ਅਫੀਮ ਸਮੱਗਲਿੰਗ ਕਰਨ ਵਾਲੇ 2 ਕਾਬੂ
Tuesday, Mar 06, 2018 - 05:40 AM (IST)

ਲੁਧਿਆਣਾ(ਵਿਪਨ)-ਸਥਾਨਕ ਰੇਲਵੇ ਪੁਲਸ ਵਲੋਂ ਚੈਕਿੰਗ ਦੌਰਾਨ ਇਕ ਨਸ਼ਾ ਸਮੱਗਲਰ ਅਫੀਮ ਸਣੇ ਕਾਬੂ ਕੀਤਾ ਗਿਆ ਅਤੇ ਪੁੱਛਗਿੱਛ ਦੌਰਾਨ ਉਸ ਤੋਂ ਮਿਲੀ ਸੂਚਨਾ ਦੇ ਆਧਾਰ 'ਤੇ ਉਸ ਕੋਲੋਂ ਅਫੀਮ ਖਰੀਦਣ ਵਾਲੇ ਦੋਸ਼ੀ ਨੂੰ ਵੀ ਕਾਬੂ ਕਰ ਲਿਆ ਗਿਆ ਹੈ। ਜਾਣਕਾਰੀ ਦਿੰਦੇ ਹੋਏ ਸਥਾਨਕ ਰੇਲਵੇ ਪੁਲਸ ਥਾਣਾ ਦੇ ਐੱਸ. ਐੱਚ. ਓ. ਇੰਦਰਜੀਤ ਸਿੰਘ ਨੇ ਦੱਸਿਆ ਕਿ ਏ. ਐੱਸ. ਆਈ. ਜੀਵਨ ਸਿੰਘ, ਏ. ਐੱਸ. ਆਈ. ਸੁਖਦੇਵ ਸਿੰਘ ਪੁਲਸ ਪਾਰਟੀ ਨਾਲ ਚੈਕਿੰਗ ਕਰ ਰਹੇ ਸਨ ਕਿ ਪਲੇਟਫਾਰਮ ਨੰ. 1 ਤੋਂ ਰੇਲ ਮੇਲ ਦਫਤਰ ਦੇ ਨਾਲ ਨਿਕਲ ਰਹੇ ਰਸਤੇ ਤੋਂ ਇਕ ਵਿਅਕਤੀ ਬਾਹਰ ਨਿਕਲਣ ਦਾ ਯਤਨ ਕਰ ਰਿਹਾ ਸੀ, ਸ਼ੱਕ ਹੋਣ 'ਤੇ ਉਸ ਨੂੰ ਕਾਬੂ ਕਰ ਕੇ ਤਲਾਸ਼ੀ ਲਈ ਗਈ ਤਾਂ ਉਸ ਕੋਲੋਂ ਅੱਧਾ ਕਿਲੋ ਅਫੀਮ ਬਰਾਮਦ ਹੋਈ, ਜਿਸ ਤੋਂ ਬਾਅਦ ਉਸ ਨੂੰ ਗ੍ਰਿਫਤਾਰ ਕਰ ਕੇ ਥਾਣੇ 'ਚ ਲਿਆਂਦਾ ਗਿਆ। ਉਨ੍ਹਾਂ ਦੱਸਿਆ ਕਿ ਦੋਸ਼ੀ ਦੀ ਪਛਾਣ ਪੱਛਮੀ ਬੰਗਾਲ ਦੇ ਰਹਿਣ ਵਾਲੇ ਸ਼ੇਖਰ ਸ਼ੇਖ ਹੈਦਰ ਅਲੀ ਦੇ ਰੂਪ 'ਚ ਹੋਈ, ਨੇ ਪੁੱਛਗਿੱਛ 'ਚ ਦੱਸਿਆ ਕਿ ਉਹ ਅਫੀਮ ਪੱਛਮੀ ਬੰਗਾਲ ਤੋਂ ਸਸਤੇ ਮੁੱਲ 'ਤੇ ਲੈ ਕੇ ਆਇਆ ਸੀ ਅਤੇ ਇਹ ਅਫੀਮ ਉਸ ਨੇ ਨਿਹਾਲ ਸਿੰਘ ਵਾਲਾ ਮੋਗਾ ਦੇ ਰਹਿਣ ਵਾਲੇ ਤੀਰਥ ਸਿੰਘ ਨੂੰ ਵੇਚਣੀ ਸੀ ਪਰ ਮੋਗਾ ਲਈ ਨਿਕਲਣ ਤੋਂ ਪਹਿਲਾਂ ਹੀ ਉਹ ਪੁਲਸ ਦੇ ਹੱਥੇ ਚੜ੍ਹ ਗਿਆ। ਇੰਦਰਜੀਤ ਸਿੰਘ ਨੇ ਦੱਸਿਆ ਕਿ ਦੋਸ਼ੀ ਦੀ ਨਿਸ਼ਾਨਦੇਹੀ 'ਤੇ ਛਾਪਾਮਾਰੀ ਕਰ ਕੇ ਦੂਜੇ ਦੋਸ਼ੀ ਤੀਰਥ ਸਿੰਘ ਨੂੰ ਵੀ ਗ੍ਰਿਫਤਾਰ ਕਰ ਲਿਆ ਗਿਆ। ਸ਼ੇਖ ਹੈਦਰ ਅਲੀ 'ਤੇ ਐੱਨ. ਡੀ. ਪੀ. ਐੱਸ. ਐਕਟ ਦੀ ਧਾਰਾ 29/61/85 'ਚ ਮਾਮਲਾ ਦਰਜ ਕਰ ਕੇ ਅਗਲੀ ਕਾਰਵਾਈ ਕੀਤੀ ਜਾ ਰਹੀ ਹੈ।