ਦੇਹ ਵਪਾਰ ਦਾ ਧੰਦਾ ਚਲਾਉਣ ਵਾਲੇ ਪਤੀ-ਪਤਨੀ ਦਾ ਪਰਦਾਫਾਸ਼

Wednesday, Nov 01, 2017 - 06:56 AM (IST)

ਦੇਹ ਵਪਾਰ ਦਾ ਧੰਦਾ ਚਲਾਉਣ ਵਾਲੇ ਪਤੀ-ਪਤਨੀ ਦਾ ਪਰਦਾਫਾਸ਼

ਮੰਡੀ ਗੋਬਿੰਦਗੜ੍ਹ(ਮੱਗੋ)-ਲੋਹਾ ਨਗਰੀ ਮੰਡੀ ਗੋਬਿੰਦਗੜ੍ਹ ਦੀ ਪੁਲਸ ਨੇ ਪਿੰਡ ਅਜਨਾਲੀ 'ਚ ਚੱਲ ਰਹੇ ਜਿਸਮਫਰੋਸ਼ੀ ਦੇ ਅੱਡੇ ਦਾ ਪਰਦਾਫਾਸ਼ ਕਰਨ ਦਾ ਦਾਅਵਾ ਕੀਤਾ ਹੈ। ਪਿੰਡ ਅਜਨਾਲੀ ਦਾ ਇਕ ਪਰਿਵਾਰ ਲਾਚਾਰ, ਬੇਵੱਸ ਤੇ ਜ਼ਰੂਰਤਮੰਦ ਗਰੀਬ ਔਰਤਾਂ ਦਾ ਨਾਜਾਇਜ਼ ਫਾਇਦਾ ਉਠਾ ਕੇ ਉਨ੍ਹਾਂ ਤੋਂ ਜਿਸਮਫਰੋਸ਼ੀ ਦਾ ਧੰਦਾ ਕਰਵਾ ਕੇ ਚੋਖੀ ਕਮਾਈ ਕਰਦਾ ਸੀ। ਪੁਲਸ ਨੇ ਪਿੰਡ ਅਜਨਾਲੀ ਦੇ ਪਤੀ-ਪਤਨੀ ਅਤੇ 7-8 ਅਣਪਛਾਤੀਆਂ ਔਰਤਾਂ ਤੇ 2-3 ਵਿਅਕਤੀਆਂ ਖਿਲਾਫ ਮੁਕੱਦਮਾ ਦਰਜ ਕੀਤਾ ਹੈ। ਪੁਲਸ ਵੱਲੋਂ ਦਾਅਵਾ ਕਰਦੇ ਹੋਏ ਥਾਣਾ ਮੁਖੀ ਸੁੱਖਵੀਰ ਸਿੰਘ ਨੇ ਦੱਸਿਆ ਕਿ ਥਾਣਾ ਗੋਬਿੰਦਗੜ੍ਹ ਦੀ ਪੁਲਸ ਨੂੰ ਮੁਖਬਰ ਨੇ ਇਤਲਾਹ ਦਿੱਤੀ ਕਿ ਜੈ ਪ੍ਰਕਾਸ਼ ਯਾਦਵ ਪੁੱਤਰ ਸਵੀਤ ਯਾਦਵ ਤੇ ਉਸ ਦੀ ਘਰ ਵਾਲੀ ਬਿਟੂ ਦੇਵੀ ਆਪਣੇ ਘਰ 'ਚ ਕੁੱਝ ਔਰਤਾਂ ਨੂੰ ਉਨ੍ਹਾਂ ਦੀ ਗਰੀਬੀ ਦਾ ਨਾਜਾਇਜ਼ ਫਾਇਦਾ ਉਠਾ ਕੇ ਉਨ੍ਹਾਂ ਪਾਸੋਂ ਬਦਕਾਰੀ ਦਾ ਧੰਦਾ ਕਰਵਾਉਂਦੇ ਹਨ। ਅੱਜ ਵੀ ਉਨ੍ਹਾਂ ਆਪਣੇ ਕਿਰਾਏ ਦੇ ਮਕਾਨ 'ਚ 8-9 ਔਰਤਾਂ ਅਤੇ 2-3 ਵਿਅਕਤੀ ਬੁਲਾਏ ਹੋਏ ਹਨ। ਬਦਕਾਰੀ ਦਾ ਇਹ ਧੰਦਾ ਕਰਵਾਉਣ ਵਾਲੇ ਇਕੱਠੀ ਹੋਈ ਰਕਮ 'ਚੋਂ ਕੁੱਝ ਹਿੱਸਾ ਉਨ੍ਹਾਂ ਔਰਤਾਂ ਨੂੰ ਦੇ ਕੇ ਬਾਕੀ ਦੀ ਰਕਮ ਆਪ ਰੱਖ ਲੈਂਦੇ ਸਨ। ਆਂਢ-ਗੁਆਂਢ ਅਤੇ ਸਮਾਜ 'ਚ ਇਸ ਧੰਦੇ ਦਾ ਬੁਰਾ ਪ੍ਰਭਾਵ ਪੈ ਰਿਹਾ ਹੈ। ਇਸ 'ਤੇ ਗੋਬਿੰਦਗੜ੍ਹ ਦੀ ਪੁਲਸ ਪਾਰਟੀ ਨੇ ਤੁਰੰਤ ਕਾਰਵਾਈ ਕਰਦੇ ਹੋਏ ਜੈ ਪ੍ਰਕਾਸ਼ ਯਾਦਵ ਵਾਸੀ ਪਿੰਡ ਅਜਨਾਲੀ ਦੇ ਘਰ ਛਾਪਾਮਾਰੀ ਕੀਤੀ ਜਿਥੋਂ ਪੁਲਸ ਨੇ ਅੱਡਾ ਚਲਾਉਣ ਵਾਲੇ ਜੈ ਪ੍ਰਕਾਸ਼ ਯਾਦਵ ਅਤੇ ਉਸ ਦੀ ਪਤਨੀ ਬਿੱਟੂ ਤੇ 7-8 ਅਣਪਛਾਤੀਆਂ ਔਰਤਾਂ ਤੇ 2-3 ਵਿਅਕਤੀਆਂ ਨੂੰ ਕਾਬੂ ਕਰ ਕੇ ਕਾਰਵਾਈ ਅਮਲ 'ਚ ਲਿਆਂਦੀ ਹੈ। ਇਸ ਤੋਂ ਇਲਾਵਾ ਜੈ ਪ੍ਰਕਾਸ਼ ਯਾਦਵ ਅਤੇ ਉਸ ਦੀ ਪਤਨੀ ਬਿੱਟੂ ਨੂੰ ਮਾਣਯੋਗ ਅਦਾਲਤ ਅਮਲੋਹ 'ਚ ਪੇਸ਼ ਕੀਤਾ ਗਿਆ ਜਿਥੇ ਮਾਣਯੋਗ ਜੱਜ ਸਾਹਿਬ ਨੇ 14/11/2017 ਤੱਕ ਜੁਡੀਸ਼ੀਅਲ ਜੇਲ ਨਾਭਾ 'ਚ ਭੇਜ ਦਿੱਤਾ ਹੈ ਅਤੇ ਬਾਕੀ ਅਣਪਛਾਤੀਆਂ ਔਰਤਾਂ ਤੇ ਵਿਅਕਤੀਆਂ ਦੇ ਬਿਆਨ ਦਰਜ ਕਰ ਕੇ ਉਨ੍ਹਾਂ ਨੂੰ ਬਰ-ਜ਼ਮਾਨਤ ਰਿਹਾਅ ਕਰ ਦਿੱਤਾ ਗਿਆ ਹੈ।


Related News