ਪੰਜਾਬ ਦੇਸ਼ ਭਰ ਵਿਚੋਂ ਕਿਸਾਨਾਂ ਨੂੰ ਸਭ ਤੋਂ ਵੱਧ ਗੰਨੇ ਦਾ ਭਾਅ ਦੇਣ ਵਾਲਾ ਸੂਬਾ ਬਣਿਆ : ਧਾਲੀਵਾਲ

Wednesday, Dec 06, 2023 - 06:12 PM (IST)

ਪੰਜਾਬ ਦੇਸ਼ ਭਰ ਵਿਚੋਂ ਕਿਸਾਨਾਂ ਨੂੰ ਸਭ ਤੋਂ ਵੱਧ ਗੰਨੇ ਦਾ ਭਾਅ ਦੇਣ ਵਾਲਾ ਸੂਬਾ ਬਣਿਆ : ਧਾਲੀਵਾਲ

ਹਰਸ਼ਾ ਛੀਨਾ (ਭੱਟੀ) : ਖੰਡ ਮਿੱਲ ਭੱਲਾ ਪਿੰਡ ਦੇ 34ਵੇਂ ਪਿੜਾਈ ਸੀਜਨ 2023-24 ਦਾ ਉਦਘਾਟਨ ਪੰਜਾਬ ਦੇ ਕੈਬਨਿਟ ਮੰਤਰੀ ਕੁਲਦੀਪ ਸਿੰਘ ਧਾਲੀਵਾਲ ਵੱਲੋਂ ਕੀਤਾ ਗਿਆ। ਇਸ ਮੌਕੇ ਪਹਿਲਾਂ ਮਿਲ ਮੈਨੇਜਮੈਂਟ ਅਤੇ ਸਮੂਹ ਸਟਾਫ ਵਲੋਂ ਪ੍ਰਮਾਤਮਾ ਦਾ ਓਟ ਆਸਰਾ ਲੈਂਦੇ ਹੋਏ ਸ੍ਰੀ ਅਖੰਡ ਸਾਹਿਬ ਜੀ ਦੇ ਭੋਗ ਪਾਏ  ਗਏ। ਇਸ ਮੌਕੇ ਧਾਲੀਵਾਲ ਨੇ ਕਿਹਾ ਕਿ ਮੁੱਖ ਮੰਤਰੀ ਭਗਵੰਤ ਸਿੰਘ ਮਾਨ ਦੀ ਅਗਵਾਈ ਹੇਠ ਪੰਜਾਬ ਸਰਕਾਰ ਹਰ ਸਮੇਂ ਕਿਸਾਨਾਂ ਦੇ ਨਾਲ ਖੜੀ ਹੈ ਅਤੇ ਕਿਸਾਨਾਂ ਦੇ ਹਿੱਤ ਵਿਚ ਕੰਮ ਕੀਤੇ ਜਾ ਰਹੇ ਹਨ। ਉਨ੍ਹਾਂ ਕਿਹਾ ਕਿ ਹਾਲ ਦੀ ਘੜੀ ਹੀ ਮੁੱਖ ਮੰਤਰੀ ਮਾਨ ਨੇ ਗੰਨੇ ਦੇ ਭਾਅ ਵਿਚ ਵਾਧਾ ਕੀਤਾ ਹੈ ਜਿਸ ਕਰਕੇ ਕਿਸਾਨ ਭਰਾ ਖੁਸ਼ ਹਨ। ਉਨ੍ਹਾਂ ਕਿਹਾ ਕਿ ਸਾਡਾ ਸੂਬਾ ਦੇਸ਼ ਭਰ ਵਿਚੋਂ ਕਿਸਾਨਾਂ ਨੂੰ ਸਭ ਤੋਂ ਵੱਧ ਗੰਨੇ ਦਾ ਭਾਅ ਦੇਣ ਵਾਲਾ ਸੂਬਾ ਹੈ। ਉਨ੍ਹਾਂ ਕਿਸਾਨਾਂ ਨੂੰ ਅਪੀਲ ਕਰਦਿਆਂ ਕਿਹਾ ਕਿ ਰਵਾਇਤੀ ਫਸਲਾਂ ਦੇ ਚੱਕਰ ਵਿਚੋਂ ਨਿਕਲ ਕੇ ਸਹਾਇਕ ਧੰਦੇ ਅਪਣਾਉਣ। ਧਾਲੀਵਾਲ ਨੇ ਕਿਹਾ ਕਿ ਖੇਤੀਬਾੜੀ ਯੂਨੀਵਰਸਿਟੀ ਲੁਧਿਆਣਾ ਦੇ ਮਾਹਿਰਾਂ ਵਲੋਂ ਗੰਨੇ ਦੀਆਂ ਨਵੀਆਂ ਕਿਸਮਾਂ ਦੇ ਬੀਜ ਉਨਤ ਕੀਤੇ ਜਾ ਰਹੇ ਹਨ ਜੋ ਜਲਦੀ ਹੀ ਕਿਸਾਨ ਭਰਾਵਾਂ ਨੂੰ ਮੁਹੱਈਆ ਕਰਵਾਏ ਜਾਣਗੇ। 

ਉਨ੍ਹਾਂ ਕਿਹਾ ਕਿ ਸਾਡੀ ਸਰਕਾਰ ਨੇ ਕੇਂਦਰ ਸਰਕਾਰ ਨੂੰ ਕਿਹਾ ਹੈ ਕਿ ਉਹ ਸਬਜੀਆਂ ਅਤੇ ਮੱਕੀ ਦੀ ਫਸਲ ਤੇ ਐੱਮ.ਐੱਸ.ਪੀ ਦੇਵੇ ਤਾਂ ਜੋ ਕਿਸਾਨ ਝੋਨੇ ਦੀ ਰਵਾਇਤੀ ਚੱਕਰ ਤੋਂ ਬਾਹਰ ਨਿਕਲ ਸਕਣ। ਉਨ੍ਹਾਂ ਅੱਗੇ ਕਿਹਾ ਕਿ ਸਰਕਾਰ ਵਲੋਂ ਗੰਨਾ ਮਾਹਿਰਾਂ, ਕਿਸਾਨਾਂ ਅਤੇ ਅਧਿਕਾਰੀਆਂ ਨਾਲ ਇਕ ਸਬੰਧਤ ਕਮੇਟੀ ਬਣਾ ਦਿੱਤੀ ਹੈ ਜੋ ਗੰਨੇ ਦੀ ਲਾਗਤ ਦੇਖ ਕੇ ਇਸਦਾ ਰੇਟ ਤੈਅ ਕਰੇਗੀ ਅਤੇ ਗੰਨਾ ਲਗਾਉਣ ਤੋਂ ਪਹਿਲਾਂ ਹੀ ਕਿਸਾਨਾਂ ਨੂੰ ਗੰਨੇ ਦੀ ਫਸਲ ਦੇ ਰੇਟ ਤੈਅ ਕਰਕੇ ਦੱਸ ਦਿੱਤੇ ਜਾਣਗੇ। ਉਨ੍ਹਾਂ ਕਿਹਾ ਕਿ ਕਿਸਾਨਾਂ ਨੂੰ ਮੰਡੀਆਂ ਵਿਚ ਆਪਣੀਆਂ ਫਸਲਾਂ ਦਾ ਪੂਰਾ ਭਾਅ ਮਿਲਿਆ ਹੈ ਅਤੇ ਖੇਤੀ ਲਈ ਨਿਰਵਿਘਨ ਸਪਲਾਈ ਮਿੱਲ ਰਹੀ ਹੈ। ਉਨ੍ਹਾਂ ਕਿਹਾ ਕਿ ਮਾਨ ਸਰਕਾਰ ਵਲੋਂ ਹਰ ਵਰਗ ਦਾ ਖਿਆਲ ਰੱਖਿਆ ਜਾ ਰਿਹਾ ਹੈ। ਇਸ ਮੌਕੇ ਐੱਸ. ਡੀ. ਐੱਮ. ਰਵਿੰਦਰਪਾਲ ਸਿੰਘ, ਜਨਰਲ ਮੈਨੇਜਰ ਰਜਿੰਦਰ ਪ੍ਰਤਾਪ ਸਿੰਘ, ਤਹਿਸੀਲਦਾਰ ਜਗਤਾਰ ਸਿੰਘ, ਬਲਾਕ ਵਿਕਾਸ ਤੇ ਪੰਚਾਇਤ ਅਸਫ਼ਰ ਕੁਲਜੀਤ ਸਿੰਘ ਬਾਜਵਾ, ਖੁਸ਼ਪਾਲ ਸਿੰਘ ਧਾਲੀਵਾਲ, ਮੁੱਖ ਗੰਨਾਂ ਅਫਸਰ ਸਤਿੰਦਰਜੀਤ ਸਿੰਘ ਮਜੀਠਾ, ਗੁਰਜੰਟ ਸਿੰਘ ਸੋਹੀ, ਨਗਰ ਪ੍ਰੀਸ਼ਦ ਅਜਨਾਲਾ ਦੇ ਪ੍ਰਧਾਨ ਜਸਪਾਲ ਸਿੰਘ ਢਿੱਲੋਂ, ਹਰਬੀਰ ਸਿੰਘ ਬੱਬਲੂ, ਸਵਿੰਦਰ ਸਿੰਘ ਸੈਂਸਰਾ, ਪਲਵਿੰਦਰ ਸਿੰਘ ਗਿੱਲ, ਗੁਰਨਾਮ ਸਿੰਘ ਸੇਦੋਗਾਜੀ, ਧਨਵੰਤ ਸਿੰਘ ਧੰਨਾ ਤੋਂ ਇਲਾਵਾ ਵੱਡੀ ਗਿਣਤੀ ਵਿੱਚ ਕਿਸਾਨ ਹਾਜ਼ਰ ਸਨ।


author

Gurminder Singh

Content Editor

Related News