ਲੁਟੇਰਾ ਗਿਰੋਹ ਦੇ 5 ਮੈਂਬਰ ਕਾਬੂ, 4 ਅਜੇ ਵੀ ਫਰਾਰ

Wednesday, Jul 25, 2018 - 05:34 AM (IST)

ਲੁਟੇਰਾ ਗਿਰੋਹ ਦੇ 5 ਮੈਂਬਰ ਕਾਬੂ, 4 ਅਜੇ ਵੀ ਫਰਾਰ

ਹੁਸ਼ਿਆਰਪੁਰ(ਅਮਰਿੰਦਰ)-ਹੁਸ਼ਿਆਰਪੁਰ ਦੇ ਨਾਲ-ਨਾਲ ਨਵਾਂਸ਼ਹਿਰ, ਲੁਧਿਆਣਾ ਤੇ ਜਗਰਾਓਂ ਖੇਤਰ 'ਚ ਲੁੱਟ-ਖੋਹ ਕਰਨ ਵਾਲੇ ਗਿਰੋਹ ਦੇ 5 ਦੋਸ਼ੀਆਂ ਨੂੰ ਥਾਣਾ ਸਦਰ ਪੁਲਸ ਨੇ ਗ੍ਰਿਫ਼ਤਾਰ ਕਰਨ 'ਚ ਸਫ਼ਲਤਾ ਹਾਸਲ ਕੀਤੀ ਹੈ। ਥਾਣਾ ਸਦਰ ਪੁਲਸ ਦੇ ਐੱਸ. ਐੱਚ. ਓ. ਰਾਜੇਸ਼ ਅਰੋੜਾ ਨੇ ਦੁਪਹਿਰ ਦੇ ਸਮੇਂ ਪੰਜਾਂ ਦੋਸ਼ੀਆਂ ਨੂੰ ਮੀਡੀਆ ਦੇ ਸਾਹਮਣੇ ਪੇਸ਼ ਕਰ ਕੇ ਜਾਣਕਾਰੀ ਦਿੰਦਿਆਂ ਦੱਸਿਆ ਕਿ 5 ਦੋਸ਼ੀਆਂ ਨੂੰ ਪੁਲਸ ਨੇ ਗ੍ਰਿਫ਼ਤਾਰ ਕਰ ਲਿਆ ਜਦਕਿ 4 ਦੋਸ਼ੀ ਅਜੇ ਵੀ ਫ਼ਰਾਰ ਚੱਲ ਰਹੇ ਹਨ। ਪੁਲਸ ਨੇ ਦੋਸ਼ੀਆਂ ਪਾਸੋਂ ਇਕ ਦੇਸੀ ਕੱਟਾ ਵੀ ਬਰਾਮਦ ਕੀਤਾ ਹੈ। ਗੌਰਤਲਬ ਹੈ ਕਿ 17 ਜੁਲਾਈ 2018 ਦੀ ਰਾਤ ਹੁਸ਼ਿਆਰਪੁਰ ਦੇ ਨਲੌਈਆ ਚੌਕ ਤੋਂ ਇਕ ਟਰੱਕ ਚੋਰੀ ਹੋਇਆ ਸੀ। ਪੁਲਸ ਨੇ ਜਦੋਂ ਆਸ-ਪਾਸ ਦੇ ਏਰੀਏ 'ਚ ਲੱਗੇ ਸੀ. ਸੀ. ਟੀ. ਵੀ. ਫੁਟੇਜ ਦੀ ਜਾਂਚ ਕੀਤੀ ਤਾਂ ਟਰੱਕ ਦੇ ਨਾਲ ਇਕ ਟਾਟਾ ਐਸ 'ਚ ਸਵਾਰ ਕੁਝ ਲੋਕ ਸ਼ੱਕੀ ਹਾਲਤ 'ਚ ਮਿਲੇ। ਪੁਲਸ ਨੇ ਜਦੋਂ ਉਕਤ ਵਾਹਨ ਨੰਬਰ ਦੀ ਜਾਂਚ ਕੀਤੀ ਤਾਂ ਵਾਹਨ ਦਾ ਮਾਲਕ ਸੰਦੀਪ ਸਿੰਘ ਪੁੱਤਰ ਸ਼ਮਸ਼ੇਰ ਸਿੰਘ ਵਾਸੀ ਰੰਗਾ ਚੌਕ ਮੁੱਲਾਂਪੁਰ ਦਾਖਾ ਜ਼ਿਲਾ ਲੁਧਿਆਣਾ ਦਾ ਨਿਕਲਿਆ। ਪੁਲਸ ਨੇ ਸੰਦੀਪ ਸਿੰਘ ਨੂੰ ਕਾਬੂ ਕਰ ਕੇ ਪੁੱਛਗਿੱਛ ਕੀਤੀ ਤਾਂ ਪਤਾ ਲੱਗਾ ਕਿ ਗਿਰੋਹ 'ਚ ਕੁੱਲ 9 ਮੈਂਬਰ ਸ਼ਾਮਲ ਹਨ। ਸੰਦੀਪ ਸਿੰਘ ਤੋਂ ਪੁੱਛਗਿੱਛ ਦੇ ਆਧਾਰ 'ਤੇ ਪੁਲਸ ਬਾਕੀ ਦੋਸ਼ੀਆਂ ਚਰਨਜੀਤ ਸਿੰਘ ਚੰਨੀ ਮਲਕ ਰੋਡ ਜਗਰਾਓਂ, ਜਗਦੇਵ ਸਿੰਘ ਪੁੱਤਰ ਜਸਵਿੰਦਰ ਸਿੰਘ ਵਾਸੀ ਹਥੂਰ ਲੁਧਿਆਣਾ, ਬਿੱਟੂ ਪੁੱਤਰ ਬਲਵਿੰਦਰ ਸਿੰਘ ਵਾਸੀ ਸਰਾਭਾ ਜਗਰਾਓਂ ਤੇ ਗੁਰਜੰਟ ਸਿੰਘ ਪੁੱਤਰ ਸੁਖਜਿੰਦਰ ਸਿੰਘ ਵਾਸੀ ਚਮਿੰਡਾ ਜਗਰਾਓਂ ਨੂੰ ਗ੍ਰਿਫ਼ਤਾਰ ਕਰ ਕੇ ਹੁਸ਼ਿਆਰਪੁਰ ਲੈ ਆਈ ਹੈ। ਐੱਸ. ਐੱਚ. ਓ. ਰਾਜੇਸ਼ ਅਰੋੜਾ ਨੇ ਮੀਡੀਆ ਨੂੰ ਦੱਸਿਆ ਕਿ ਦੋਸ਼ੀਆਂ ਤੋਂ ਪੁੱਛਗਿੱਛ ਦੇ ਬਾਅਦ ਟਰੱਕ ਨੂੰ ਚੌਹਾਲ ਦੇ ਨਜ਼ਦੀਕ ਬਰੂਟੀ ਪਿੰਡ ਦੇ ਜੰਗਲ ਤੋਂ ਪੁਲਸ ਨੇ ਬਰਾਮਦ ਕਰ ਲਿਆ ਹੈ। ਦੋਸ਼ੀਆਂ ਨੇ ਪੁੱਛਗਿੱਛ 'ਚ ਮੰਨਿਆ ਕਿ ਗਿਰੋਹ ਦੇ ਮੈਂਬਰ ਟਰੱਕ ਨੂੰ ਲੁੱਟਣ ਤੋਂ ਬਾਅਦ ਇਸ ਨੂੰ ਵੇਚ ਦਿੰਦੇ ਹਨ। ਉਨ੍ਹਾਂ ਦੱਸਿਆ ਕਿ ਇਸ ਗਿਰੋਹ ਦਾ ਸਰਗਣਾ ਮਨਮੋਹਨ ਸਿੰਘ ਉਰਫ਼ ਮੋਹਨਾ, ਅਮਨਦੀਪ ਸਿੰਘ ਉਰਫ਼ ਅਮਨਾ ਤੇ ਚਰਨਜੀਤ ਸਿੰਘ ਚੰਨੀ ਹਨ। ਗਿਰੋਹ 'ਚ 4 ਦੋਸ਼ੀ ਮਨਮੋਹਨ ਸਿੰਘ ਮੋਹਨਾ, ਅਮਨਦੀਪ ਸਿੰਘ ਅਮਨਾ ਤੇ ਯੋਗਰਾਜ ਸਿੰਘ ਉਰਫ਼ ਯੋਗਾ ਪੁੱਤਰ ਸੁਖਜਿੰਦਰ ਸਿੰਘ ਵਾਸੀ ਗੋਲਡਨ ਬਾਗ ਜਗਰਾਓਂ ਤੋਂ ਇਲਾਵਾ 1 ਅਣਪਛਾਤਾ ਦੋਸ਼ੀ ਫ਼ਰਾਰ ਚੱਲ ਰਿਹਾ ਹੈ। ਉਨ੍ਹਾਂ ਦੱਸਿਆ ਕਿ ਮਨਮੋਹਨ ਸਿੰਘ ਖਿਲਾਫ਼ ਮਾਲਵਾ ਖੇਤਰ 'ਚ 30 ਤੋਂ ਜ਼ਿਆਦਾ ਤੇ ਚਰਨਜੀਤ ਸਿੰਘ ਚੰਨੀ ਖਿਲਾਫ਼ 16 ਮਾਮਲੇ ਦਰਜ ਹਨ।


Related News