ਬਰਫ ਦੇ ਤੋਦੇ ਡਿੱਗਣ ਕਾਰਨ ਫੌਜ ਦਾ ਜਵਾਨ ਹੋਇਆ ਸ਼ਹੀਦ
Monday, Mar 12, 2018 - 10:44 AM (IST)
ਬੁਢਲਾਡਾ (ਬਾਂਸਲ, ਮਨਜੀਤ, ਮਨਚੰਦਾ)-ਪਿੰਡ ਚੱਕ ਭਾਈ ਕੇ ਦੇ ਲੇਹ-ਲਦਾਖ ਨੇੜੇ ਸਿਆਚਨ ਗਲੇਸ਼ੀਅਰ ਵਿਖੇ ਤਾਇਨਾਤ ਫੌਜੀ ਜਵਾਨ ਸੁਖਵਿੰਦਰ ਸਿੰਘ ਜਿਸ ਦੀ ਬਰਫ਼ ਹੇਠਾਂ ਦੱਬ ਜਾਣ ਨਾਲ ਮੌਤ ਹੋ ਗਈ ਸੀ। ਸ਼ਹੀਦ ਦੇ ਅੰਤਿਮ ਸੰਸਕਾਰ ਮੌਕੇ ਉਸ ਦੇ ਸਾਥੀ ਜਵਾਨਾਂ ਤੇ ਫੌਜ ਦੇ ਅਧਿਕਾਰੀਆਂ ਨੇ ਸ਼ਰਧਾ ਦੇ ਫੁੱਲ ਭੇਟ ਕੀਤੇ। ਫੌਜ ਦੇ ਨਾਇਬ ਸੂਬੇਦਾਰ ਬਠਿੰਡਾ ਆਰ. ਡੀ. ਸ਼ਰਮਾ ਦੀ ਅਗਵਾਈ ਵਾਲੀ 8 ਜਵਾਨਾਂ ਦੀ ਟੁਕੜੀ ਨੇ 21 ਹਵਾਈ ਫਾਇਰਾਂ ਰਾਹੀਂ ਸਲਾਮੀ ਦਿੱਤੀ। ਸ਼ਹੀਦ ਆਪਣੇ ਪਿੱਛੇ ਬਜ਼ੁਰਗ ਮਾਤਾ-ਪਿਤਾ, ਪਤਨੀ ਕਰਮਜੀਤ ਕੌਰ, ਪੁੱਤਰੀ ਜਸਪ੍ਰੀਤ ਕੌਰ ਅਤੇ 5 ਸਾਲ ਦਾ ਪੁੱਤਰ ਹਰਜੋਤ ਸਿੰਘ ਛੱਡ ਗਿਆ ਹੈ।
ਦੁਖੀ ਪਰਿਵਾਰ ਨਾਲ ਹਮਦਰਦੀ ਪ੍ਰਗਟ ਕਰਨ ਲਈ ਕੇਂਦਰੀ ਮੰਤਰੀ ਹਰਸਿਮਰਤ ਕੌਰ ਬਾਦਲ ਵਿਸ਼ੇਸ਼ ਤੌਰ 'ਤੇ ਪਹੁੰਚੀ ਤੇ ਉਨ੍ਹਾਂ ਪਰਿਵਾਰ ਨਾਲ ਦੁੱਖ ਸਾਂਝਾ ਕੀਤਾ। ਉਨ੍ਹਾਂ ਦੁੱਖ ਸਾਂਝਾ ਕਰਦਿਆਂ ਮ੍ਰਿਤਕ ਦੇ ਬੱਚਿਆਂ ਦੀ ਪੜ੍ਹਾਈ ਦੀ ਜ਼ਿੰਮੇਵਾਰੀ ਲੈਂਦਿਆਂ ਹੋਰ ਖਰਚੇ ਦੇਣ ਦਾ ਐਲਾਨ ਵੀ ਕੀਤਾ ਅਤੇ ਕੇਂਦਰੀ ਗ੍ਰਹਿ ਵਿਭਾਗ ਨੂੰ ਪੱਤਰ ਲਿਖ ਕੇ ਪਰਿਵਾਰ ਨੂੰ ਹਰ ਸੰਭਵ ਮਦਦ ਦੇਣ ਦਾ ਭਰੋਸਾ ਵੀ ਦਿੱਤਾ। ਇਸ ਮੌਕੇ ਕਾਂਗਰਸ ਦੇ ਬਲਾਕ ਪ੍ਰਧਾਨ ਤੀਰਥ ਸਿੰਘ ਸਵੀਟੀ, ਅਕਾਲੀ ਦਲ ਸਰਕਲ ਬੁਢਲਾਡਾ ਦੇ ਪ੍ਰਧਾਨ ਅਮਰਜੀਤ ਸਿੰਘ ਕੁਲਾਣਾ, ਚੇਅਰਮੈਨ ਬੱਲਮ ਸਿੰਘ ਕਲੀਪੁਰ, ਸੂਬੇਦਾਰ ਸੇਵਕ ਸਿੰਘ, ਸੂਬੇਦਾਰ ਬਲਦੇਵ ਸਿੰਘ, ਯੂਥ ਆਗੂ ਹਰਮੇਲ ਸਿੰਘ ਕਲੀਪੁਰ, ਕਾਂਗਰਸੀ ਆਗੂ ਸੁਖਦੇਵ ਸਿੰਘ ਭੱਟੀ, ਬਾਬਾ ਸਵਰਨ ਸਿੰਘ ਚੱਕ ਭਾਈਕੇ ਤੋਂ ਇਲਾਵਾ ਵੱਡੀ ਗਿਣਤੀ 'ਚ ਇਲਾਕਾ ਵਾਸੀ ਮੌਜੂਦ ਸਨ।
