ਨਸ਼ੀਲੇ ਪਦਾਰਥਾਂ ਸਮੇਤ 5 ਨੂੰ ਪੁਲਸ ਨੇ ਕੀਤਾ ਕਾਬੂ

07/20/2017 2:03:43 AM

ਸੰਗਰੂਰ(ਵਿਵੇਕ ਸਿੰਧਵਾਨੀ, ਰਵੀ)-ਪੁਲਸ ਨੇ ਨਸ਼ੀਲੇ ਪਦਾਰਥਾਂ ਸਮੇਤ 5 ਵਿਅਕਤੀਆਂ ਨੂੰ ਕਾਬੂ ਕਰਨ 'ਚ ਸਫਲਤਾ ਹਾਸਲ ਕੀਤੀ ਹੈ।   ਜਾਣਕਾਰੀ ਦਿੰਦਿਆਂ ਐੱਸ. ਐੱਸ. ਪੀ. ਮਨਦੀਪ ਸਿੰਘ ਸਿੱਧੂ ਨੇ ਦੱਸਿਆ ਕਿ ਥਾਣਾ ਸਿਟੀ ਸੁਨਾਮ ਦੇ ਹੌਲਦਾਰ ਬੇਅੰਤ ਸਿੰਘ ਨੇ ਪੁਲਸ ਪਾਰਟੀ ਸਮੇਤ ਬਾਹੱਦ ਜਵੰਧਾ ਚੌਕ ਵਿਚ ਨਾਕਾ ਲਾਇਆ ਹੋਇਆ ਸੀ ਤਾਂ ਲਹਿਰਾ ਸਾਈਡ ਤੋਂ ਇਕ ਗੱਡੀ ਆਉਂਦੀ ਵਿਖਾਈ ਦਿੱਤੀ। ਸ਼ੱਕ ਦੇ ਆਧਾਰ 'ਤੇ ਜਦੋਂ ਗੱਡੀ ਨੂੰ ਰੋਕ ਕੇ ਤਲਾਸ਼ੀ ਲਈ ਤਾਂ ਉਸ ਵਿਚੋਂ 180 ਬੋਤਲਾਂ ਠੇਕਾ ਸ਼ਰਾਬ ਦੇਸੀ ਬਰਾਮਦ ਕਰ ਕੇ ਰਾਮ ਆਸਰਾ ਪੁੱਤਰ ਗੁਰਬਚਨ ਸਿੰਘ ਵਾਸੀ ਵਾਰਡ ਨੰਬਰ 7, ਸੁਨਾਮ ਵਿਰੁੱਧ ਮੁਕੱਦਮਾ ਦਰਜਾ ਕਰ ਕੇ ਅਗਲੀ ਕਾਰਵਾਈ ਸ਼ੁਰੂ ਕਰ ਦਿੱਤੀ ਹੈ।  ਇਸੇ ਤਰ੍ਹਾਂ ਥਾਣਾ ਛਾਜਲੀ ਦੇ ਸਹਾਇਕ ਥਾਣੇਦਾਰ ਮੇਜਰ ਸਿੰਘ ਨੇ ਪੁਲਸ ਪਾਰਟੀ ਸਮੇਤ ਪੁਲ ਸੂਆ ਬਾਹੱਦ ਪਿੰਡ ਉਗਰਾਹਾਂ ਨਾਕਾ ਲਾਇਆ ਹੋਇਆ ਸੀ ਤਾਂ ਪਿੰਡ ਮੈਦੇਵਾਸ ਵੱਲੋਂ ਇਕ ਮੋਟਰਸਾਈਕਲ ਆਉਂਦਾ ਵਿਖਾਈ ਦਿੱਤਾ। ਜਿਸ ਨੂੰ ਪੁਲਸ ਪਾਰਟੀ ਨੇ ਹਮਰਾਹੀਆਂ ਦੀ ਮਦਦ ਨਾਲ ਰੋਕਿਆ ਤਾਂ ਹੈਪੀ ਸਿੰਘ ਪੁੱਤਰ ਗੁਰਮੀਤ ਸਿੰਘ ਵਾਸੀ ਚੂਹੜਪੁਰ ਥਾਣਾ ਜਾਖਲ ਤੇ ਉਸਦੇ ਪਿੱਛੇ ਬੈਠੀ ਔਰਤ ਮੇਲੋ ਕੌਰ ਪਤਨੀ ਗੁਰਮੀਤ ਸਿੰਘ ਵਾਸੀ ਚੂਹੜਪੁਰ ਦੀ ਤਲਾਸ਼ੀ ਲੈਣ 'ਤੇ ਉਨ੍ਹਾਂ ਕੋਲੋਂ 15 ਗ੍ਰਾਮ ਸਮੈਕ ਬਰਾਮਦ ਕਰ ਕੇ ਅਗਲੀ ਕਾਨੂੰਨੀ ਕਾਰਵਾਈ ਸ਼ੁਰੂ ਕਰ ਦਿੱਤੀ ਹੈ।  ਓਧਰ, ਥਾਣਾ ਭਵਾਨੀਗੜ੍ਹ ਦੇ ਥਾਣੇਦਾਰ ਬਲਵਿੰਦਰ ਸਿੰਘ ਪੁਲਸ ਪਾਰਟੀ ਸਮੇਤ ਦਾਣਾ ਮੰਡੀ ਕਾਲਾ ਝਾੜ ਵਿਖੇ ਨਾਕਾ ਲਾ ਕੇ ਸ਼ੱਕੀ ਪੁਰਸ਼ਾਂ ਦੀ ਤਲਾਸ਼ੀ ਲੈ ਰਹੇ ਸਨ। ਇਸ ਦੌਰਾਨ ਮੇਨ ਰੋਡ ਵੱਲੋਂ ਇਕ ਮੋਨਾ ਵਿਅਕਤੀ ਮੋਟਰਸਾਈਕਲ 'ਤੇ ਆਉਂਦਾ ਵਿਖਾਈ ਦਿੱਤਾ। ਜੋ ਪੁਲਸ ਪਾਰਟੀ ਨੂੰ ਵੇਖ ਕੇ ਪਿੱਛੇ ਮੁੜਨ ਲੱਗਾ। ਜਿਸ ਨੂੰ ਪੁਲਸ ਪਾਰਟੀ ਨੇ ਕਾਬੂ ਕਰ ਕੇ ਉਸਦੀ ਤਲਾਸ਼ੀ ਲਈ ਤਾਂ ਉਸ ਕੋਲੋਂ 450 ਖੁੱਲ੍ਹੀਆਂ ਨਸ਼ੀਲੀਆਂ ਗੋਲੀਆਂ ਤੇ 20 ਪੱਤੇ ਨਸ਼ੀਲੀਆਂ ਗੋਲੀਆਂ (200) ਬਰਾਮਦ ਕਰ ਕੇ ਕਰਮਜੀਤ ਸਿੰਘ ਉਰਫ ਬੱਗਾ ਪੁੱਤਰ ਅਮਰਨਾਥ ਵਾਸੀ ਮਕਾਨ ਨੰਬਰ ਸੀ-149 ਗਲੀ ਨੰਬਰ 6 ਅਫ਼ਸਰ ਕਾਲੋਨੀ ਸੰਗਰੂਰ ਵਿਰੁੱਧ ਮੁਕੱਦਮਾ ਦਰਜ ਕਰ ਕੇ ਅਗਲੀ ਕਾਨੂੰਨੀ ਕਾਰਵਾਈ ਸ਼ੁਰੂ ਕਰ ਦਿੱਤੀ ਹੈ। ਇਧਰ, ਥਾਣਾ ਸਿਟੀ ਸੰਗਰੂਰ ਦੇ ਸਹਾਇਕ ਥਾਣੇਦਾਰ ਮਹਿੰਦਰਜੀਤ ਸਿੰਘ ਪੁਲਸ ਪਾਰਟੀ ਸਮੇਤ ਗਸ਼ਤ ਦੌਰਾਨ ਭਗਤ ਸਿੰਘ ਚੌਕ ਸੰਗਰੂਰ ਤੋਂ ਉਭਾਵਾਲ ਰੋਡ ਪੁਲ ਸੂਆ ਸੰਗਰੂਰ ਪੁੱਜੇ ਤਾਂ ਉਭਾਵਾਲ ਵੱਲੋਂ ਮੇਨ ਰੋਡ ਤੋਂ ਇਕ ਸਕੂਟਰ ਸਵਾਰ ਆਉਂਦਾ ਵਿਖਾਈ ਦਿੱਤਾ। ਜੋ ਪੁਲਸ ਪਾਰਟੀ ਨੂੰ ਵੇਖਕੇ ਪਿੱਛੇ ਮੁੜਨ ਲੱਗਾ। ਜਿਸਨੂੰ ਕਾਬੂ ਕਰ ਕੇ ਪੁਲਸ ਪਾਰਟੀ ਨੇ ਉਸ ਕੋਲੋਂ 42 ਪੱਤੇ ਨਸ਼ੀਲੀਆਂ ਗੋਲੀਆਂ ਬਰਾਮਦ ਕਰ ਕੇ ਹੈਪੀ ਸਿੰਘ ਪੁੱਤਰ ਗੁਰਤੇਜ ਸਿੰਘ ਵਾਸੀ ਨੇੜੇ ਸਰਕਾਰੀ ਸਕੂਲ ਮੰਗਵਾਲ ਵਿਰੁੱਧ ਮੁਕੱਦਮਾ ਦਰਜ ਕਰ ਕੇ ਅਗਲੀ ਕਾਨੂੰਨੀ ਕਾਰਵਾਈ ਸ਼ੁਰੂ ਕਰ ਦਿੱਤੀ ਹੈ।


Related News