ਪੁਲਸ ਵੱਲੋਂ ਦੋਵੇਂ ਵਰਕਰ, ਸਾਬਕਾ ਕਰਮਚਾਰੀ ਤੇ ਸਹਾਇਕ ਮੈਨੇਜਰ ਗ੍ਰਿਫਤਾਰ
Friday, Sep 01, 2017 - 03:39 AM (IST)

ਮਾਮਲਾ ਏ. ਟੀ. ਐੱਮ. ਮਸ਼ੀਨਾਂ 'ਚ ਪੈਸੇ ਪਾਉਣ ਵਾਲੀ ਕੰਪਨੀ ਦੇ ਵਰਕਰਾਂ ਵੱਲੋਂ ਕੀਤੇ ਧੋਖੇ ਦਾ
ਲੁਧਿਆਣਾ(ਰਿਸ਼ੀ)-ਏ. ਟੀ. ਐੱਮ. ਮਸ਼ੀਨਾਂ 'ਚ ਪੈਸੇ ਪਾਉਣ ਵਾਲੀ ਕੰਪਨੀ ਐੱਸ. ਆਈ. ਐੱਸ. ਦੇ 2 ਵਰਕਰਾਂ ਵੱਲੋਂ ਬੀਤੀ 4 ਅਗਸਤ ਨੂੰ ਏ. ਟੀ. ਐੱਮ. 'ਚ ਪਾਉਣ ਲਈ ਬੈਂਕਾਂ ਤੋਂ 60 ਲੱਖ ਰੁਪਏ ਲੈ ਕੇ ਫਰਾਰ ਹੋਣ ਦੇ ਮਾਮਲੇ ਨੂੰ ਪੁਲਸ ਨੇ ਹੱਲ ਕਰ ਲਿਆ ਹੈ। ਇਸ ਕੇਸ 'ਚ ਪੁਲਸ ਨੇ ਦੋਵਾਂ ਵਰਕਰਾਂ ਨੂੰ ਗ੍ਰਿਫਤਾਰ ਕੀਤਾ ਹੈ। ਇਸੇ ਦੇ ਨਾਲ ਪੁਲਸ ਨੇ ਧੋਖਾਦੇਹੀ ਕਰਨ 'ਚ ਸਾਥ ਦੇਣ ਵਾਲੇ ਕੰਪਨੀ ਦੇ ਸਾਬਕਾ ਕਰਮਚਾਰੀ ਤੇ ਸਹਾਇਕ ਮੈਨੇਜਰ ਨੂੰ ਵੀ ਨਾਮਜ਼ਦ ਕਰ ਕੇ ਗ੍ਰਿਫਤਾਰ ਕਰ ਲਿਆ ਹੈ। ਪੁਲਸ ਨੂੰ ਸਾਰਿਆਂ ਕੋਲੋਂ 56 ਲੱਖ 34 ਹਜ਼ਾਰ ਕੈਸ਼, 2 ਲੱਖ ਦੀ ਜਿਊਲਰੀ, 6 ਵੱਖ-ਵੱਖ ਕੰਪਨੀਆਂ ਦੇ ਮੋਬਾਇਲ ਫੋਨ, ਇਕ ਲੈਪਟਾਪ, ਵਾਰਦਾਤ 'ਚ ਵਰਤੀ ਗਈ ਐਕਟਿਵਾ ਬਰਾਮਦ ਹੋਈ ਹੈ। ਉਪਰੋਕਤ ਜਾਣਕਾਰੀ ਪੁਲਸ ਕਮਿਸ਼ਨਰ ਆਰ. ਐੱਨ. ਢੋਕੇ, ਡੀ. ਸੀ. ਪੀ. ਕ੍ਰਾਈਮ ਗਗਨ ਅਜੀਤ ਸਿੰਘ ਵੀਰਵਾਰ ਨੇ ਪੱਤਰਕਾਰ ਸਮਾਗਮ ਦੌਰਾਨ ਦਿੱਤੀ। ਉਨ੍ਹਾਂ ਦੱਸਿਆ ਕਿ ਫੜੇ ਗਏ ਦੋਸ਼ੀਆਂ ਦੀ ਪਛਾਣ ਵਰੁਣ ਸਚਦੇਵਾ ਨਿਵਾਸੀ ਕਿਸ਼ੋਰ ਨਗਰ, ਹਰਪ੍ਰੀਤ ਸਿੰਘ ਨਿਵਾਸੀ ਲੋਹਾਰਾ ਰੋਡ, ਸਾਬਕਾ ਕਰਮਚਾਰੀ ਸੁਖਪਾਲ ਸਿੰਘ ਨਿਵਾਸੀ ਜਗਰਾਓਂ ਅਤੇ ਰਣਜੀਤ ਸਿੰਘ ਨਿਵਾਸੀ ਰਾਮ ਨਗਰ, ਜਮਾਲਪੁਰ ਵਜੋਂ ਹੋਈ ਹੈ। ਪੁਲਸ ਨੇ ਇਨ੍ਹਾਂ ਖਿਲਾਫ ਕੰਪਨੀ ਦੇ ਮੈਨੇਜਰ ਅਨੀਮੇਸ਼ ਸ਼੍ਰੀਵਾਸਤਵ ਦੀ ਸ਼ਿਕਾਇਤ 'ਤੇ ਪਰਚਾ ਦਰਜ ਕੀਤਾ ਸੀ। ਪੁਲਸ ਨੂੰ ਦਿੱਤੀ ਸ਼ਿਕਾਇਤ 'ਚ ਉਨ੍ਹਾਂ ਦੱਸਿਆ ਸੀ ਕਿ ਉਕਤ ਦੋਵੇਂ ਵਰਕਰਾਂ ਨੇ 8 ਮਹੀਨਿਆਂ 'ਚ ਕੰਪਨੀ ਨਾਲ 1 ਕਰੋੜ, 17 ਲੱਖ 44 ਹਜ਼ਾਰ ਰੁਪਏ ਦਾ ਫ੍ਰਾਡ ਕੀਤਾ ਹੈ ਜਿਸ ਤੋਂ ਬਾਅਦ ਪੁਲਸ ਨੇ ਕੇਸ ਹੱਲ ਕਰ ਲਿਆ।
ਪੈਸੇ ਲੈ ਕੇ ਗਏ ਰੰਗ ਰਲੀਆਂ ਮਨਾਉਣ
ਪੁਲਸ ਦੇ ਮੁਤਾਬਕ ਧੋਖਾਦੇਹੀ ਕਰਨ ਵਾਲੇ ਦਿਨ ਉਕਤ ਦੋਸ਼ੀ ਐਕਟਿਵਾ 'ਤੇ ਹੀ ਪਹਿਲਾਂ ਬੈਂਕਾਂ ਵਿਚ ਪੈਸੇ ਲੈਣ ਚਲੇ ਗਏ। ਵੱਖ-ਵੱਖ ਬੈਂਕਾਂ ਤੋਂ 49 ਲੱਖ ਦੀ ਨਕਦੀ ਜਮ੍ਹਾ ਕਰਵਾਉਣ ਲਈ ਲੈ ਕੇ ਏ. ਟੀ. ਐੱਮ. ਬੂਥ ਤੋਂ 11 ਲੱਖ ਦੀ ਨਕਦੀ ਕਢਵਾ ਲਈ ਜਿਸ ਤੋਂ ਬਾਅਦ ਇਨ੍ਹਾਂ ਨੇ ਚੰਡੀਗੜ੍ਹ ਰੋਡ 'ਤੇ ਐਕਟਿਵਾ ਖੜ੍ਹੀ ਕਰ ਦਿੱਤੀ ਅਤੇ ਬੱਸ 'ਚ ਪਹਿਲਾਂ ਦਿੱਲੀ ਫਿਰ ਮੱਥਾ ਟੇਕਣ ਵ੍ਰਿੰਦਾਵਨ ਚਲੇ ਗਏ। ਜਿਸ ਤੋਂ ਬਾਅਦ ਦੋਵੇਂ ਰੰਗ ਰਲੀਆਂ ਮਨਾਉਣ ਮੁੰਬਈ ਤੇ ਗੋਆ ਗਏ ਜਿਨ੍ਹਾਂ ਨੂੰ ਪੁਲਸ ਨੇ ਬੁੱਧਵਾਰ ਨੂੰ ਸੂਚਨਾ ਦੇ ਆਧਾਰ 'ਤੇ ਗ੍ਰਿਫਤਾਰ ਕਰ ਕੇ ਕੇਸ ਹੱਲ ਕਰ ਲਿਆ।
ਕੁਝ ਸਮਾਂ ਪਹਿਲਾਂ ਲਏ ਸਨ 3 ਲੱਖ
ਪੁਲਸ ਦੇ ਮੁਤਾਬਕ ਜਾਂਚ 'ਚ ਸਾਹਮਣੇ ਆਇਆ ਹੈ ਕਿ ਸੁਖਪਾਲ ਦੇ ਧੋਖਾਦੇਹੀ ਕਰਨ ਬਾਰੇ ਕੰਪਨੀ ਨੂੰ ਕੁਝ ਸਮਾਂ ਪਹਿਲਾਂ ਹੀ ਪਤਾ ਲੱਗ ਗਿਆ ਸੀ ਜਿਸ ਕਾਰਨ ਉਸ ਨੂੰ ਕੱਢ ਦਿੱਤਾ ਗਿਆ ਸੀ। ਜਦੋਂਕਿ ਸਹਾਇਕ ਮੈਨੇਜਰ ਨੇ ਆਡਿਟ ਹੁੰਦੇ ਸਮੇਂ 3 ਲੱਖ ਰੁਪਏ ਦੇ ਕਰੀਬ ਦੋਵੇਂ ਵਰਕਰਾਂ ਤੋਂ ਲਏ ਸਨ ਤਾਂਕਿ ਫ੍ਰਾਡ ਬਾਰੇ ਪਤਾ ਨਾ ਲੱਗ ਸਕੇ।