''ਚਿੱਟੇ'' ਲਈ ਕਰਦੇ ਸਨ ਚੋਰੀਆਂ, 2 ਕਾਬੂ
Friday, Oct 06, 2017 - 06:25 AM (IST)

ਜਲੰਧਰ(ਸ਼ੋਰੀ)-ਥਾਣਾ 5 ਦੀ ਪੁਲਸ ਨੇ ਚੋਰੀਆਂ ਕਰਨ ਵਾਲੇ 2 ਨੌਜਵਾਨਾਂ ਨੂੰ ਚੋਰੀਸ਼ੁਦਾ ਸਾਮਾਨ ਦੇ ਨਾਲ ਕਾਬੂ ਕੀਤਾ ਹੈ। ਜਾਂਚ ਵਿਚ ਪਤਾ ਲੱਗਾ ਹੈ ਕਿ ਦੋਵੇਂ 'ਚਿੱਟਾ' ਪੀਣ ਦੇ ਆਦੀ ਹਨ ਤੇ ਨਸ਼ੇ ਦੀ ਪੂਰਤੀ ਲਈ ਚੋਰੀਆਂ ਕਰਦੇ ਸਨ। ਏ. ਸੀ. ਪੀ. ਵੈਸਟ ਕੈਲਾਸ਼ ਚੰਦਰ ਨੇ ਦੱਸਿਆ ਕਿ ਉਨ੍ਹਾਂ ਨੂੰ ਸੂਚਨਾ ਮਿਲੀ ਸੀ ਕਿ 2 ਨੌਜਵਾਨ ਚੋਰੀਸ਼ੁਦਾ ਸਾਮਾਨ ਵੇਚਣ ਦੀ ਫਿਰਾਕ ਵਿਚ ਹਨ। ਉਨ੍ਹਾਂ ਨੇ ਤੁਰੰਤ ਐੱਸ. ਐੱਸ. ਓ. ਸੁਖਵੀਰ ਸਿੰਘ ਦੀ ਡਿਊਟੀ ਲਾਈ। ਪੁਲਸ ਨੇ ਮੋਟਰਸਾਈਕਲ ਸਵਾਰ ਕਮਲਜੀਤ ਸਿੰਘ ਪੁੱਤਰ ਅਨਿਲ ਵਾਸੀ ਅਮਨ ਨਗਰ ਤੇ ਮਨਪ੍ਰੀਤ ਸਿੰਘ ਪੁੱਤਰ ਗੁਰਬਚਨ ਸਿੰਘ ਵਾਸੀ ਨਿਊ ਮਾਡਲ ਹਾਊਸ ਨੂੰ ਕਾਬੂ ਕੀਤਾ। ਪੁਲਸ ਨੇ ਇਨ੍ਹਾਂ ਕੋਲੋਂ 11 ਹਜ਼ਾਰ ਦੀ ਨਕਦੀ, ਮਹਿੰਗੀ ਘੜੀ ਤੇ ਜੈਕੇਟ ਆਦਿ ਸਾਮਾਨ ਬਰਾਮਦ ਕੀਤਾ। ਏ. ਸੀ. ਪੀ. ਕੈਲਾਸ਼ ਚੰਦਰ ਨੇ ਦੱਸਿਆ ਕਿ ਪੁਲਸ ਨੇ ਦੋਵਾਂ ਖਿਲਾਫ ਕੇਸ ਦਰਜ ਕਰ ਕੇ ਉਨ੍ਹਾਂ ਦਾ ਰਿਮਾਂਡ ਹਾਸਲ ਕਰ ਲਿਆ ਹੈ। ਦੋਵਾਂ ਮੁਲਜ਼ਮਾਂ ਕੋਲੋਂ 2 ਐੱਲ. ਈ. ਡੀ. ਤੇ ਐਪਲ ਦਾ ਲੈਪਟਾਪ ਬਰਾਮਦ ਕੀਤਾ ਗਿਆ ਹੈ। ਥਾਣਾ ਨੰ. 6 'ਚ ਹੋਈਆਂ ਚੋਰੀਆਂ ਥਾਣਾ ਨੰ. 5 ਨੇ ਕੀਤੀਆਂ ਹੱਲ : ਥਾਣਾ 5 ਦੀ ਪੁਲਸ ਵਲੋਂ ਕਾਬੂ ਦੋਵੇਂ ਮੁਲਜ਼ਮਾਂ ਨੇ ਥਾਣਾ 6 ਦੇ ਇਲਾਕੇ ਵਿਚ ਕਈ ਦੁਕਾਨਾਂ ਦੇ ਰਾਤ ਨੂੰ ਸ਼ਟਰ ਤੋੜ ਕੇ ਚੋਰੀ ਦੀਆਂ ਵਾਰਦਾਤਾਂ ਨੂੰ ਅੰਜਾਮ ਦਿੱਤਾ। ਏ. ਸੀ. ਪੀ. ਕੈਲਾਸ਼ ਚੰਦਰ ਮੁਤਾਬਿਕ ਦੋਵਾਂ ਨੇ ਹੁਣ ਤਕ ਕਰੀਬ 6 ਚੋਰੀਆਂ ਥਾਣਾ 6 ਦੇ ਇਲਾਕੇ ਵਿਚ ਕੀਤੀਆਂ। ਉਥੇ ਸੂਤਰਾਂ ਤੋਂ ਪਤਾ ਲੱਗਾ ਹੈ ਕਿ ਦੋਵੇਂ ਨੌਜਵਾਨ 'ਚਿੱਟਾ' ਪੀਣ ਦੇ ਆਦੀ ਸਨ ਤੇ 'ਚਿੱਟਾ' ਤੇਜ ਮੋਹਨ ਨਗਰ ਇਲਾਕੇ ਦੇ ਇਕ ਵਿਅਕਤੀ ਕੋਲੋਂ ਖਰੀਦ ਕੇ ਨਸ਼ਾ ਕਰਦੇ ਸਨ। ਪੁਲਸ ਉਕਤ ਵਿਅਕਤੀ ਦੀ ਵੀ ਭਾਲ ਕਰ ਰਹੀ ਹੈ।