ਪੰਜਾਬ 'ਚ ਪਿਛਲੇ 12 ਸਾਲਾਂ ਦੌਰਾਨ 800 ਕੁੜੀਆਂ ਹੋਈਆਂ ਲਾਪਤਾ, ਹੈਰਾਨ ਕਰੇਗੀ ਇਹ ਰਿਪੋਰਟ

Wednesday, May 31, 2023 - 12:30 PM (IST)

ਪੰਜਾਬ 'ਚ ਪਿਛਲੇ 12 ਸਾਲਾਂ ਦੌਰਾਨ 800 ਕੁੜੀਆਂ ਹੋਈਆਂ ਲਾਪਤਾ, ਹੈਰਾਨ ਕਰੇਗੀ ਇਹ ਰਿਪੋਰਟ

ਮੰਡੀ ਲੱਖੇਵਾਲੀ (ਸੁਖਪਾਲ) : ਭਾਵੇਂ ਸਮੇਂ ਦੀਆਂ ਸਰਕਾਰਾਂ ਸਮਾਜ ਦੇ ਸਹਿਯੋਗ ਨਾਲ ਭਰੂਣ ਹੱਤਿਆ, ਧੀਆਂ ਨੂੰ ਲਾਵਾਰਿਸ ਛੱਡਣ, ਨਵ-ਜਨਮੀਆਂ ਧੀਆਂ ਨਾਲ ਜਬਰ-ਜ਼ਿਨਾਹ, ਬਾਲ ਵਿਆਹ ਤੇ ਹੋਰ ਸਮਾਜਿਕ ਕੁਰੀਤੀਆਂ ਨੂੰ ਜੜ੍ਹੋਂ ਖ਼ਤਮ ਕਰਨ ਲਈ ਵਚਨਬੱਧ ਹੈ ਪਰ ਹਾਲੇ ਵੀ ਕਿਤੇ ਨਾ ਕਿਤੇ ਸਮਾਜ ਵਿਚ ਬਹੁਤ ਸੁਧਾਰ ਦੀ ਲੋੜ ਹੈ ਕਿਉਂਕਿ ਨਵ-ਜਨਮੀਆਂ ਬੱਚੀਆਂ ਤਾਂ ਅੱਜ ਵੀ ਕੂੜੇ ਦੇ ਢੇਰ ਵਿਚੋਂ ਮਿਲ ਰਹੀਆਂ ਹਨ। ਹਰ ਰੋਜ਼ ਵਾਪਰਦੀਆਂ ਅਜਿਹੀਆਂ ਮੰਦਭਾਗੀਆਂ ਘਟਨਾਵਾਂ ਕਾਰਣ ਕਿਤੇ ਧੀ, ਕੁੱਤਿਆਂ, ਸੂਰਾਂ ਦਾ ਖਾਣਾ ਬਣੀ ਮਿਲਦੀ ਹੈ ਤੇ ਕਿਤੇ ਕੂੜੇ ਦੇ ਢੇਰ ਜਾਂ ਝਾੜੀਆਂ ਵਿਚ ਫਸੀ ਮਿਲਦੀ ਹੈ। ਬੇਗਾਨਿਆਂ ਤੋਂ ਧੀਆਂ ਦੀ ਸੁਰੱਖਿਆ ਦੀ ਆਸ ਕਿਸ ਤਰ੍ਹਾਂ ਕੀਤੀ ਜਾਵੇ ਜਦਕਿ ਮਾਪੇ ਹੀ ਅਪਣੇ ਖ਼ੂਨ ਨੂੰ ਇਸ ਤਰ੍ਹਾਂ ਰੋਲਣ ਲੱਗ ਜਾਣ। ਸੋਚਣ ਦੀ ਗੱਲ ਹੈ ਕਿ ਜੇਕਰ ਮਹਾਨ ਲੋਕਾਂ ਦੀਆਂ ਮਾਵਾਂ ਨੂੰ ਜੰਮਣ ਸਾਰ ਮਾਰ ਦਿੱਤਾ ਜਾਂਦਾ ਤਾਂ ਮਹਾਨਤਾ ਦੀ ਮਿਸਾਲ ਕਿਸ ਨੇ ਬਣਨਾ ਸੀ ।

ਇਹ ਵੀ ਪੜ੍ਹੋ- ਹੁਣ ਹੈਲਪ ਲਾਈਨ ਸ਼ਿਕਾਇਤ 'ਤੇ ਤੁਰੰਤ ਪੁੱਜੇਗੀ ਪੁਲਸ, ਆਧੁਨਿਕ ਸਹੂਲਤਾਂ ਨਾਲ ਲੈਸ ਹੋਣਗੇ ਵ੍ਹੀਕਲ

ਅੰਕੜੇ ਬੋਲਦੇ ਹਨ

ਸੰਸਾਰ ਵਿਚ ਭਰੂਣ ਹੱਤਿਆ ਅੱਜ ਭਿਆਨਕ ਰੂਪ ਧਾਰਨ ਕਰ ਚੁੱਕੀ ਹੈ। ਪੜ੍ਹੇ-ਲਿਖੇ ਅਗਾਂਹਵਧੂ ਅਖਵਾਉਂਦੇ ਲੋਕ ਇਸ ਸ਼ਰਮਨਾਕ ਕਾਰੇ ਨੂੰ ਸ਼ਰੇਆਮ ਅੰਜਾਮ ਦੇ ਰਹੇ ਹਨ। ਇਕ ਅਨੁਮਾਨ ਅਨੁਸਾਰ ਵਿਸ਼ਵ ਦੀਆਂ 42 ਫ਼ੀਸਦੀ ਕੁੜੀਆਂ ਜੰਮਣ ਤੋਂ ਪਹਿਲਾਂ ਹੀ ਮਾਰੀਆਂ ਜਾ ਚੁੱਕੀਆਂ ਹਨ ਤੇ ਸੰਸਾਰ ਅੰਦਰ 50 ਲੱਖ ਔਰਤਾਂ ਦੀ ਘਾਟ ਹੈ। ਦੇਸ਼ ਪੱਧਰ ’ਤੇ ਸੰਨ 1901 ਵਿਚ ਮਰਦ-ਔਰਤ ਅਨੁਪਾਤ 1000-972 ਸੀ, ਜੋ ਲਗਾਤਾਰ ਡਿੱਗਦਾ ਜਾ ਰਿਹਾ ਹੈ। ਸੌ ਸਾਲ ਬਾਅਦ ਭਾਵ ਸੰਨ 2001 ਇਹ ਅਨੁਪਾਤ 1000-933 ਰਹਿ ਗਿਆ ਹੈ। ਸੰਨ 2011 ਦੀ ਜਨਗਣਨਾ ਅਨੁਸਾਰ ਦੇਸ਼ ਪੱਧਰ ’ਤੇ 1000-940 ਅਨੁਪਾਤ ਪਾਇਆ ਗਿਆ ਹੈ। ਇਸ ਤਰ੍ਹਾਂ ਦੇਸ਼ ਵਿਚ 3.7 ਕਰੋੜ ਔਰਤਾਂ ਦੀ ਘਾਟ ਹੈ। ਪੰਜਾਬ ਤੇ ਹਰਿਆਣਾ ਵਿਚ ਇਹ ਅਨੁਪਾਤ ¬ਕ੍ਰਮਵਾਰ 1000-846 ਅਤੇ 1000-830 ਹੈ।

ਇਹ ਵੀ ਪੜ੍ਹੋ- ਮਾਮੂਲੀ ਤਕਰਾਰ ਦਾ ਖ਼ੂਨੀ ਰੂਪ, ਪੁੱਤ ਦੀ ਕੁੱਟਮਾਰ ਹੁੰਦਿਆਂ ਵੇਖ ਬਚਾਉਣ ਆਏ ਪਿਓ ਨਾਲ ਵਾਪਰਿਆ ਭਾਣਾ

ਪੰਜਾਬ ਵਿਚ ਪਿਛਲੇਂ 12 ਸਾਲਾਂ ਦੌਰਾਨ 800 ਦੇ ਲਗਭਗ ਬੱਚੀਆਂ ਲਾਪਤਾ ਹੋਈਆਂ ਹਨ। ਕੌਮੀ ਅਪਰਾਧ ਰਿਕਾਰਡ ਬਿਊਰੋ ਦੇ ਤਿੰਨ ਸਾਲਾਂ ਦੇ ਅੰਕੜਿਆਂ ਅਨੁਸਾਰ ਦੇਸ਼ ਅੰਦਰ ਸੰਨ 2012 ਵਿਚ 76493, ਸੰਨ 2013 ਵਿਚ 77721 ਤੇ ਸੰਨ 2014 ਵਿਚ 73549 ਬੱਚਿਆਂ ਦੇ ਲਾਪਤਾ ਹੋਣ ਦੀ ਰਿਪੋਰਟ ਹੈ। ਗ਼ੈਰ ਸਰਕਾਰੀ ਸੰਸਥਾ ਦੇ ਅਨੁਮਾਨ ਅਨੁਸਾਰ ਦੇਸ਼ ਅੰਦਰ ਵੱਖ-ਵੱਖ ਥਾਵਾਂ ’ਤੇ ਹਰ ਰੋਜ਼ 271 ਬੱਚੇ ਲਾਵਾਰਿਸ ਛੱਡੇ ਜਾਂਦੇ ਹਨ ਜਿਨ੍ਹਾਂ ਵਿਚੋਂ 90 ਫ਼ੀਸਦੀ ਕੁੜੀਆਂ ਹੁੰਦੀਆਂ ਹਨ। ਛੋਟੀਆਂ-ਛੋਟੀਆਂ ਬੱਚੀਆਂ ਦਾ ਜਿਸਮਾਨੀ ਸ਼ੋਸ਼ਣ ਤੱਕ ਕੀਤਾ ਜਾਂਦਾ ਹੈ।

ਇਹ ਵੀ ਪੜ੍ਹੋ-  ਚੋਰੀ ਦੀਆਂ ਵਾਰਦਾਤਾਂ ਤੋਂ ਦੁਖ਼ੀ ਸਕੂਲ ਅਧਿਆਪਕ, ਗੇਟ 'ਤੇ ਸਲਿੱਪ ਲਗਾ ਚੋਰਾਂ ਨੂੰ ਕੀਤੀ ਇਹ ਅਪੀਲ

ਯੂਨੀਸੈੱਫ਼ ਦੀ ਤਾਜ਼ਾ ਰਿਪੋਰਟ ਅਨੁਸਾਰ ਭਾਰਤ ਵਿਚ 43 ਫ਼ੀਸਦੀ ਕੁੜੀਆਂ 19 ਸਾਲ ਦੀ ਉਮਰ ਤੋਂ ਪਹਿਲਾਂ ਹੀ ਜਿਣਸੀ ਸੋਸ਼ਣ ਦਾ ਸ਼ਿਕਾਰ ਹੋ ਜਾਂਦੀਆਂ ਹਨ। 20 ਸਾਲ ਉਮਰ ਦੀਆਂ 10 ਕੁੜੀਆਂ ਵਿਚੋਂ ਇਕ ਨੂੰ ਜਿਸਮ-ਫ਼ਿਰੋਸ਼ੀ ਲਈ ਮਜਬੂਰ ਤੱਕ ਕੀਤਾ ਜਾਂਦਾ ਹੈ। ਦੇਸ਼ ਦੀ ਰਾਜਧਾਨੀ ਦਿੱਲੀ, ਬੱਚਿਆਂ ਦੇ ਬੰਧੂਆ ਜਾਂ ਦੇਹ ਵਪਾਰ ਵਿਚ ਦੇਸ਼ ਵਿਚ ਪਹਿਲੇ ਸਥਾਨ ’ਤੇ ਹੈ। ਕੌਮੀ ਅਪਰਾਧ ਰਿਕਾਰਡ ਬਿਊਰੋ ਅਨੁਸਾਰ ਸੰਨ 2014 ਵਿਚ ਬੱਚਿਆਂ ਪ੍ਰਤੀ 90 ਹਜ਼ਾਰ ਜੁਰਮਾਂ ਦੇ ਕੇਸ ਰਿਕਾਰਡ ਹੋਏ ਸਨ, ਜਿਨ੍ਹਾਂ ਵਿਚੋਂ 37 ਹਜ਼ਾਰ ਅਗਵਾ ਤੇ 14 ਹਜ਼ਾਰ ਦੁਸ਼ਕਰਮ ਦੇ ਕੇਸ ਸਨ ਤੇ ਬੱਚਿਆਂ ’ਤੇ ਹੁੰਦੇ ਜ਼ੁਲਮਾਂ ਵਿਚ ਪਿਛਲੇਂ ਸਾਲਾਂ ਨਾਲੋਂ ਕਾਫ਼ੀ ਵਾਧਾ ਹੋਇਆ ਹੈ। ਧੀਆਂ ਦੀ ਸੁਰੱਖਿਆ ਲਈ ਲੋਕਾਂ ਨੂੰ ਖ਼ੁਦ ਅੱਗੇ ਆਉਣਾ ਪਵੇਗਾ ਤੇ ਲੋਕਾਂ ਨੂੰ ਜਾਗਰੂਕ ਕਰਨ ਦੀ ਬਹੁਤ ਲੋੜ ਹੈ। ਉਸ ਤੋਂ ਜ਼ਿਆਦਾ ਪੜ੍ਹੇ ਲਿਖੇ ਅਨਪੜ੍ਹਾਂ ਨੂੰ ਜਗਾਉਣ ਦੀ ਅਹਿਮ ਜ਼ਰੂਰਤ ਹੈ। ਇਹ ਹੈਰਾਨੀਜਨਕ ਤੱਥ ਹੈ ਕਿ ਕੁੜੀ ਮਾਰਨ ’ਤੇ ਧੀ ਨੂੰ ਲਾਵਾਰਿਸ ਛੱਡਣ ਵਿਚ ਸਾਰੇ ਪੜ੍ਹੇ ਲਿਖੇ ਲੋਕ ਸ਼ਾਮਲ ਹਨ। ਸਮਾਜ ਅੰਦਰ ਅਜਿਹਾ ਮਾਹੌਲ ਸਿਰਜਣ ਦੀ ਲੋੜ ਹੈ ਤਾਂ ਕਿ ਧੀਆਂ ਉੱਪਰ ਹੁੰਦੇ ਜ਼ੁਲਮਾਂ ਦਾ ਅੰਤ ਹੋ ਸਕੇ।

ਨੋਟ- ਇਸ ਖ਼ਬਰ ਸਬੰਧੀ ਆਪਣੇ ਵਿਚਾਰ ਕੁਮੈਂਟ ਬਾਕਸ 'ਚ ਸਾਂਝੇ ਕਰੋ।


author

Simran Bhutto

Content Editor

Related News