ਚੋਰੀ ਹੋਏ ਸਰੀਏ ਨਾਲ ਭਰੇ ਟਰੱਕ ਸਮੇਤ 3 ਗ੍ਰਿਫਤਾਰ
Tuesday, Jun 13, 2017 - 07:27 AM (IST)
ਫਤਿਹਗੜ੍ਹ ਸਾਹਿਬ(ਬਖਸ਼ੀ, ਜੱਜੀ, ਟਿਵਾਣਾ, ਜਗਦੇਵ)-ਜ਼ਿਲਾ ਪੁਲਸ ਨੇ ਮੰਡੀ ਗੋਬਿੰਦਗੜ੍ਹ ਤੋਂ ਸਰੀਏ ਦੇ ਭਰੇ ਚੋਰੀ ਹੋਏ ਟਰੱਕ ਮਾਮਲੇ 'ਚ 3 ਕਥਿਤ ਦੋਸ਼ੀਆਂ ਨੂੰ ਚੋਰੀ ਦੇ ਟਰੱਕ ਅਤੇ ਸਰੀਏ ਸਮੇਤ ਗ੍ਰਿਫਤਾਰ ਕਰਨ ਦਾ ਦਾਅਵਾ ਕੀਤਾ ਹੈ। ਜਾਣਕਾਰੀ ਦਿੰਦਿਆਂ ਐੱਸ. ਪੀ. (ਡੀ.) ਦਲਜੀਤ ਸਿੰਘ ਰਾਣਾ ਅਤੇ ਡੀ.ਐੱਸ.ਪੀ. (ਡੀ) ਦਲਜੀਤ ਸਿੰਘ ਖੱਖ ਨੇ ਦੱਸਿਆ ਕਿ ਸਵਰਨ ਸਿੰਘ ਪੁੱਤਰ ਜਾਗਰ ਸਿੰਘ ਵਾਸੀ ਪਿੰਡ ਨਸਰਾਲੀ ਮੰਡੀ ਗੋਬਿੰਦਗੜ੍ਹ ਨੇ ਮਾਮਲਾ ਦਰਜ ਕਰਵਾਇਆ ਸੀ ਕਿ ਉਹ 6 ਜੂਨ ਨੂੰ 14 ਟਨ ਸਰੀਏ ਨਾਲ ਭਰੇ ਟਰੱਕ ਨੂੰ ਨਿਰੰਕਾਰੀ ਭਵਨ ਮੰਡੀ ਗੋਬਿੰਦਗੜ੍ਹ ਸਾਹਮਣੇ ਰਾਤ 10:30 ਵਜੇ ਖੜ੍ਹਾ ਕਰਕੇ ਘਰ ਰੋਟੀ ਖਾਣ ਚਲਾ ਗਿਆ ਸੀ ਅਤੇ ਜਦੋਂ ਵਾਪਸ ਆ ਕੇ ਵੇਖਿਆ ਤਾਂ ਟਰੱਕ ਚੋਰੀ ਹੋ ਚੁੱਕਾ ਸੀ। ਇਸ ਚੋਰੀ ਦਾ ਗੋਬਿੰਦਗੜ੍ਹ ਪੁਲਸ ਨੇ 7 ਜੂਨ ਨੂੰ ਮੁਕੱਦਮਾ ਦਰਜ ਕਰ ਲਿਆ ਸੀ। ਉਨ੍ਹਾਂ ਦੱਸਿਆ ਕਿ ਇਸ ਮਾਮਲੇ 'ਤੇ ਕਾਰਵਾਈ ਕਰਦਿਆਂ ਐੱਸ.ਐੱਚ.ਓ. ਕੰਵਲਜੀਤ ਸਿੰਘ ਦੀ ਨਿਗਰਾਨੀ ਹੇਠ ਸਹਾਇਕ ਥਾਣੇਦਾਰ ਗੁਰਬਚਨ ਸਿੰਘ ਨੇ ਸਮੇਤ ਪੁਲਸ ਪਾਰਟੀ ਗੁਪਤ ਸੂਚਨਾ ਮਿਲਣ 'ਤੇ ਯੈਸ ਬੈਂਕ ਮੰਡੀ ਗੋਬਿੰਦਗੜ੍ਹ ਨਜ਼ਦੀਕ ਤੋਂ ਬੀਤੇ ਦਿਨੀਂ ਟਰੱਕ ਚੋਰੀ ਕਰਨ ਵਾਲੇ ਕਥਿਤ ਦੋਸ਼ੀਆਂ ਨੂੰ ਗ੍ਰਿਫਤਾਰ ਕਰ ਲਿਆ। ਉਨ੍ਹਾਂ ਕਿਹਾ ਕਿ ਗ੍ਰਿਫਤਾਰ ਕੀਤੇ ਕਥਿਤ ਦੋਸ਼ੀਆਂ ਦੀ ਪਛਾਣ ਤਰੁਣ ਕੁਮਾਰ ਪੁੱਤਰ ਕਸ਼ਮੀਰ ਸਿੰਘ ਵਾਸੀ ਫਰੀਦਾਬਾਦ ਹਰਿਆਣਾ, ਚੇਤਨ ਅਹੂਜਾ ਪੁੱਤਰ ਪ੍ਰੇਮ ਪ੍ਰਕਾਸ਼ ਥਾਣਾ ਜਮਾਲਪੁਰ ਜ਼ਿਲਾ ਲੁਧਿਆਣਾ ਅਤੇ ਅਮਰਜੀਤ ਸਿੰਘ ਛੋਟੂ ਪੁੱਤਰ ਰਾਧੇ ਸ਼ਾਮ ਵਾਸੀ ਕੰਨਬਿਗਾ ਥਾਣਾ ਚੰਡੀ ਜ਼ਿਲਾ ਨਾਲੰਦਾ (ਬਿਹਾਰ) ਵਜੋਂ ਹੋਈ ਹੈ। ਉਨ੍ਹਾਂ ਦੱਸਿਆ ਕਿ ਕਥਿਤ ਦੋਸ਼ੀਆਂ ਨੂੰ ਮਾਣਯੋਗ ਅਦਾਲਤ 'ਚ ਪੇਸ਼ ਕਰਕੇ ਇਕ ਦਿਨ ਦਾ ਪੁਲਸ ਰਿਮਾਂਡ ਲਿਆ ਗਿਆ ਹੈ, ਜਿਨ੍ਹਾਂ ਤੋਂ ਪੁੱਛਗਿੱਛ ਦੌਰਾਨ 2 ਟਰੱਕ ਬਰਾਮਦ ਕੀਤੇ ਗਏ ਹਨ, ਜਿਨ੍ਹਾਂ 'ਚ ਚੋਰੀ ਦਾ ਤਿੰਨ-ਤਿੰਨ ਟਨ ਸਰੀਆ ਲੱਦਿਆ ਹੋਇਆ ਸੀ, ਜਦਕਿ ਮੰਡੀ ਗੋਬਿੰਦਗੜ੍ਹ ਤੋਂ ਚੋਰੀ ਹੋਏ ਟਰੱਕ 'ਚੋਂ 4 ਟਨ ਸਰੀਆ ਬਰਾਮਦ ਹੋਇਆ। ਉਨ੍ਹਾਂ ਦੱਸਿਆ ਕਿ ਕਥਿਤ ਦੋਸ਼ੀਆਂ ਦੀ ਨਿਸ਼ਾਨਦੇਹੀ 'ਤੇ 3 ਟਨ ਸਰੀਆ ਮਾਧੋਪੁਰ ਨਜ਼ਦੀਕ ਤੋਂ ਬਰਾਮਦ ਕੀਤਾ ਗਿਆ ਹੈ। ਉਨ੍ਹਾਂ ਦੱਸਿਆ ਕਿ 1 ਟਨ ਸਰੀਆ ਇਨ੍ਹਾਂ ਵੱਲੋਂ ਵੇਚਿਆ ਗਿਆ ਸੀ, ਜਿਸ ਦੀ ਪੁੱਛਗਿੱਛ ਜਾਰੀ ਹੈ। ਸ਼੍ਰੀ ਰਾਣਾ ਨੇ ਦੱਸਿਆ ਕਿ ਅਮਰਜੀਤ ਸਿੰਘ 'ਤੇ ਪਹਿਲਾਂ ਵੀ ਥਾਣਾ ਸਮੇਲ ਟਾਬਰੀ ਜ਼ਿਲਾ ਲੁਧਿਆਣਾ ਵਿਖੇ ਐੱਨ. ਡੀ. ਪੀ. ਸੀ. ਐਕਟ ਤਹਿਤ ਮਾਮਲਾ ਦਰਜ ਹੈ। ਉਨ੍ਹਾਂ ਦੱਸਿਆ ਕਿ ਬਰਾਮਦ ਹੋਏ 2 ਟਰੱਕਾਂ ਦੀ ਜਾਂਚ ਕੀਤੀ ਜਾ ਰਹੀ ਹੈ ਕਿ ਇਹ ਚੋਰੀ ਦੇ ਹਨ ਜਾਂ ਨਹੀਂ।
