ਕਾਂਗਰਸ ਤੇ ਅਕਾਲੀ ਕਿਸਾਨਾਂ ਨੂੰ ਗੁੰਮਰਾਹ ਕਰਨ ਦੇ ਲਈ ਮੰਗਣ ਮੁਆਫ਼ੀ : ਚੁੱਘ
Sunday, Sep 05, 2021 - 08:08 PM (IST)
ਚੰਡੀਗੜ੍ਹ(ਸ਼ਰਮਾ)- ਭਾਜਪਾ ਦੇ ਕੌਮੀ ਜਨਰਲ ਸਕੱਤਰ ਤਰੁਣ ਚੁੱਘ ਨੇ ਅੱਜ ਕਾਂਗਰਸ, ਅਕਾਲੀਆਂ ਅਤੇ ਆਪ ’ਤੇ ਕਿਸਾਨਾਂ ਖਿਲਾਫ਼ ਸਾਜਿਸ਼ ਕਰਨ ਅਤੇ ਤਿੰਨ ਖੇਤੀਬਾੜੀ ਬਿਲਾਂ ’ਤੇ ਉਨ੍ਹਾਂ ਨੂੰ ਗੁੰਮਰਾਹ ਕਰਨ ਦਾ ਦੋਸ਼ ਲਗਾਇਆ ਹੈ।
ਚੁੱਘ ਨੇ ਕਿਹਾ ਕਿ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਕਿਸਾਨਾਂ ਦੀ ਦੁਰਦਸ਼ਾ ਸੁਧਾਰਨ ਅਤੇ ਉਨ੍ਹਾਂ ਦੀ ਕਮਾਈ ਦੁੱਗਣੀ ਕਰਨ ਵਿਚ ਮਦਦ ਕਰਨ ਲਈ ਤਿੰਨ ਬਿਲ ਲਿਆਏ। ਉਨ੍ਹਾਂ ਕਿਹਾ ਕਿ ਕਿਸਾਨ ਕਲਿਆਣ ਪ੍ਰਧਾਨ ਮੰਤਰੀ ਦੀ ਸਰਵਉਚ ਪਹਿਲ ਰਹੀ ਹੈ ਪਰ ਕਾਂਗਰਸ ਅਤੇ ਅਕਾਲੀ ਜਿਹੇ ਰਾਜਨੀਤਿਕ ਦਲ ਹੁਣ ਕਿਸਾਨਾਂ ਨੂੰ ਗੁੰਮਰਾਹ ਕਰ ਰਹੇ ਹਨ।
ਇਹ ਵੀ ਪੜ੍ਹੋ : ਵਿਧਾਨ ਸਭਾ ਚੋਣਾਂ ਤੋਂ ਪਹਿਲਾਂ ਕੈਪਟਨ, ਸਿੱਧੂ, ਭੱਠਲ ਤੇ ਜਾਖੜ ’ਤੇ ਵੱਡਾ ਫ਼ੈਸਲਾ ਲੈ ਸਕਦੀ ਹੈ ਹਾਈਕਮਾਨ
ਚੁੱਘ ਨੇ ਅਕਾਲੀਆਂ ਨੂੰ ਸੰਸਦ ਵਿਚ ਸ਼ੁਰੂ ਵਿਚ ਸਮਰਥਨ ਦੇਣ ਤੋਂ ਬਾਅਦ ਬਿਲਾਂ ਖ਼ਿਲਾਫ਼ ਖੜ੍ਹੇ ਹੋਣ ਲਈ ਸਵਾਲ ਕੀਤਾ। ਉਨ੍ਹਾਂ ਕਿਹਾ ਕਿ ਅਕਾਲੀ ਹੁਣ ਕਿਸਾਨਾਂ ਦੇ ਨਾਲ ਧੋਖਾ ਕਰ ਰਹੇ ਹਨ। ਚੁੱਘ ਨੇ ਕਿਸਾਨਾਂ ਨੂੰ ਧੋਖਾ ਦੇ ਕੇ ਬਿਲਾਂ ’ਤੇ ਰਾਜਨੀਤੀ ਕਰਨ ਲਈ ਕਾਂਗਰਸ ਅਤੇ ਆਪ ਨੂੰ ਕਰੜੇ ਹੱਥੀਂ ਲਿਆ। ਉਨ੍ਹਾਂ ਕਿਹਾ ਕਿ ਕਾਂਗਰਸ ਨੇ ਪਹਿਲਾਂ ਕਦੇ ਕਿਸਾਨਾਂ ਦੀ ਕਿਸਮਤ ਸੁਧਾਰਨ ਲਈ ਕੋਈ ਕੋਸ਼ਿਸ਼ ਨਹੀਂ ਕੀਤੀ ਅਤੇ ਇਸ ਦੀ ਬਜਾਏ ਝੂਠੇ ਵਾਅਦਿਆਂ ਨਾਲ ਉਨ੍ਹਾਂ ਨੂੰ ਭਾਰੀ ਕਰਜ਼ਿਆਂ ਵਿਚ ਪਾ ਦਿੱਤਾ।
ਇਹ ਵੀ ਪੜ੍ਹੋ : ਕੈਪਟਨ ਖ਼ਿਲਾਫ਼ ਬਗਾਵਤ ਦਾ ਝੰਡਾ ਚੁੱਕਣ ਵਾਲੇ ਨਵਜੋਤ ਸਿੱਧੂ ਨੂੰ ਪਰਨੀਤ ਕੌਰ ਦੀ ਨਸੀਹਤ
ਚੁੱਘ ਨੇ ਚੋਣਾਵੀ ਘੋਸ਼ਣਾ ਪੱਤਰ ਵਿਚ ਕਿਸਾਨਾਂ ਦੇ 90,000 ਕਰੋੜ ਰੁਪਏ ਦੇ ਕਰਜ਼ੇ ਮੁਆਫ਼ ਕਰਨ ਅਤੇ ਉਨ੍ਹਾਂ ਨੂੰ ਚੋਣਾਵੀ ਲਾਭ ਲਈ ਮੂਰਖ ਬਣਾਉਣ ਦੇ ਝੂਠੇ ਵਾਅਦੇ ਕਰਨ ਲਈ ਕਾਂਗਰਸ ਦੀ ਆਲੋਚਨਾ ਕੀਤੀ। ਉਨ੍ਹਾਂ ਕਾਂਗਰਸ ਵਲੋਂ ਕਿਸਾਨਾਂ ਨਾਲ ਧੋਖਾਧੜੀ ਅਤੇ ਉਨ੍ਹਾਂ ਨੂੰ ਧੋਖਾ ਦੇਣ ਲਈ ਸਰਵਜਨਕ ਰੂਪ ਨਾਲ ਮੁਆਫ਼ੀ ਮੰਗਣ ਨੂੰ ਕਿਹਾ। ਉਨ੍ਹਾਂ ਕਿਹਾ ਕਿ ਤਿੰਨੇ ਖੇਤੀਬਾੜੀ ਬਿਲ ਕਿਸਾਨਾਂ ਦੇ ਹਿਤ ਵਿਚ ਹਨ ਅਤੇ ਵਿਰੋਧੀ ਧਿਰ ਨੂੰ ਉਨ੍ਹਾਂ ’ਤੇ ਰਾਜਨੀਤੀ ਕਰਨਾ ਬੰਦ ਕਰ ਦੇਣਾ ਚਾਹੀਦਾ ਹੈ।