ਚੂਰਾ ਪੋਸਤ ਸਣੇ 2 ਔਰਤਾਂ ਕਾਬੂ
Thursday, Jun 15, 2017 - 06:37 AM (IST)
ਗੋਨਿਆਣਾ(ਗੋਰਾ ਲਾਲ)-ਪਿੰਡ ਕਿਲੀ ਨਿਹਾਲ ਸਿੰਘ ਵਾਲਾ ਦੀ ਪੁਲਸ ਨੇ ਇਕ ਔਰਤ ਕੋਲੋਂ 4 ਕਿਲੋ ਚੂਰਾ ਪੋਸਤ ਬਰਾਮਦ ਕਰ ਕੇ ਔਰਤ ਨੂੰ ਹਿਰਾਸਤ 'ਚ ਲੈਣ ਦਾ ਮਾਮਲਾ ਸਾਹਮਣੇ ਆਇਆ ਹੈ। ਚੌਕੀ ਇੰਚਾਰਜ ਹਰਬੰਸ ਸਿੰਘ ਮਾਨ ਤੋਂ ਮਿਲੀ ਜਾਣਕਾਰੀ ਅਨੁਸਾਰ ਕੋਠੇ ਚੇਤ ਸਿੰਘ ਵਾਲਾ ਕੋਲ ਇਕ ਔਰਤ, ਜਿਸ ਕੋਲ ਇਕ ਬੱਚਾ ਅਤੇ ਨਾਲ ਇਕ ਬੈਗ ਸੀ, ਦੀ ਜਦੋਂ ਸ਼ੱਕ ਦੇ ਆਧਾਰ 'ਤੇ ਤਲਾਸ਼ੀ ਲਈ ਗਈ ਤਾਂ ਉਸ ਦੇ ਬੈਗ 'ਚੋਂ ਚਾਰ ਕਿਲੋ ਚੂਰਾ ਪੋਸਤ ਬਰਾਮਦ ਕੀਤਾ ਗਿਆ। ਔਰਤ ਦੀ ਪਛਾਣ ਨਸੀਬ ਕੌਰ ਉਫ਼ ਦੇਸੋ ਪਤਨੀ ਸਵ. ਬਿੱਲੂ ਸਿੰਘ ਵਾਸੀ ਮਧੀਰ (ਮੁਕਤਸਰ) ਵਜੋਂ ਹੋਈ। ਪੁਲਸ ਵੱਲੋਂ ਔਰਤ ਨੂੰ ਮੌਕੇ 'ਤੇ ਗ੍ਰਿਫ਼ਤਾਰ ਕਰ ਲਿਆ ਗਿਆ ਅਤੇ ਅਗਲੀ ਕਾਰਵਾਈ ਸ਼ੁਰੂ ਕਰ ਦਿੱਤੀ ਗਈ। ਬਠਿੰਡਾ ਚੌਕੀ ਪੁਲਸ ਨੇ ਢਾਈ ਕਿਲੋ ਪੋਸਤ ਬਰਾਮਦ ਕਰ ਕੇ ਇਕ ਔਰਤ ਖਿਲਾਫ਼ ਮਾਮਲਾ ਦਰਜ ਕੀਤਾ ਹੈ।
ਜਾਣਕਾਰੀ ਅਨੁਸਾਰ ਬੱਸ ਸਟੈਂਡ ਚੌਕੀ ਦੇ ਮੁਲਾਜ਼ਮਾਂ ਨੂੰ ਸੂਚਨਾ ਮਿਲੀ ਸੀ ਕਿ ਇਕ ਔਰਤ ਬੱਸ ਰਾਹੀਂ ਬਾਹਰਲੇ ਸੂਬੇ ਤੋਂ ਪੋਸਤ ਲਿਆ ਕਿ ਲੋਕਾਂ ਨੂੰ ਸਪਲਾਈ ਕਰ ਰਹੀ ਹੈ। ਪੁਲਸ ਨੇ ਬੱਸ ਸਟੈਂਡ ਵਿਖੇ ਸ਼ੱਕ ਦੇ ਆਧਾਰ 'ਤੇ ਇਕ ਔਰਤ ਰਾਣੀ ਕੌਰ ਨੂੰ ਗ੍ਰਿਫ਼ਤਾਰ ਕਰ ਕੇ ਉਸ ਪਾਸੋਂ ਢਾਈ ਕਿਲੋ ਚੂਰਾ ਪੋਸਤ ਬਰਾਮਦ ਕੀਤਾ ਹੈ। ਪੁਲਸ ਨੇ ਮੁਲਜ਼ਮਾ ਖਿਲਾਫ ਐੱਨ. ਡੀ. ਪੀ. ਐੱਸ. ਐਕਟ ਤਹਿਤ ਮਾਮਲਾ ਦਰਜ ਕਰ ਕੇ ਅਗਲੀ ਕਾਰਵਾਈ ਸ਼ੁਰੂ ਕਰ ਦਿੱਤੀ ਹੈ।
