ਕਤਲ ਦੇ ਦੋਸ਼ ''ਚ ਪਤਨੀ ਸਮੇਤ 3 ਕਾਬੂ

05/02/2018 4:29:27 AM

ਨਾਜਾਇਜ਼ ਸਬੰਧਾਂ 'ਚ ਅੜਿੱਕਾ ਬਣਦਾ ਸੀ ਪਤੀ
ਖੰਨਾ(ਸੁਖਵਿੰਦਰ ਕੌਰ, ਬਰਮਾਲੀਪੁਰ)-ਖੰਨਾ ਪੁਲਸ ਨੇ ਪਿੰਡ ਜੰਡਾਲੀ ਦੇ ਇਕ ਵਿਅਕਤੀ ਦੇ ਕਤਲ ਦੇ ਦੋਸ਼ ਵਿਚ ਉਸ ਦੀ ਪਤਨੀ ਅਤੇ ਉਸਦੇ ਸਾਥੀਆਂ ਨੂੰ ਗ੍ਰਿਫਤਾਰ ਕਰਨ ਦਾ ਦਾਅਵਾ ਕੀਤਾ ਹੈ। ਅੱਜ ਥਾਣਾ ਸਦਰ ਵਿਖੇ ਇਕ ਪ੍ਰੈੱਸ ਕਾਨਫਰੰਸ ਦੌਰਾਨ ਪੱਤਰਕਾਰਾਂ ਨਾਲ ਗੱਲਬਾਤ ਕਰਦਿਆਂ ਡੀ. ਐੱਸ. ਪੀ. (ਆਈ.) ਰਣਜੀਤ ਸਿੰਘ ਬਦੇਸ਼ਾਂ ਨੇ ਦੱਸਿਆ ਕਿ ਪੁਲਸ ਜ਼ਿਲਾ ਖੰਨਾ ਦੇ ਐੱਸ. ਐੱਸ. ਪੀ. ਨਵਜੋਤ ਸਿੰਘ ਮਾਹਲ ਦੀ ਰਹਿਨੁਮਾਈ 'ਚ ਖੰਨਾ ਪੁਲਸ ਨੂੰ ਉਸ ਸਮੇਂ ਅੰਨ੍ਹੇ ਕਤਲ ਦੀ ਗੁੱਥੀ ਸੁਲਝਾਉਣ ਦੀ ਸਫਲਤਾ ਹਾਸਲ ਹੋਈ, ਜਦੋਂ ਡੀ. ਐੱਸ. ਪੀ. ਪਾਇਲ ਰਛਪਾਲ ਸਿੰਘ ਢੀਂਡਸਾ, ਡੀ. ਐੱਸ. ਪੀ. (ਆਈ) ਖੰਨਾ ਰਣਜੀਤ ਸਿੰਘ ਅਤੇ ਐੱਸ. ਐੱਚ. ਓ. ਪਾਇਲ ਇੰਸਪੈਕਟਰ ਗੁਰਮੇਲ ਸਿੰਘ ਦੀ ਪੁਲਸ ਪਾਰਟੀ ਨੇ ਮ੍ਰਿਤਕ ਸੁਰਿੰਦਰ ਸਿੰਘ ਵਾਸੀ ਪਿੰਡ ਜੰਡਾਲੀ ਦੇ ਪੁੱਤਰ ਮਨਪ੍ਰੀਤ ਸਿੰਘ ਦੇ ਬਿਆਨਾਂ 'ਤੇ ਕੇਸ ਦਰਜ ਕਰਕੇ ਜਾਂਚ ਸ਼ੁਰੂ ਕੀਤੀ। ਮਨਪ੍ਰੀਤ ਸਿੰਘ ਨੇ ਆਪਣੇ ਬਿਆਨਾਂ 'ਚ ਪੁਲਸ ਨੂੰ ਦੱਸਿਆ ਸੀ ਕਿ 7 ਅਪ੍ਰੈਲ ਨੂੰ ਸ਼ਾਮ ਵੇਲੇ ਜਦੋਂ ਉਸ ਦਾ ਪਿਤਾ ਸੁਰਿੰਦਰ ਸਿੰਘ ਘਰ ਨਹੀਂ ਆਇਆ, ਜਿਸ ਦੀ ਭਾਲ ਸਬੰਧੀ ਉਹ ਆਪਣੇ ਪਿਤਾ ਨੂੰ ਦੇਖਣ ਲਈ ਪਿੰਡ ਦੇ ਨਾਲ ਲੱਗਦੀ ਨਹਿਰ ਦੇ ਪੁੱਲ ਕੋਲ ਪੁੱਜਾ ਤਾਂ ਉਸਦਾ ਪਿਤਾ ਸੁਰਿੰਦਰ ਸਿੰਘ ਪੁੱਤਰ ਮੇਜਰ ਸਿੰਘ ਵਾਸੀ ਜੰਡਾਲੀ ਸਮੇਤ ਗੁਰਪ੍ਰੀਤ ਸਿੰਘ ਗੁਰੀ ਅਤੇ ਦੂਜੇ ਅਣਪਛਾਤੇ ਲੜਕੇ ਨਾਲ ਸ਼ਰਾਬ ਪੀ ਰਿਹਾ ਸੀ, ਜਿਸਨੂੰ ਉਹ ਘਰ ਆਉਣ ਦਾ ਸੁਨੇਹਾ ਦੇ ਕੇ ਘਰ ਆ ਗਿਆ ਸੀ । ਉਸਦਾ ਪਿਤਾ ਘਰ ਵਾਪਸ ਨਹੀਂ ਆਇਆ ਤਾਂ ਸੁਰਿੰਦਰ ਸਿੰਘ ਦੀ ਭਾਲ ਸ਼ੁਰੂ ਕੀਤੀ। ਉਪਰੰਤ 12 ਅਪ੍ਰੈਲ 2018 ਨੂੰ ਅਮਰਗੜ੍ਹ ਥਾਣਾ ਦੀ ਹਦੂਦ ਅੰਦਰ ਪੈਂਦੀ ਨਹਿਰ 'ਚੋਂ ਲਾਸ਼ ਮਿਲੀ ਸੀ । ਉਸ ਵੇਲੇ ਕਿਸੇ 'ਤੇ ਸ਼ੱਕ ਨਾ ਹੋਣ ਕਰਕੇ ਧਾਰਾ 174 ਸੀ. ਪੀ. ਆਰ. ਸੀ. ਦੀ ਕਾਰਵਾਈ ਅਮਲ 'ਚ ਲਿਆਂਦੀ ਗਈ ਸੀ । ਮੁਦਈ ਮਨਪ੍ਰੀਤ ਸਿੰਘ ਨੂੰ ਯਕੀਨ ਹੋ ਗਿਆ ਕਿ ਉਸਦੇ ਪਿਤਾ ਦਾ ਕਤਲ ਕਰਕੇ ਗੁਰਪ੍ਰੀਤ ਸਿੰਘ ਉਰਫ ਗੁਰੀ ਪੁੱਤਰ ਸੁਦਾਗਰ ਸਿੰਘ ਵਾਸੀ ਸ਼ਾਹਪੁਰ, ਰਾਜਵਿੰਦਰ ਸਿੰਘ ਪੁੱਤਰ ਬਹਾਦਰ ਸਿੰਘ ਵਾਸੀ ਸ਼ਾਹਪੁਰ ਅਤੇ ਉਸ ਦੀ ਮਾਂ ਰਾਣੀ ਪਤਨੀ ਸੁਰਿੰਦਰ ਸਿੰਘ ਵਾਸੀ ਜੰਡਾਲੀ ਨੇ ਮਿਲ ਕੇ ਨਹਿਰ 'ਚ ਸੁੱਟਿਆ ਹੈ, ਕਿਉਂਕਿ ਮੁਦਈ ਦੀ ਮਾਂ ਰਾਣੀ ਦੇ ਉਕਤ ਗੁਰਪ੍ਰੀਤ ਸਿੰਘ ਉਰਫ ਗੁਰੀ ਨਾਲ ਨਾਜਾਇਜ਼ ਸਬੰਧ ਸਨ, ਜਿਨ੍ਹਾਂ ਨੂੰ ਉਸਦਾ ਪਿਤਾ ਰੋਕਦਾ  ਸੀ । ਡੀ. ਐੱਸ. ਪੀ. ਰਣਜੀਤ ਸਿੰਘ ਬਦੇਸ਼ਾਂ ਨੇ ਅੱਗੇ ਦੱਸਿਆ ਕਿ ਖੰਨਾ ਪੁਲਸ ਦੀ ਉਕਤ ਟੀਮ ਵੱਲੋਂ ਮਾਮਲੇ ਦੀ ਤਫਤੀਸ਼ ਡੂੰਘਾਈ ਅਤੇ ਤਕਨੀਕੀ ਢੰਗਾਂ ਨਾਲ ਅਮਲ ਵਿਚ ਲਿਆ ਕੇ ਉਕਤ ਤਿੰਨੇ ਦੋਸ਼ੀਆਂ ਨੂੰ ਅੱਜ ਦੁਪਹਿਰ ਗ੍ਰਿਫਤਾਰ ਕਰ ਲਿਆ ਹੈ, ਜਿਨ੍ਹਾਂ ਨੇ ਆਪਣੀ ਪੁੱਛਗਿੱਛ ਦੌਰਾਨ ਜੁਰਮ ਕਬੂਲਦੇ ਹੋਏ ਦੱਸਿਆ ਕਿ ਸੁਰਿੰਦਰ ਸਿੰਘ ਨੂੰ ਦੋਸ਼ੀ ਗੁਰੀ ਤੇ ਰਾਣੀ ਦੇ ਨਜਾਇਜ਼ ਸਬੰਧਾਂ ਵਿਚ ਰੋੜਾ ਬਣਦੇ ਹੋਏ ਉਨ੍ਹਾਂ 7 ਅਪ੍ਰੈਲ ਨੂੰ ਸ਼ਾਮ ਵੇਲੇ ਸ਼ਰਾਬ ਦਾ ਨਸ਼ਾ ਕਰਵਾ ਕੇ ਗੱਲ ਘੁੱਟ ਕੇ ਨਹਿਰ ਵਿਚ ਸੁੱਟ ਦਿੱਤਾ ਸੀ । ਬਦੇਸ਼ਾਂ ਨੇ ਅੱਗੇ ਦੱਸਿਆ ਕਿ ਦੋਸ਼ੀਆਂ ਕੋਲੋਂ ਹੋਰ ਪੁੱਛਗਿੱਛ ਕੀਤੀ ਜਾ ਰਹੀ ਹੈ । 
ਅੱਜ ਅਦਾਲਤ 'ਚ ਪੇਸ਼ ਕੀਤੇ ਜਾਣਗੇ ਮੁਲਜ਼ਮ
ਪਾਇਲ ਦੇ ਉਪ ਪੁਲਸ ਕਪਤਾਨ ਰਛਪਾਲ ਸਿੰਘ ਢੀਂਡਸਾ ਤੇ ਥਾਣਾ ਮੁਖੀ ਗੁਰਮੇਲ ਸਿੰਘ ਅਨੁਸਾਰ ਗ੍ਰਿਫਤਾਰ ਕੀਤੇ ਤਿੰਨੇ ਹੀ ਕਥਿਤ ਦੋਸ਼ੀਆਂ ਨੂੰ ਅੱਜ ਪਾਇਲ ਦੀ ਅਦਾਲਤ 'ਚ ਪੇਸ਼ ਕੀਤਾ ਜਾਵੇਗਾ। ਪੁਲਸ ਅਨੁਸਾਰ ਕਥਿਤ ਦੋਸ਼ੀਆਂ ਦਾ ਪੁਲਸ ਰਿਮਾਂਡ ਲਿਆ ਜਾਵੇਗਾ ਤਾਂ ਜੋ ਕੇਸ ਸਬੰਧੀ ਹੋਰ ਤੱਥ ਸਾਹਮਣੇ ਆ ਸਕਣ।


Related News