3 ਕਰੋੜ 30 ਲੱਖ ਦਾ ਘਪਲਾ, ਕਲਰਕ ਗ੍ਰਿਫਤਾਰ
Friday, Sep 01, 2017 - 06:55 AM (IST)

ਪੱਟੀ(ਬੇਅੰਤ)-ਅੰਮ੍ਰਿਤਸਰ ਤੋਂ ਬਠਿੰਡਾ ਤੱਕ ਬਣਾਈ ਜਾ ਰਹੀ ਚਾਰ ਮਾਰਗੀ ਸੜਕ ਲਈ ਜ਼ਮੀਨ ਐਕਵਾਇਰ ਕੀਤੀ ਗਈ ਸੀ ਅਤੇ ਐਕਵਾਇਰ ਹੋਈ ਜ਼ਮੀਨ ਦੀ ਬਣਦੀ ਰਾਸ਼ੀ ਸਰਕਾਰ ਵੱਲੋਂ ਚੈੱਕਾਂ ਰਾਹੀਂ ਜ਼ਮੀਨ ਦੇ ਮਾਲਕਾਂ ਨੂੰ ਦਿੱਤੀ ਗਈ ਸੀ ਪਰ ਐੱਸ. ਡੀ. ਐੱਮ. ਦਫਤਰ ਪੱਟੀ ਵੱਲੋਂ ਚੈੱਕ ਜਾਰੀ ਕਰਦੇ ਸਮੇਂ ਕਰੋੜਾਂ ਰੁਪਏ ਦੀ ਰਾਸ਼ੀ ਦਾ ਘਪਲਾ ਹੋਣ ਦਾ ਮਾਮਲਾ ਸਾਹਮਣੇ ਆਇਆ ਸੀ। ਘਪਲਾ ਸਾਹਮਣੇ ਆਉਣ 'ਤੇ ਮਈ 2016 ਨੂੰ ਪੱਟੀ ਸਬ-ਡਵੀਜ਼ਨ ਦੇ ਤਤਕਾਲੀ ਐੱਸ. ਡੀ. ਐੱਮ. ਅਮਨਦੀਪ ਸਿੰਘ ਭੱਟੀ ਵੱਲੋਂ ਜ਼ਿਲਾ ਤਰਨਤਾਰਨ ਦੇ ਡਿਪਟੀ ਕਮਿਸ਼ਨਰ ਨੂੰ ਜਾਣੂ ਕਰਵਾਇਆ ਗਿਆ ਅਤੇ ਉਕਤ ਘਪਲੇ ਦੀ ਜਾਂਚ ਹੋਣ ਤੋਂ ਬਾਅਦ 9 ਲੋਕਾਂ ਨੂੰ 3 ਕਰੋੜ 30 ਲੱਖ 11 ਹਜ਼ਾਰ 340 ਰੁਪਏ ਦਾ ਗਬਨ ਕਰਨ ਦਾ ਜ਼ਿੰਮੇਵਾਰ ਠਹਿਰਾਇਆ ਗਿਆ ਸੀ ਅਤੇ ਪੁਲਸ ਵੱਲੋਂ ਘਪਲੇ ਵਿਚ ਸ਼ਾਮਲ ਲੋਕਾਂ 'ਤੇ ਮਾਮਲਾ ਦਰਜ ਕਰ ਕੇ ਉਨ੍ਹਾਂ ਨੂੰ ਗ੍ਰਿਫਤਾਰ ਕਰ ਲਿਆ ਗਿਆ ਸੀ ਪਰ ਉਕਤ ਮਾਮਲੇ ਅੰਦਰ ਨਵਾਂ ਮੋੜ ਉਸ ਸਮੇਂ ਸਾਹਮਣੇ ਆਇਆ ਜਦੋਂ ਹੁਣ ਕਰੋੜਾਂ ਰੁਪਏ ਦੇ ਘਪਲੇ ਅੰਦਰ ਐੱਸ. ਡੀ. ਐੱਮ. ਦਫਤਰ ਪੱਟੀ ਦੇ ਕਲਰਕ ਰੋਸ਼ਨ ਸਿੰਘ ਨੂੰ ਅੱਜ ਪੁਲਸ ਵੱਲੋਂ ਗ੍ਰਿਫਤਾਰ ਕਰ ਲਿਆ ਗਿਆ ਹੈ। ਪੁਲਸ ਸੂਤਰਾਂ ਮੁਤਾਬਕ ਗ੍ਰਿਫਤਾਰ ਕੀਤੇ ਗਏ ਕਲਰਕ ਦਾ ਮਾਣਯੋਗ ਅਦਾਲਤ ਤੋਂ ਚਾਰ ਦਿਨ ਦਾ ਰਿਮਾਂਡ ਹਾਸਲ ਕੀਤਾ ਗਿਆ ਹੈ, ਜਿਸ ਦੌਰਾਨ ਉਕਤ ਮਾਮਲੇ ਅੰਦਰ ਕੁਝ ਅਹਿਮ ਸੁਰਾਗ ਮਿਲਣ ਦੀ ਸੰਭਾਵਨਾ ਹੈ।