ਮੋਨੂੰ ਅਰੋੜਾ ਦੇ ਭਰਾ ਨੂੰ ਸੀ. ਆਈ. ਏ. ਸਟਾਫ ਨੇ ਸ਼ਰਾਬ ਸਮੇਤ ਕੀਤਾ ਗ੍ਰਿਫਤਾਰ
Monday, Oct 09, 2017 - 07:13 AM (IST)

ਤਲਵੰਡੀ ਸਾਬੋ (ਮੁਨੀਸ਼) - ਨੇੜਲੇ ਪਿੰਡ ਭਾਗੀਵਾਂਦਰ ਵਿਖੇ ਨਸ਼ਾ ਸਮੱਗਲਿੰਗ ਦੇ ਕਥਿਤ ਦੋਸ਼ ਲਾ ਕੇ ਬੇਰਹਿਮੀ ਨਾਲ ਵੱਢਣ ਉਪਰੰਤ ਜ਼ੇਰੇ ਇਲਾਜ ਮਰੇ ਮੋਨੂੰ ਅਰੋੜਾ ਦੇ ਭਰਾ ਨੂੰ ਸੀ. ਆਈ. ਏ. ਬਠਿੰਡਾ ਦੀ ਪੁਲਸ ਨੇ ਨਾਜਾਇਜ਼ ਸ਼ਰਾਬ ਸਮੇਤ ਗ੍ਰਿਫਤਾਰ ਕਰਨ ਦਾ ਦਾਅਵਾ ਕੀਤਾ ਹੈ। ਜਾਣਕਾਰੀ ਅਨੁਸਾਰ ਸੀ. ਆਈ. ਏ. ਸਟਾਫ ਬਠਿੰਡਾ ਦੇ ਏ. ਐੱਸ. ਆਈ. ਮੋਹਨਦੀਪ ਸਿੰਘ ਪੁਲਸ ਸਮੇਤ ਤਲਵੰਡੀ ਸਾਬੋ ਦੇ ਲੇਲੇਵਾਲਾ ਰੋਡ 'ਤੇ ਗਸ਼ਤ ਕਰ ਰਹੇ ਸਨ ਤਾਂ ਇਕ ਵਿਅਕਤੀ ਸੜਕ ਦੇ ਨੇੜੇ ਬੈਠਾ ਸੀ, ਜਦੋਂ ਉਸ ਦੀ ਸ਼ੱਕ ਦੇ ਆਧਾਰ 'ਤੇ ਤਲਾਸ਼ੀ ਲਈ ਤਾਂ ਉਸ ਕੋਲੋਂ 6 ਡੱਬੇ ਠੇਕਾ ਦੇਸੀ ਸ਼ਰਾਬ ਬਰਾਮਦ ਕੀਤੀ ਗਈ। ਪੁਲਸ ਨੇ ਸ਼ਰਾਬ ਆਪਣੇ ਕਬਜ਼ੇ 'ਚ ਲੈ ਕੇ ਕਥਿਤ ਮੁਲਜ਼ਮ ਖਿਲਾਫ ਮਾਮਲਾ ਦਰਜ ਕਰ ਲਿਆ ਹੈ। ਪੁਲਸ ਨੇ ਕਥਿਤ ਮੁਲਜ਼ਮ ਦੀ ਪਛਾਣ ਕੁਲਦੀਪ ਕੁਮਾਰ ਪੁੱਤਰ ਵਿਜੇ ਕੁਮਾਰ ਵਾਸੀ ਤਲਵੰਡੀ ਸਾਬੋ ਵਜੋਂ ਕੀਤੀ ਹੈ। ਜ਼ਿਕਰਯੋਗ ਹੈ ਕਿ ਕੁਲਦੀਪ ਕੁਮਾਰ ਬਹੁ-ਚਰਚਿਤ ਨਸ਼ਾ ਸਮੱਗਲਰ ਦੱਸ ਕੇ ਮਾਰੇ ਗਏ ਮੋਨੂੰ ਅਰੋੜਾ ਦਾ ਸਕਾ ਭਰਾ ਹੈ ਤੇ ਭਾਗੀਵਾਂਦਰ ਕਾਂਡ 'ਚ ਜੋ ਕਥਿਤ ਮੁਲਜ਼ਮ ਨਾਮਜ਼ਦ ਕੀਤੇ ਗਏ ਸਨ ਉਹ ਕੁਲਦੀਪ ਕੁਮਾਰ ਦੇ ਬਿਆਨਾਂ 'ਤੇ ਹੀ ਕੀਤੇ ਗਏ ਸਨ। ਦੱਸਣਾ ਜ਼ਰੂਰੀ ਹੈ ਕਿ ਉਸ ਸਮੇਂ ਭਾਗੀਵਾਂਦਰ ਦੇ ਪਿੰਡ ਵਾਸੀਆਂ ਨੇ ਮ੍ਰਿਤਕ ਮੋਨੂੰ ਅਰੋੜਾ 'ਤੇ ਦੋਸ਼ ਲਾਏ ਸਨ ਕਿ ਉਹ ਪਿੰਡ ਦੇ ਨੌਜਵਾਨਾਂ ਨੂੰ ਨਸ਼ਾ ਸਪਲਾਈ ਕਰਦਾ ਸੀ, ਇਸ ਲਈ ਪਿੰਡ ਵਾਸੀਆਂ ਨੇ ਸਮੂਹਿਕ ਤੌਰ 'ਤੇ ਉਸ ਨੂੰ ਮਾਰ ਦਿੱਤਾ ਪਰ ਬਾਅਦ 'ਚ ਮੋਨੂੰ ਦੇ ਭਰਾ ਕੁਲਦੀਪ ਕੁਮਾਰ ਦੇ ਬਿਆਨਾਂ 'ਤੇ ਪਿੰਡ ਦੀ ਮਹਿਲਾ ਸਰਪੰਚ ਦੇ ਪੁੱਤਰ ਸਮੇਤ ਕਰੀਬ ਇਕ ਦਰਜਨ ਵਿਅਕਤੀਆਂ 'ਤੇ ਮਾਮਲਾ ਦਰਜ ਕੀਤਾ ਸੀ, ਜਿਨ੍ਹਾਂ 'ਚੋਂ ਚਾਰ ਨੂੰ ਗ੍ਰਿਫਤਾਰ ਕਰ ਕੇ ਜੇਲ ਭੇਜ ਦਿੱਤਾ ਗਿਆ ਸੀ।