ਅੰਮ੍ਰਿਤਸਰ ਵਿਖੇ ਡੇਂਗੂ ਟੈਸਟਿੰਗ ਲੈਬ ਦੀ ਸਥਾਪਨਾ ਦੀ ਮਿਲੀ ਪ੍ਰਵਾਨਗੀ

Saturday, May 23, 2020 - 09:34 PM (IST)

ਚੰਡੀਗੜ੍ਹ, (ਸ਼ਰਮਾ)— ਭਾਰਤ ਸਰਕਾਰ ਨੇ ਅੱਜ ਅੰਮ੍ਰਿਤਸਰ ਦੇ ਐੱਸ. ਡੀ. ਐੱਚ. ਅਜਨਾਲਾ ਵਿਖੇ ਡੇਂਗੂ ਟੈਸਟਿੰਗ ਲੈਬਾਰਟਰੀ ਸਥਾਪਤ ਕਰਨ ਦੀ ਪ੍ਰਵਾਨਗੀ ਦੇ ਦਿੱਤੀ ਹੈ ਕਿਉਂਕਿ ਅਜਨਾਲਾ 'ਚ ਸਾਲ 2019 'ਚ ਡੇਂਗੂ ਦੇ ਮਾਮਲਿਆਂ 'ਚ ਵਾਧਾ ਦਰਜ ਕੀਤਾ ਗਿਆ ਸੀ। ਪੰਜਾਬ ਸਰਕਾਰ ਵਲੋਂ ਪਿਛਲੇ ਵਰ੍ਹੇ ਐੱਸ. ਡੀ. ਐੱਚ. ਅਜਨਾਲਾ ਵਿਖੇ ਇਕ ਨਵੀਂ ਟੈਸਟਿੰਗ ਲੈਬਾਰਟਰੀ ਦੀ ਸਥਾਪਨਾ ਲਈ ਭਾਰਤ ਸਰਕਾਰ ਨੂੰ ਪ੍ਰਸਤਾਵ ਸੌਂਪਿਆ ਗਿਆ ਸੀ।
ਇਥੇ ਜਾਰੀ ਇਕ ਪ੍ਰੈੱਸ ਬਿਆਨ 'ਚ ਇਸ ਸਬੰਧੀ ਹੋਰ ਜਾਣਕਾਰੀ ਦਿੰਦਿਆਂ ਸਿਹਤ ਮੰਤਰੀ ਬਲਬੀਰ ਸਿੰਘ ਸਿੱਧੂ ਨੇ ਕਿਹਾ ਕਿ ਅਜਨਾਲਾ ਅਤੇ ਆਸ-ਪਾਸ ਦੇ ਇਲਾਕਿਆਂ 'ਚ ਰਹਿਣ ਵਾਲੇ ਲੋਕਾਂ ਲਈ ਇਹ ਲੈਬਾਰਟਰੀ ਮੱਦਦਗਾਰ ਸਾਬਤ ਹੋਵੇਗੀ, ਜਿਨ੍ਹਾਂ ਨੂੰ ਡੇਂਗੂ ਦੇ ਟੈਸਟ ਲਈ ਨਿੱਜੀ ਲੈਬਾਰਟਰੀਆਂ ਜਾਂ ਅੰਮ੍ਰਿਤਸਰ ਨਹੀਂ ਜਾਣਾ ਪਵੇਗਾ। ਹੁਣ ਇਹ ਟੈਸਟ ਸਥਾਨਕ ਪੱਧਰ 'ਤੇ ਕੀਤਾ ਜਾਵੇਗਾ। ਉਨ੍ਹਾਂ ਕਿਹਾ ਕਿ ਡੇਂਗੂ ਦੀ ਟੈਸਟਿੰਗ ਲਈ ਸੂਬੇ 'ਚ ਪਹਿਲਾਂ ਹੀ 34 ਪ੍ਰਵਾਣਿਤ ਲੈਬਾਰਟਰੀਆਂ ਹਨ ਅਤੇ ਇਹ ਸੂਬੇ ਦੇ ਸਰਕਾਰੀ ਹਸਪਤਾਲਾਂ 'ਚ 35ਵੀਂ ਲੈਬਾਰਟਰੀ ਹੋਵੇਗੀ। ਇਸ ਸੀਜ਼ਨ ਦੌਰਾਨ ਐੱਸ. ਡੀ. ਐੱਚ. ਅਜਨਾਲਾ ਵਿਖੇ ਡੇਂਗੂ ਅਤੇ ਚਿਕਨਗੁਨੀਆ ਦੇ ਟੈਸਟ ਮੁਫਤ ਕੀਤੇ ਜਾਣਗੇ। ਹਸਪਤਾਲ ਨੂੰ ਆਉਣ ਵਾਲੇ ਦਿਨਾਂ 'ਚ ਟੈਸਟਿੰਗ ਕਿੱਟਾਂ ਮੁਹੱਈਆ ਕਰਵਾਈਆਂ ਜਾਣਗੀਆਂ ਅਤੇ ਲੈਬਾਰਟਰੀ ਜੂਨ, 2020 ਤੋਂ ਕਾਰਜਸ਼ੀਲ ਹੋ ਜਾਵੇਗੀ।
ਸਿਹਤ ਮੰਤਰੀ ਨੇ ਅੱਗੇ ਕਿਹਾ ਕਿ ਬਦਲਦੇ ਮੌਸਮ ਦੇ ਮੱਦੇਨਜ਼ਰ ਸਾਰੇ ਜ਼ਿਲ੍ਹਿਆਂ ਨੂੰ ਪਹਿਲਾਂ ਹੀ ਡੇਂਗੂ ਲਈ ਰੋਕਥਾਮ ਤੇ ਨਿਗਰਾਨੀ ਗਤੀਵਿਧੀਆਂ ਸ਼ੁਰੂ ਕਰਨ ਦੀਆਂ ਹਦਾਇਤਾਂ ਜਾਰੀ ਕੀਤੀਆਂ ਜਾ ਚੁੱਕੀਆਂ ਹਨ। ਸਿਹਤ ਵਿਭਾਗ ਇਸ ਵੇਲੇ ਕੋਵਿਡ-19 ਦੇ ਟਾਕਰੇ ਲਈ ਅਣਥੱਕ ਯਤਨ ਕਰ ਰਿਹਾ ਹੈ ਅਤੇ ਇਸ ਦੇ ਨਾਲ ਹੀ ਸੂਬੇ 'ਚ ਡੇਂਗੂ, ਮਲੇਰੀਆ ਅਤੇ ਹੋਰ ਵੈਕਟਰ ਬੋਰਨ ਡਿਸੀਜਿਜ਼ ਦੀ ਟੈਸਟਿੰਗ ਅਤੇ ਪ੍ਰਬੰਧਨ ਲਈ ਤਿਆਰੀਆਂ ਵੀ ਸ਼ੁਰੂ ਕਰ ਦਿੱਤੀਆਂ ਗਈਆਂ ਹਨ।
ਸਿੱਧੂ ਨੇ ਲੋਕਾਂ ਨੂੰ ਅਪੀਲ ਕੀਤੀ ਕਿ ਡੇਂਗੂ ਦਾ ਮੱਛਰ ਸਿਰਫ ਸਾਫ ਪਾਣੀ 'ਚ ਹੀ ਪ੍ਰਜਨਨ ਕਰਦਾ ਹੈ ਅਤੇ ਦਿਨ ਵੇਲੇ ਹੀ ਕੱਟਦਾ ਹੈ। ਸਾਰੇ ਲੋਕ ਇਹ ਯਕੀਨੀ ਬਣਾਉਣ ਕਿ ਕੂਲਰਾਂ, ਫੁੱਲਾਂ ਦੇ ਗਮਲਿਆਂ, ਫਰਿੱਜ਼ਾਂ ਪਿੱਛੇ ਗੰਦੇ ਪਾਣੀ ਦੀਆਂ ਟਰੇਆਂ ਆਦਿ ਨੂੰ ਹਰ ਹਫ਼ਤੇ ਢੁੱਕਵੇਂ ਤਰੀਕੇ ਨਾਲ ਖਾਲ੍ਹੀ ਤੇ ਸਾਫ਼ ਕੀਤਾ ਜਾਵੇ। ਸਿਹਤ ਵਿਭਾਗ ਨੇ ਪਹਿਲਾਂ ਹੀ ਸੁੱਕਰਵਾਰ ਨੂੰ 'ਡਰਾਈ ਡੇਅ' ਘੋਸ਼ਿਤ ਕਰ ਦਿੱਤਾ ਹੈ ਤਾਂ ਜੋ ਸਾਰੇ ਘਰਾਂ 'ਚ ਹਫ਼ਤੇ 'ਚ ਇੱਕ ਵਾਰ ਰੋਕਥਾਮ ਗਤੀਵਿਧੀਆਂ ਕੀਤੀਆਂ ਜਾ ਸਕਣ।


KamalJeet Singh

Content Editor

Related News