ਡਾਕਾ ਮਾਰਨ ਦੀ ਤਿਆਰੀ ਕਰਦੇ 4 ਨੌਜਵਾਨ ਮਾਰੂ ਹਥਿਆਰਾਂ ਸਣੇ ਕਾਬੂ

12/08/2017 4:06:46 AM

ਸਾਹਨੇਵਾਲ(ਜਗਰੂਪ, ਸੰਦੀਪ)-ਕਿਸੇ ਫੈਕਟਰੀ 'ਚ ਡਾਕਾ ਮਾਰਨ ਦੀ ਤਿਆਰੀ ਕਰ ਰਹੇ ਕੁੱਝ ਨੌਜਵਾਨਾਂ ਨੂੰ ਸੀ. ਆਈ. ਏ.-2 ਦੀ ਟੀਮ ਨੇ ਕਾਬੂ ਕਰਨ 'ਚ ਸਫਲਤਾ ਹਾਸਲ ਕੀਤੀ ਹੈ। ਇਸ ਸਬੰਧੀ ਆਯੋਜਿਤ ਪ੍ਰੈੱਸ ਕਾਨਫਰੰਸ ਦੌਰਾਨ ਜ਼ਿਲਾ ਪੁਲਸ ਕਮਿਸ਼ਨਰ ਆਰ. ਐੱਨ. ਢੋਕੇ ਅਤੇ ਏ. ਡੀ. ਸੀ. ਪੀ.-4 ਰਾਜਵੀਰ ਸਿੰਘ ਨੇ ਦੱਸਿਆ ਕਿ ਸੀ. ਆਈ. ਏ.-2 ਦੇ ਇੰਚਾਰਜ ਇੰਸਪੈਕਟਰ ਪ੍ਰੇਮ ਸਿੰਘ ਦੀ ਅਗਵਾਈ ਵਾਲੀ ਪੁਲਸ ਨੂੰ ਗੁਪਤ ਸੂਚਨਾ ਮਿਲੀ ਕਿ ਪਿੰਡ ਰਾਮਗੜ੍ਹ ਨੇੜੇ ਇਕ ਬੇਅਬਾਦ ਪਲਾਟ 'ਚ ਕੁੱਝ ਵਿਅਕਤੀ ਮਾਰੂ ਹਥਿਆਰਾਂ ਸਮੇਤ ਕਿਸੇ ਫੈਕਟਰੀ ਨੂੰ ਲੁੱਟਣ ਦੀ ਯੋਜਨਾ ਬਣਾ ਰਹੇ ਹਨ, ਜਿਸ 'ਤੇ ਪੁਲਸ ਟੀਮ ਨੇ ਤੁਰੰਤ ਮੌਕੇ 'ਤੇ ਛਾਪੇਮਾਰੀ ਕੀਤੀ ਤਾਂ ਉਥੋਂ ਪੁਲਸ ਨੇ ਰਜੇਸ਼ ਕੁਮਾਰ ਪੁੱਤਰ ਕੁਨਕੁਨੀ ਚੌਹਾਨ ਵਾਸੀ ਬੁੱਢੇਵਾਲ ਰੋਡ, ਜੰਡਿਆਲੀ, ਮਹਿੰਦਰ ਸਾਹਨੀ ਪੁੱਤਰ ਪ੍ਰਸ਼ੋਤਮ ਸਾਹਨੀ ਵਾਸੀ ਸ਼ਿੰਗਾਰਾ ਵਾਸੀ ਜੰਡਿਆਲੀ, ਧਰਮਿੰਦਰ ਸਾਹਨੀ ਪੁੱਤਰ ਜਗਨਨਾਥ ਸਾਹਨੀ ਤੇ ਦੀਪੂ ਸਿੰਘ ਪੁੱਤਰ ਪੱਪੂ ਸਿੰਘ ਨੂੰ ਮਾਰੂ ਹਥਿਆਰਾਂ ਸਮੇਤ ਕਾਬੂ ਕੀਤਾ, ਜੋ ਕਿ ਡਾਕਾ ਮਾਰਨ ਦੀ ਤਿਆਰੀ ਕਰ ਰਹੇ ਸਨ। ਪੁਲਸ ਨੇ ਉਕਤ ਚਾਰਾਂ ਪਾਸੋਂ 6 ਚੋਰੀਸ਼ੁਦਾ ਮੋਟਰਸਾਈਕਲ, 2 ਕਿਰਪਾਨਾਂ, ਇਕ ਲੋਹੇ ਦੀ ਰਾਡ, ਇਕ ਟੀ. ਵੀ. ਐੱਸ. ਸਕੂਟਰੀ ਬਰਾਮਦ ਕੀਤੀ ਹੈ। ਪੁਲਸ ਕਮਿਸ਼ਨਰ ਨੇ ਦੱਸਿਆ ਕਿ ਪੁਲਸ ਟੀਮ ਵੱਲੋਂ ਅੱਗੇ ਦੀ ਜਾਂਚ ਕੀਤੀ ਜਾ ਰਹੀ ਹੈ, ਜਿਨ੍ਹਾਂ ਕੋਲੋਂ ਪੁੱਛਗਿੱਛ ਦੌਰਾਨ ਹੋਰ ਵੀ ਕਈ ਮਾਮਲੇ ਹੱਲ ਹੋਣ ਦੀ ਉਮੀਦ ਹੈ, ਜਿਨ੍ਹਾਂ ਖਿਲਾਫ ਥਾਣਾ ਸਾਹਨੇਵਾਲ 'ਚ ਮੁਕੱਦਮਾ ਦਰਜ ਕਰ ਕੇ ਜਾਂਚ ਸ਼ੁਰੂ ਕੀਤੀ ਗਈ ਹੈ। ਇਸੇ ਦੌਰਾਨ ਥਾਣੇਦਾਰ ਸ਼ਿਆਮ ਚੰਦ ਦੀ ਪੁਲਸ ਪਾਰਟੀ ਨੇ ਜ਼ਿਮੀਂਦਾਰਾ ਢਾਬੇ ਦੇ ਨੇੜੇ ਤੋਂ ਛਿੰਦੋ ਰਾਣੀ ਪਤਨੀ ਸਵ. ਕਾਲੇ ਰਾਮ ਵਾਸੀ ਪ੍ਰੇਮ ਕਾਲੋਨੀ, ਨੰਦਪੁਰ ਨੂੰ 25 ਗ੍ਰਾਮ ਹੈਰੋਇਨ ਸਣੇ ਕਾਬੂ ਕਰਨ 'ਚ ਸਫਲਤਾ ਹਾਸਲ ਕੀਤੀ ਹੈ। ਪੁਲਸ ਜਾਂਚ ਦੌਰਾਨ ਸਾਹਮਣੇ ਆਇਆ ਕਿ ਉਕਤ ਔਰਤ ਕਥਿਤ ਰੂਪ ਨਾਲ ਨਸ਼ੇ ਦੀ ਸਮੱਗਲਿੰਗ ਦਾ ਕੰਮ ਕਰਦੀ ਹੈ, ਜਿਸ ਖਿਲਾਫ ਪੁਲਸ ਨੇ ਥਾਣਾ ਸਾਹਨੇਵਾਲ 'ਚ ਐੱਨ. ਡੀ. ਪੀ. ਐੱਸ. ਐਕਟ ਤਹਿਤ ਮੁਕੱਦਮਾ ਦਰਜ ਕਰ ਕੇ ਅੱਗੇ ਦੀ ਜਾਂਚ ਸ਼ੁਰੂ ਕੀਤੀ ਹੈ।


Related News