68 ਲੱਖ ਰੁਪਏ ਦੀ ਪੁਰਾਣੀ ਭਾਰਤੀ ਕਰੰਸੀ ਸਣੇ 4 ਕਾਬੂ

09/21/2017 3:15:15 AM

ਪਾਇਲ(ਵਿਨਾਇਕ, ਬਿੱਟੂ)-ਪਾਇਲ ਪੁਲਸ ਨੂੰ ਦੇਰ ਰਾਤ ਉਸ ਸਮੇਂ ਵੱਡੀ ਸਫਲਤਾ ਮਿਲੀ, ਜਦੋਂ ਥਾਣਾ ਮੁਖੀ ਗੁਰਮੇਲ ਸਿੰਘ ਐੱਸ. ਐੱਚ. ਓ. ਦੀ ਅਗਵਾਈ 'ਚ ਪੁਲਸ ਪਾਰਟੀ ਵੱਲੋਂ ਕੀਤੀ ਗਈ ਸਪੈਸ਼ਲ ਨਾਕਾਬੰਦੀ ਅਤੇ ਚੈਕਿੰਗ ਦੌਰਾਨ ਕਾਰ ਸਮੇਤ 4 ਨੌਜਵਾਨਾਂ ਨੂੰ ਕਾਬੂ ਕਰ ਕੇ ਉਨ੍ਹਾਂ ਦੇ ਕਬਜ਼ੇ 'ਚੋਂ 68 ਲੱਖ ਰੁਪਏ ਦੇ ਪੁਰਾਣੇ ਨੋਟਾਂ ਦੀ ਭਾਰਤੀ ਕਰੰਸੀ ਬਰਾਮਦ ਕੀਤੀ। ਕਥਿਤ ਦੋਸ਼ੀਆਂ ਦੀ ਪਛਾਣ ਡਰਾਈਵਰ ਮਨਦੀਪ ਸਿੰਘ ਪੁੱਤਰ ਸੁਰਿੰਦਰ ਸਿੰਘ, ਗੁਰਵਿੰਦਰ ਸਿੰਘ ਪੁੱਤਰ ਦਰਸ਼ਨ ਸਿੰਘ, ਰਣਜੀਤ ਸਿੰਘ ਪੁੱਤਰ ਸੁਖਵਿੰਦਰ ਸਿੰਘ ਅਤੇ ਦਿਨੇਸ਼ ਕੁਮਾਰ ਜੈਨ ਪੁੱਤਰ ਸੁਭਾਸ਼ ਕੁਮਾਰ ਸਾਰੇ ਵਾਸੀ ਲੁਧਿਆਣਾ ਵਜੋਂ ਹੋਈ ਹੈ। ਐੱਸ. ਐੱਸ. ਪੀ. ਨਵਜੋਤ ਸਿੰਘ ਮਾਹਲ ਨੇ ਪ੍ਰੈੱਸ ਨੂੰ ਜਾਣਕਾਰੀ ਦਿੰਦੇ ਹੋਏ ਦੱਸਿਆ ਕਿ ਥਾਣਾ ਮੁਖੀ ਗੁਰਮੇਲ ਸਿੰਘ ਐੱਸ. ਐੱਚ. ਓ. ਦੀ ਅਗਵਾਈ 'ਚ ਪੁਲਸ ਪਾਰਟੀ ਵੱਲੋਂ ਟੀ ਪੁਆਇੰਟ ਬਰਮਾਲੀਪੁਰ ਰੋਡ, ਪਾਇਲ ਵਿਖੇ ਰਾਤ 9 ਵਜੇ ਦੇ ਕਰੀਬ ਸਪੈਸ਼ਲ ਨਾਕਾਬੰਦੀ ਕਰ ਕੇ ਵ੍ਹੀਕਲਾਂ ਤੇ ਸ਼ੱਕੀ ਵਿਅਕਤੀਆਂ ਦੀ ਚੈਕਿੰਗ ਕੀਤੀ ਜਾ ਰਹੀ ਸੀ ਕਿ ਇਸ ਦੌਰਾਨ ਬੀਜਾ ਸਾਈਡ ਵੱਲੋਂ ਇਕ ਸਫੈਦ ਗੱਡੀ ਆਉਂਦੀ ਦਿਖਾਈ ਦਿੱਤੀ, ਜਦੋਂ ਪੁਲਸ ਪਾਰਟੀ ਨੇ ਸ਼ੱਕ ਦੇ ਆਧਾਰ ਗੱਡੀ ਨੂੰ ਰੋਕ ਕੇ ਇਸ ਦੀ ਤਲਾਸ਼ੀ ਲਈ ਤਾਂ ਡਰਾਈਵਰ ਮਨਦੀਪ ਸਿੰਘ ਕੋਲੋਂ 4 ਲੱਖ ਰੁਪਏ ਪੁਰਾਣੀ ਭਾਰਤੀ ਕਰੰਸੀ, ਉਸ ਨਾਲ ਬੈਠੇ ਗੁਰਵਿੰਦਰ ਸਿੰਘ ਕੋਲੋਂ 28 ਲੱਖ ਰੁਪਏ ਪੁਰਾਣੀ ਭਾਰਤੀ ਕਰੰਸੀ, ਪਿਛੇ ਬੈਠੇ ਰਣਜੀਤ ਸਿੰਘ ਕੋਲੋਂ 24 ਲੱਖ ਰੁਪਏ ਪੁਰਾਣੀ ਭਾਰਤੀ ਕਰੰਸੀ ਅਤੇ ਦਿਨੇਸ਼ ਕੁਮਾਰ ਜੈਨ ਕੋਲੋਂ 12 ਲੱਖ ਰੁਪਏ ਪੁਰਾਣੀ ਭਾਰਤੀ ਕਰੰਸੀ ਬਰਾਮਦ ਹੋਈ। ਉਨ੍ਹਾਂ ਦੱਸਿਆ ਕਿ ਇਹ ਸਾਰੇ ਵਿਅਕਤੀ ਉਕਤ ਕਰੰਸੀ ਬਾਰੇ ਕੋਈ ਵੀ ਦਸਤਾਵੇਜ਼ ਜਾਂ ਸਬੂਤ ਪੇਸ਼ ਨਹੀਂ ਕਰ ਸਕੇ, ਜਿਸ 'ਤੇ ਪੁਲਸ ਪਾਰਟੀ ਵੱਲੋਂ ਪੁਰਾਣੀ ਕਰੰਸੀ ਅਤੇ ਕਾਰ ਨੂੰ ਕਬਜ਼ੇ 'ਚ ਲੈ ਲਿਆ ਗਿਆ ਅਤੇ ਕਥਿਤ ਦੋਸ਼ੀਆਂ ਖਿਲਾਫ ਕੇਸ ਦਰਜ ਕਰ ਕੇ ਇਨ੍ਹਾਂ ਨੂੰ ਗ੍ਰਿਫਤਾਰ ਕਰ ਲਿਆ ਗਿਆ। 


Related News