ਟੈਂਟ ਉਤਾਰ ਰਹੇ ਵਿਅਕਤੀ ਨੇ ਕਾਬੂ ਕਰਵਾਏ ਝਪਟਮਾਰ

09/23/2017 3:39:00 AM

ਲੁਧਿਆਣਾ(ਰਾਮ)-ਇਕ ਟੈਂਟ ਮਾਲਕ ਦੀ ਮੁਸਤੈਦੀ ਨਾਲ ਲੋਕਾਂ ਨੇ ਮੋਟਰਸਾਈਕਲ ਸਵਾਰ ਦੋ ਝਪਟਮਾਰਾਂ ਨੂੰ ਕਾਬੂ ਕਰ ਕੇ ਪੁਲਸ ਹਵਾਲੇ ਕਰਨ 'ਚ ਸਫਲਤਾ ਹਾਸਲ ਕੀਤੀ ਹੈ, ਜੋ ਕਿ ਪੈਦਲ ਜਾ ਰਹੇ ਇਕ ਪਤੀ-ਪਤਨੀ ਪਾਸੋਂ ਝਪਟਮਾਰੀ ਕਰ ਕੇ ਭੱਜ ਰਹੇ ਸਨ, ਜਿਨ੍ਹਾਂ ਪਾਸੋਂ ਪੁਲਸ ਪੁੱਛਗਿੱਛ ਕਰ ਰਹੀ ਹੈ।   ਪ੍ਰਾਪਤ ਜਾਣਕਾਰੀ ਅਨੁਸਾਰ ਈ. ਡਬਲਯੂ. ਐੱਸ. ਕਾਲੋਨੀ, ਤਾਜਪੁਰ ਰੋਡ ਦੇ ਰਹਿਣ ਵਾਲੇ ਆਰਿਫ ਮਸੀਹ ਨੇ ਦੱਸਿਆ ਕਿ ਉਹ ਆਪਣੀ ਪਤਨੀ ਸੀਮਾ ਨਾਲ ਸੀ. ਐੱਮ. ਸੀ. ਹਸਪਤਾਲ ਤੋਂ ਕਿਸੇ ਰਿਸ਼ਤੇਦਾਰ ਦਾ ਪਤਾ ਲੈਣ ਦੇ ਬਾਅਦ ਘਰ ਵਾਪਸ ਪਰਤ ਰਹੇ ਸਨ। ਰਸਤੇ 'ਚ ਗੁਰੂ ਅਰਜਨ ਦੇਵ ਨਗਰ ਤੋਂ ਕਾਲੋਨੀ ਦੇ ਰਸਤੇ ਜਾਂਦੇ ਹੋਏ ਪਿੱਛਿਓਂ ਸਪਲੈਂਡਰ ਮੋਟਰਸਾਈਕਲ ਸਵਾਰ ਦੋ ਨੌਜਵਾਨ ਆਏ, ਜਿਨ੍ਹਾਂ ਨੇ ਉਸ ਦੀ ਪਤਨੀ ਦੇ ਕੰਨ ਦੀ ਇਕ ਵਾਲੀ ਝਪਟ ਲਈ, ਜਦੋਂ ਉਹ ਦੂਸਰੀ ਵਾਲੀ ਝਪਟਣ ਲੱਗੇ ਤਾਂ ਉਨ੍ਹਾਂ ਰੌਲਾ ਪਾ ਦਿੱਤਾ। ਜਦੋਂ ਉਹ ਭੱਜ ਰਹੇ ਸਨ ਤਾਂ ਰਸਤੇ 'ਚ ਇਕ ਟੈਂਟ ਉਤਾਰ ਰਹੇ ਵਿਅਕਤੀ ਨੇ ਦੇਖਿਆ ਤਾਂ ਉਸ ਨੇ ਆਪਣੇ ਆਟੋ ਦਾ ਦਰਵਾਜ਼ਾ ਖੋਲ੍ਹ ਕੇ ਉਨ੍ਹਾਂ ਨੂੰ ਸੁੱਟ ਕੇ ਦਬੋਚ ਲਿਆ, ਜਿਨ੍ਹਾਂ ਨੂੰ ਫੜ ਕੇ ਥਾਣਾ ਡਵੀਜ਼ਨ ਨੰ. 7 ਦੀ ਪੁਲਸ ਦੇ ਹਵਾਲੇ ਕਰ ਦਿੱਤਾ ਗਿਆ। ਜਦੋਂ ਇਸ ਸਬੰਧੀ ਥਾਣਾ ਪੁਲਸ ਨਾਲ ਸੰਪਰਕ ਕੀਤਾ ਗਿਆ ਤਾਂ ਥਾਣਾ ਮੁਖੀ ਨੇ ਦੱਸਿਆ ਕਿ ਪੁਲਸ ਨੇ ਦੋਵਾਂ ਝਪਟਮਾਰਾਂ ਖਿਲਾਫ ਮੁਕੱਦਮਾ ਦਰਜ ਕਰ ਲਿਆ ਹੈ, ਜਿਨ੍ਹਾਂ ਦੀ ਪਛਾਣ ਵਿਜੇ ਕੁਮਾਰ ਪੁੱਤਰ ਰਾਮ ਚੰਦ ਵਾਸੀ ਰਾਮ ਨਗਰ, ਮੂੰਡੀਆਂ ਕਲਾਂ ਅਤੇ ਮਲਕੀਤ ਸਿੰਘ ਵਾਸੀ ਸ਼ਕਤੀ ਨਗਰ ਦੇ ਰੂਪ 'ਚ ਹੋਈ ਹੈ। ਇਕ ਵਾਲੀ ਲੱਭੀ, ਦੂਜੀ ਗੁਆਚੀ 
ਥਾਣਾ ਮੁਖੀ ਨੇ ਦੱਸਿਆ ਕਿ ਮੁੱਢਲੀ ਜਾਂਚ ਦੌਰਾਨ ਮਹਿਲਾ ਦੇ ਕੰਨ ਦੀ ਇਕ ਵਾਲੀ ਬਰਾਮਦ ਹੋ ਗਈ ਹੈ, ਜਦਕਿ ਦੂਸਰੀ ਵਾਲੀ ਇਸ ਦੌਰਾਨ ਗੁਆਚ ਗਈ ਹੈ, ਜਿਸ ਸਬੰਧੀ ਵੀ ਜਾਂਚ ਕੀਤੀ ਜਾ ਰਹੀ ਹੈ। 


Related News