ਗੰਨ ਪੁਆਇੰਟ ''ਤੇ ਮਨੀ ਚੇਂਜਰ ਨੂੰ ਲੁੱਟਣ ਵਾਲੇ ਗਿਰੋਹ ਦੇ 3 ਮੈਂਬਰ ਕਾਬੂ

02/16/2018 6:17:28 AM

ਫਿਲੌਰ(ਭਾਖੜੀ)-ਮਨੀ ਚੇਂਜਰ ਤੋਂ ਗੰਨ ਪੁਆਇੰਟ 'ਤੇ ਲੱਖਾਂ ਦੀ ਭਾਰਤੀ ਅਤੇ ਵਿਦੇਸ਼ੀ ਕਰੰਸੀ ਖੋਹਣ ਵਾਲੇ ਗਿਰੋਹ ਦੇ ਤਿੰਨ ਵਿਅਕਤੀਆਂ ਨੂੰ ਪੁਲਸ ਨੇ ਸਿਰਫ 20 ਘੰਟੇ ਵਿਚ ਗ੍ਰਿਫਤਾਰ ਕਰਨ ਦਾ ਦਾਅਵਾ ਕੀਤਾ ਹੈ। ਲੁਟੇਰਿਆਂ ਕੋਲੋਂ ਇਕ ਰਿਵਾਲਵਰ, ਲੁੱਟੀ ਗਈ ਕਰੰਸੀ ਵੀ ਬਰਾਮਦ ਹੋਈ ਹੈ। ਡੀ. ਐੱਸ. ਪੀ. ਫਿਲੌਰ ਅਮਰੀਕ ਸਿੰਘ ਅਤੇ ਥਾਣਾ ਮੁਖੀ ਜਸਵਿੰਦਰ ਸਿੰਘ ਨੇ ਪ੍ਰੈੱਸ ਕਾਨਫਰੰਸ ਦੌਰਾਨ ਦੱਸਿਆ ਕਿ ਬੀਤੇ ਦਿਨ ਗਿਰੋਹ ਦੇ ਲੋਕਾਂ ਨੇ ਪਿੰਡ ਨਗਰ ਵਿਚ ਪੈਂਦੀ ਮਨੀ ਚੇਂਜਰ ਦੀ ਦੁਕਾਨ ਦੇ ਮਾਲਕ ਗੁਰਵਿੰਦਰ ਰਾਮ ਪੁੱਤਰ ਕੁੰਦਨ ਲਾਲ ਜਿਉਂ ਹੀ ਸ਼ਾਮ ਨੂੰ ਦੁਕਾਨ ਬੰਦ ਕਰ ਕੇ ਘਰ ਰਵਾਨਾ ਹੋਣ ਲੱਗਾ ਤਾਂ ਚਾਰੇ ਦੋਸ਼ੀ ਅਮਨਦੀਪ ਪੁੱਤਰ ਕ੍ਰਿਸ਼ਨ ਕੁਮਾਰ, ਰਾਜਵੀਰ ਬੰਟੀ ਪੁੱਤਰ ਦਰਸ਼ਨ ਸਿੰਘ, ਰਮਨ ਪੁੱਤਰ ਰਾਮ ਮੂਰਤੀ ਤਿੰਨੋਂ ਵਾਸੀ ਥਾਣਾ ਸਦਰ ਕੋਟਕਪੂਰਾ ਜ਼ਿਲਾ ਫਰੀਦਕੋਟ ਆਪਣੇ ਸਾਥੀ ਮਨਵਿੰਦਰ ਸਿੰਘ ਮਿੰਟੂ ਪੁੱਤਰ ਸੁਖਵੰਤ ਸਿੰਘ ਵਾਸੀ ਪਿੰਡ ਤੇਹਿੰਗ ਫਿਲੌਰ ਉਸ ਦੇ ਕੋਲ ਜਾ ਪੁੱਜੇ। ਲੁਟੇਰਿਆਂ ਨੇ ਉਸ ਦੇ ਸਿਰ 'ਤੇ ਗੰਨ ਨਾਲ ਵਾਰ ਕਰਦੇ ਹੋਏ ਉਸ ਨੂੰ ਦੁਕਾਨ ਦੇ ਅੰਦਰ ਖਿੱਚ ਲਿਆ, ਜਿੱਥੇ ਉਸ ਨੂੰ ਜਾਨੋਂ ਮਾਰਨ ਦੀ ਧਮਕੀ ਦਿੰਦੇ ਹੋਏ ਉਸ ਤੋਂ ਰੁਪਇਆਂ ਨਾਲ ਭਰਿਆ ਬੈਗ ਜਿਸ ਵਿਚ 1 ਲੱਖ 75 ਹਜ਼ਾਰ ਰੁਪਏ ਦੀ ਭਾਰਤੀ ਕਰੰਸੀ, 1400 ਦਰਾਮ ਦੁਬਈ ਅਤੇ 653 ਡਾਲਰ ਖੋਹ ਕੇ ਫਰਾਰ ਹੋ ਗਏ। ਘਟਨਾ ਦੀ ਸੂਚਨਾ ਮਿਲਦੇ ਹੀ ਪੁਲਸ ਨੇ ਪੂਰੀ ਸਬ-ਡਵੀਜ਼ਨ ਵਿਚ ਹਾਈ ਅਲਰਟ ਕਰ ਕੇ ਲੁਟੇਰਿਆਂ ਨੂੰ ਫੜਨ ਲਈ ਨਾਕਾਬੰਦੀ ਕਰਵਾ ਦਿੱਤੀ ਤਕਰੀਬਨ 20 ਘੰਟੇ ਬਾਅਦ ਜਿਵੇਂ ਹੀ ਲੁਟੇਰੇ ਉਸੇ ਮੋਟਰਸਾਈਕਲ 'ਤੇ ਸਵਾਰ ਹੋ ਕੇ ਸ਼ਹਿਰ ਤੋਂ ਬਾਹਰ ਜਾਣ ਲੱਗੇ ਤਾਂ ਪਿੰਡ ਨੂਰੇਵਾਲ ਦੇ ਕੋਲ ਪੁਲਸ ਨਾਕਾਬੰਦੀ ਦੇਖ ਕੇ ਉਕਤ ਵਿਅਕਤੀਆਂ ਨੇ ਮੋਟਰਸਾਈਕਲ ਰੋਕ ਲਿਆ। ਜਦੋਂ ਪੁਲਸ ਇਨ੍ਹਾਂ ਦੇ ਪਿੱਛੇ ਭੱਜੀ ਤਾਂ ਉਕਤ ਲੁਟੇਰੇ ਹਫੜਾ-ਦਫੜੀ ਵਿਚ ਮੋਟਰਸਾਈਕਲ ਸਮੇਤ ਉੱਥੇ ਹੀ ਡਿੱਗ ਪਏ। ਜਦੋਂ ਪੁਲਸ ਨੇ ਉਨ੍ਹਾਂ ਦੀ ਤਲਾਸ਼ੀ ਲਈ ਤਾਂ ਇਕ ਲੁਟੇਰੇ ਦੇ ਕੋਲੋਂ ਦੇਸੀ ਰਿਵਾਲਵਰ ਮਿਲ ਗਈ, ਜਿਨ੍ਹਾਂ ਕੋਲੋਂ ਉਹ ਬੈਗ ਵੀ ਬਰਾਮਦ ਹੋ ਗਿਆ ਜਿਸ ਵਿਚ ਲੁੱਟ ਦੀ ਰਕਮ ਪਈ ਸੀ। ਉਕਤ ਲੁਟੇਰੇ 20 ਤੋਂ 22 ਸਾਲ ਦੀ ਉਮਰ ਦੇ ਹਨ, ਜੋ ਸਾਰੇ ਡੈਨਾਮਿਕ ਕੰਪਨੀ ਖਰੜ ਵਿਚ ਕੰਮ ਕਰਦੇ ਹਨ। ਇਨ੍ਹਾਂ ਨੇ ਜਲਦ ਅਮੀਰ ਬਣਨ ਲਈ ਲੁੱਟ ਦੀਆਂ ਘਟਨਾਵਾਂ ਨੂੰ ਅੰਜਾਮ ਦੇਣ ਦੀ ਸੋਚੀ ਅਤੇ ਲੋਕਾਂ ਨੂੰ ਡਰਾਉਣ ਲਈ ਇਹ ਦੋਸ਼ੀ ਬਿਹਾਰ ਤੋਂ 12 ਬੋਰ ਦਾ ਦੇਸੀ ਰਿਵਾਲਵਰ ਖਰੀਦ ਲਿਆਏ। ਉਸ ਤੋਂ ਬਾਅਦ ਇਨ੍ਹਾਂ ਨੇ ਮਨਵਿੰਦਰ ਸਿੰਘ ਮਿੰਟੂ ਵਾਸੀ ਪਿੰਡ ਤੇਹਿੰਗ ਨੂੰ ਕੋਈ ਮੋਟਾ ਮਾਲਦਾਰ ਸ਼ਿਕਾਰ ਲੱਭਣ ਨੂੰ ਕਿਹਾ, ਜਿਸ ਤੋਂ ਬਾਅਦ ਮਿੰਟੂ ਨੇ ਪਿੰਡ ਨਗਰ ਦੇ ਮਨੀ ਚੇਂਜਰ ਗੁਰਵਿੰਦਰ ਰਾਮ ਦੀ ਦੁਕਾਨ ਦੀ ਰੇਕੀ ਕਰਨੀ ਸ਼ੁਰੂ ਕਰ ਦਿੱਤੀ। ਕੁਝ ਦਿਨ ਦੀ ਰੇਕੀ ਤੋਂ ਬਾਅਦ ਮਿੰਟੂ ਨੂੰ ਪਤਾ ਲੱਗ ਗਿਆ ਕਿ ਗੁਰਵਿੰਦਰ ਰੋਜ਼ਾਨਾ ਲੱਖਾਂ ਰੁਪਏ ਕੈਸ਼ ਲੈ ਕੇ ਦੁਕਾਨ ਤੋਂ ਘਰ ਆਉਂਦਾ ਜਾਂਦਾ ਹੈ। ਉਸੇ ਸੂਚਨਾ ਦੇ ਆਧਾਰ 'ਤੇ ਇਨ੍ਹਾਂ ਨੇ ਬੀਤੇ ਦਿਨ ਗੁਰਵਿੰਦਰ ਨੂੰ ਆਪਣਾ ਸ਼ਿਕਾਰ ਬਣਾ ਲਿਆ ਅਤੇ ਉਸ ਤੋਂ ਰੁਪਏ ਖੋਹ ਕੇ ਨਾਲ ਦੇ ਪਿੰਡ ਵਿਚ ਆ ਕੇ ਲੁਕ ਗਏ। ਅੱਜ ਜਿਵੇਂ ਹੀ ਉਹ ਰੁਪਇਆਂ ਨਾਲ ਭਰਿਆ ਬੈਗ ਲੈ ਕੇ ਨਿਕਲਣ ਲੱਗੇ ਤਾਂ ਪੁਲਸ ਦੇ ਹੱਥੇ ਚੜ੍ਹ ਗਏ।


Related News