇਕ ਨੌਜਵਾਨ ਕੁਲਦੀਪ ਸਿੰਘ ਉਰਫ਼ ਗਿਆਨੀ ਪੁੱਤਰ ਗੁਰਦਿਆਲ ਸਿੰਘ ਵਾਸੀ ਸਮਾਧੀ ਮੁਹੱਲਾ ਜ਼ੀਰਾ ਪੈਦਲ ਆਉਂਦਾ ਵਿਖਾਈ ਦਿੱਤਾ। ਉਹ ਪੁਲਸ ਪਾਰਟੀ ਨੂੰ ਵੇਖ ਕੇ ਘਬਰਾ ਗਿਆ ਤੇ ਇਕ ਦਮ ਪਿੱਛੇ ਮੁੜ ਕੇ ਭੱਜਣ ਲੱਗਾ, ਜਿਸ ਨੂੰ ਪੁਲਸ ਪਾਰਟੀ ਵੱਲੋਂ ਕਾਬੂ ਕਰਕੇ ਤਲਾਸ਼ੀ ਲਈ ਗਈ ਤਾਂ ਉਸ ਕੋਲੋਂ 10 ਗ੍ਰਾਮ ਹੈਰੋਇਨ ਬਰਾਮਦ ਹੋਈ।

ਉਧਰ ਥਾਣਾ ਮੱਖੂ ਪੁਲਸ ਦੇ ਸਬ ਇੰਸਪੈਕਟਰ ਸੁਖਬੀਰ ਸਿੰਘ ਦੀ ਅਗਵਾਈ ਵਿਚ ਪੁਲਸ ਪਾਰਟੀ ਮੱਲਾਂਵਾਲਾ ਤੋਂ ਮੱਖੂ ਰਵਾਨਾ ਸੀ ਤਾਂ ਪਿੰਡ ਤਲਵੰਡੀ ਨਿਪਾਲਾਂ ਲਿੰਕ ਰੋਡ ਰਾਹੀਂ ਅੰਮ੍ਰਿਤਸਰ ਰੋਡ ਬਠਿੰਡਾ ਹਾਈਵੇ ਵੱਲ ਜਾ ਰਹੇ ਸੀ ਤਾਂ ਰਸਤੇ ਵਿਚ ਭਰਾਵਾਂ ਦੇ ਢਾਬੇ ਤੋਂ ਦੋਸ਼ੀਅਨ ਮੰਨੂ ਪੁੱਤਰ ਮੱਖਣ ਦੀਨ ਵਾਸੀ ਹਾਲ ਭਗਤਾਂ ਵਾਲੀ ਦਾਣਾ ਮੰਡੀ ਪਿੰਡ ਵੱਲਾ ਮੂਲਾ ਚੱਕ ਮਕੂਬਲਪੁਰਾ ਪੁਲਸ ਕਮਿਸ਼ਨਰੇਟ ਅੰਮ੍ਰਿਤਸਰ ਅਤੇ ਹਾਕਮ ਦੀਨ ਪੁੱਤਰ ਮੱਖਣ ਦੀਨ ਢੰਡ ਮੀਆਂਪੁਰ ਢੰਡ ਕਾਸੇਲ ਸਰਾਏ ਅਮਾਨਤ ਖਾਂ, ਤਰਨਤਾਰਨ ਨੂੰ ਗ੍ਰਿਫ਼ਤਾਰ ਕਰਕੇ ਉਨ੍ਹਾਂ ਕੋਲੋਂ 202 ਗ੍ਰਾਮ ਹੈਰੋਇਨ ਬਰਾਮਦ ਕੀਤੀ। ਪੁਲਸ ਨੇ ਦੱਸਿਆ ਕਿ ਉਕਤ ਦੋਸ਼ੀਅਨ ਖ਼ਿਲਾਫ਼ ਮਾਮਲਾ ਦਰਜ ਕਰ ਲਿਆ ਗਿਆ ਹੈ।


author

Babita

Content Editor

Related News