ਐੱਲ. ਓ. ਸੀ. ''ਚ ਲੋੜੀਂਦਾ ਜਗਤਾਰ ਕੈਨੇਡਾ ਜਾਣ ਦੀ ਫਿਰਾਕ ''ਚ ਕਾਬੂ
Friday, Aug 23, 2019 - 01:33 PM (IST)
ਅੰਮ੍ਰਿਤਸਰ (ਇੰਦਰਜੀਤ) : ਅੰਤਰਰਾਸ਼ਟਰੀ ਸ੍ਰੀ ਗੁਰੂ ਰਾਮਦਾਸ ਏਅਰਪੋਰਟ 'ਤੇ ਇਮੀਗ੍ਰੇਸ਼ਨ ਅਧਿਕਾਰੀਆਂ ਨੇ ਜਗਤਾਰ ਸਿੰਘ ਨਾਂ ਦੇ ਵਿਅਕਤੀ ਨੂੰ ਕੈਨੇਡਾ ਜਾਣ ਦੀ ਫਿਰਾਕ 'ਚ ਕਾਬੂ ਕਰ ਲਿਆ, ਜੋ ਪੰਜਾਬ ਪੁਲਸ ਨੂੰ ਧੋਖਾਦੇਹੀ ਅਤੇ ਗ਼ਬਨ ਦੇ ਕੇਸ 'ਚ ਲੋੜੀਂਦਾ ਸੀ। ਪੁਲਸ ਨੇ ਉਸ ਦੀ ਐੱਲ. ਓ. ਸੀ. ਵੀ ਜਾਰੀ ਕੀਤੀ ਸੀ। ਜਾਣਕਾਰੀ ਮੁਤਾਬਕ ਵੀਰਵਾਰ ਸਵੇਰੇ ਕਤਰ ਏਅਰਲਾਈਨਸ ਦੀ ਉਡਾਣ ਸੰਖਿਆ ਕਾਤੋ. ਆਰ-549 'ਚ ਜਾਣ ਵਾਲੇ ਯਾਤਰੀਆਂ ਦੀ ਇਮੀਗ੍ਰੇਸ਼ਨ ਅਧਿਕਾਰੀ ਨੇ ਚੈਕਿੰਗ ਸ਼ੁਰੂ ਕੀਤੀ, ਇਸ ਦੌਰਾਨ ਜਗਤਾਰ ਸਿੰਘ ਪੁੱਤਰ ਗੁਰਬਚਨ ਸਿੰਘ ਵਾਸੀ ਪਿੰਡ ਚੱਕ ਤਹਿਸੀਲ ਵਾਲਾ ਜ਼ਿਲਾ ਫਿਰੋਜ਼ਪੁਰ ਦੇ ਦਸਤਾਵੇਜ਼ਾਂ ਦੀ ਜਾਂਚ ਦੌਰਾਨ ਪਤਾ ਲੱਗਾ ਕਿ ਉਹ ਭਾਰਤੀ ਪਾਸਪੋਰਟ 'ਤੇ ਕੈਨੇਡਾ ਜਾਣ ਦੀ ਫਿਰਾਕ ਵਿਚ ਸੀ।
ਇਮੀਗ੍ਰੇਸ਼ਨ ਅਧਿਕਾਰੀਆਂ ਨੇ ਜਦੋਂ ਮੁੱਢਲੀ ਚੈਕਿੰਗ ਕੀਤੀ ਤਾਂ ਪਤਾ ਲੱਗਾ ਕਿ ਉਸ 'ਤੇ ਸਟੇਟ ਕ੍ਰਾਈਮ ਬ੍ਰਾਂਚ ਵੱਲੋਂ ਏ. ਆਈ. ਜੀ. ਪੀ. ਰੈਂਕ ਦੇ ਅਧਿਕਾਰੀ ਨੇ ਐੱਸ. ਏ. ਐੱਸ. ਨਗਰ 'ਚ ਐੱਫ. ਆਈ. ਆਰ. ਦਰਜ ਕਰਵਾਈ ਸੀ। ਉਕਤ ਵਿਅਕਤੀ 420/406/467-68-71, 120-ਬੀ 'ਚ ਲੋੜੀਂਦਾ ਸੀ, ਉਪਰੰਤ ਪੁਲਸ ਨੇ ਇਸ ਦੀ ਐੱਲ. ਓ. ਸੀ. ਜਾਰੀ ਕਰ ਦਿੱਤੀ ਸੀ। ਵੀਰਵਾਰ ਨੂੰ ਉਕਤ ਵਿਅਕਤੀ ਅੰਮ੍ਰਿਤਸਰ ਤੋਂ ਕੈਨੇਡਾ ਜਾਣ ਦੀ ਫਿਰਾਕ ਵਿਚ ਸੀ ਕਿ ਇਮੀਗ੍ਰੇਸ਼ਨ ਅਧਿਕਾਰੀਆਂ ਨੇ ਉਸ ਨੂੰ ਰੋਕ ਲਿਆ ਤੇ ਉਸ ਨੂੰ ਐੱਸ. ਏ. ਐੱਸ. ਨਗਰ ਦੀ ਪੁਲਸ ਦੇ ਹਵਾਲੇ ਕਰਨ ਦੀ ਕਾਰਵਾਈ ਸ਼ੁਰੂ ਕਰ ਦਿੱਤੀ।