ਲੁਧਿਆਣਾ : ਫੌਜ ਦੀ ਭਰਤੀ ਲਈ ਹਜ਼ਾਰਾਂ ਨੌਜਵਾਨਾਂ ਨੇ ਦਿਖਾਇਆ ਦਮ
Thursday, Apr 05, 2018 - 01:03 PM (IST)

ਲੁਧਿਆਣਾ (ਵਿੱਕੀ) : ਦੇਸ਼ ਸੇਵਾ ਦਾ ਜਜ਼ਬਾ ਮਨ 'ਚ ਲਏ ਵੱਖ-ਵੱਖ 4 ਜ਼ਿਲਿਆਂ ਦੇ 15134 ਨੌਜਵਾਨਾਂ ਨੇ ਬੁੱਧਵਾਰ ਤੋਂ ਢੋਲੇਵਾਲ ਮਿਲਟਰੀ ਕੈਂਪ 'ਚ ਸ਼ੁਰੂ ਹੋਈ ਭਾਰਤੀ ਫੌਜ ਦੀ ਭਰਤੀ ਰੈਲੀ 'ਚ ਉਤਸ਼ਾਹ ਨਾਲ ਹਿੱਸਾ ਲਿਆ। ਫੌਜ 'ਚ ਆਪਣੀਆਂ ਸੇਵਾਵਾਂ ਦੇਣ ਦੇ ਉਦੇਸ਼ ਨਾਲ ਇਸ ਰੈਲੀ ਦੇ ਜ਼ਰੀਏ ਫੌਜ 'ਚ ਭਰਤੀ ਹੋਣ ਦਾ ਸੁਪਨਾ ਸਜਾਈ ਲੁਧਿਆਣਾ, ਮੋਗਾ, ਰੂਪ ਨਗਰ ਅਤੇ ਮੋਹਾਲੀ ਦੇ ਨੌਜਵਾਨਾਂ ਨੇ ਹਰ ਪ੍ਰਕਿਰਿਆ 'ਚ ਹਿੱਸਾ ਲਿਆ। 8 ਅਪ੍ਰੈਲ ਤੱਕ ਚੱਲਣ ਵਾਲੀ ਇਸ ਰੈਲੀ ਬਾਰੇ ਜਾਣਕਾਰੀ ਦਿੰਦੇ ਹੋਏ ਕਰਨਲ ਏ. ਕੇ. ਰਨੌਤ ਡਾਇਰੈਕਟਰ ਰਿਕਰੂਟਿੰਗ ਪੰਜਾਬ ਅਤੇ ਜੰਮੂ-ਕਸ਼ਮੀਰ ਨੇ ਕਿਹਾ ਕਿ ਜੋ ਉਮੀਦਵਾਰ ਸਰੀਰਕ ਸਮਰੱਥਾ ਪ੍ਰੀਖਿਆ 'ਚ ਪਾਸ ਹੋ ਰਹੇ ਹਨ, ਉਨ੍ਹਾਂ ਦੇ ਹੀ ਸਰੀਰ ਦਾ ਨਾਪ ਲੈਣ ਦੇ ਬਾਅਦ ਮੈਡੀਕਲ ਜਾਂਚ ਉਪਰੰਤ ਦਸਤਾਵੇਜ਼ ਚੈੱਕ ਕੀਤੇ ਜਾ ਰਹੇ ਹਨ। ਸ਼ੱਕੀ ਉਮੀਦਵਾਰ ਦੇ ਮਾਹਿਰ ਡਾਕਟਰਾਂ ਵਲੋਂ ਡੋਪ ਟੈਸਟ ਵੀ ਕੀਤੇ ਜਾ ਰਹੇ ਹਨ। ਉਨ੍ਹਾਂ ਦੱਸਿਆ ਕਿ ਇਸ ਪੂਰੀ ਪ੍ਰਕਿਰਿਆ 'ਚ ਸਫਲ ਰਹਿਣ ਵਾਲੇ ਉਮੀਦਵਾਰਾਂ ਦੀ ਲਿਖਤੀ ਪ੍ਰੀਖਿਆ 27 ਮਈ ਨੂੰ ਹੋਵੇਗੀ, ਜਿਸ ਵਿਚ ਮੈਰਿਟ ਵਿਚ ਆਉਣ ਵਾਲੇ ਉਮੀਦਵਾਰਾਂ ਨੂੰ ਫੌਜ ਦਾ ਹਿੱਸਾ ਬਣਾਉਣ ਤੋਂ ਪਹਿਲਾ ਟਰੇਨਿੰਗ ਲਈ ਵੱਖ-ਵੱਖ ਰਾਜਾਂ 'ਚ ਭੇਜਿਆ ਜਾਵੇਗਾ। ਉਨ੍ਹਾਂ ਨੇ ਨੌਜਵਾਨਾਂ ਨੂੰ ਫੌਜ 'ਚ ਭਰਤੀ ਦੇ ਲਈ ਠੱਗਾਂ ਤੇ ਨੌਸਰਬਾਜ਼ਾਂ ਤੋਂ ਸੁਚੇਤ ਰਹਿਣ ਲਈ ਵੀ ਪ੍ਰੇਰਿਤ ਕੀਤਾ ਹੈ।