'ਚਿੱਟੇ ਦੇ ਵਪਾਰੀ ਅਨਵਰ ਨੂੰ ਸਰਕਾਰ ਤੇ ਅਕਾਲੀਆਂ ਦੇ ਕਹਿਣ 'ਤੇ ਪੁਲਸ ਨੇ ਛੱਡਿਆ'

Thursday, Feb 06, 2020 - 12:22 AM (IST)

'ਚਿੱਟੇ ਦੇ ਵਪਾਰੀ ਅਨਵਰ ਨੂੰ ਸਰਕਾਰ ਤੇ ਅਕਾਲੀਆਂ ਦੇ ਕਹਿਣ 'ਤੇ ਪੁਲਸ ਨੇ ਛੱਡਿਆ'

ਲੁਧਿਆਣਾ, (ਪਾਲੀ)- ਲੋਕ ਇਨਸਾਫ ਪਾਰਟੀ ਦੇ ਪ੍ਰਧਾਨ ਅਤੇ ਵਿਧਾਇਕ ਸਿਮਰਜੀਤ ਸਿੰਘ ਬੈਂਸ ਨੇ ਕਾਂਗਰਸ ਸਰਕਾਰ ’ਤੇ ਸਿੱਧਾ ਦੋਸ਼ ਲਾਇਆ ਹੈ ਕਿ ਪੁਲਸ ਨੇ ਅਕਾਲੀਆਂ ਦੇ ਕਹਿਣ ’ਤੇ ਹੀ 1000 ਕਰੋਡ਼ ਰੁਪਏ ਦੀ ਫਡ਼ੀ ਗਈ ਹੈਰੋਇਨ ਮਾਮਲੇ ਦੇ ਮੁੱਖ ਮੁਲਜ਼ਮ ਅਨਵਰ ਮਸੀਹ ਨੂੰ ਛੱਡਿਆ ਹੈ ਅਤੇ ਖਾਨਾਪੂਰਤੀ ਲਈ ਪੁਲਸ ਹੁਣ ਆਪਣੇ ਪਰਿਵਾਰ ਸਮੇਤ ਫਰਾਰ ਹੋ ਚੁੱਕੇ ਅਨਵਰ ਨੂੰ ਨੋਟਿਸ ਭੇਜ ਰਹੀ ਹੈ। ਵਿਧਾਇਕ ਸਿਮਰਜੀਤ ਸਿੰਘ ਬੈਂਸ ਨੇ ਆਪਣੇ ਦੁੱਗਰੀ ਦਫਤਰ ਵਿਖੇ ਪੱਤਰਕਾਰਾਂ ਨਾਲ ਗੱਲਬਾਤ ਦੌਰਾਨ ਦੋਸ਼ ਲਾਇਆ ਕਿ ਜੇਕਰ ਪੁਲਸ ਦਾ ਕੋਈ ਈਮਾਨਦਾਰ ਅਧਿਕਾਰੀ ਅਨਵਰ ਨੂੰ ਫਡ਼ ਕੇ ਮਾਮਲੇ ਦੀ ਤਹਿ ਤੱਕ ਜਾਂਚ ਕਰਦਾ ਤਾਂ ਕਈ ਵੱਡੇ ਆਗੂਆਂ ਦੇ ਨਾਂ ਸਾਹਮਣੇ ਆਉਣੇ ਸੀ ਅਤੇ ਇਸੇ ਕਾਰਣ ਹੀ ਅਨਵਰ ਮਸੀਹ ਨੂੰ ਪੁਲਸ ਨੇ ਕਾਂਗਰਸ ਸਰਕਾਰ ਅਤੇ ਅਕਾਲੀਆਂ ਦੇ ਕਹਿਣ ’ਤੇ ਹੀ ਛੱਡਿਆ ਹੈ। ਦੂਜੇ ਪਾਸੇ ਕਾਂਗਰਸ ਸਰਕਾਰ ਅਤੇ ਅਫਸਰਸ਼ਾਹੀ ਵੀ ਆਪਸ ਵਿਚ ਮਿਲੇ ਹੋਏ ਹਨ ਅਤੇ ਸੀਨੀਅਰ ਅਧਿਕਾਰੀ ਵੀ ਇਸ ਮਾਮਲੇ ’ਚ ਸਹਿਯੋਗੀ ਹਨ। ਉਨ੍ਹਾਂ ਕੇਂਦਰ ਸਰਕਾਰ ਨੂੰ ਵੀ ਅਪੀਲ ਕੀਤੀ ਕਿ ਇਸ ਮਾਮਲੇ ’ਚ ਤੁਰੰਤ ਸਖਤ ਕਦਮ ਚੁੱਕਦੇ ਹੋਏ ਅਨਵਰ ਨੂੰ ਗ੍ਰਿਫਤਾਰ ਕਰ ਕੇ ਸੱਚਾਈ ਲੋਕਾਂ ਸਾਹਮਣੇ ਲਿਆਂਦੀ ਜਾਵੇ। ਉਨ੍ਹਾਂ ਸਾਫ ਕਿਹਾ ਕਿ ਕਾਂਗਰਸ ਸਰਕਾਰ ਜੇਕਰ ਸਹੀ ਅਰਥਾਂ ’ਚ ਪੰਜਾਬ ’ਚ ਨਸ਼ੇ ਖਿਲਾਫ ਸੁਹਿਰਦ ਹੈ ਤਾਂ ਤੁਰੰਤ ਅਨਵਰ ਨੂੰ ਗ੍ਰਿਫਤਾਰ ਕਰ ਕੇ ਸੱਚਾਈ ਸਾਹਮਣੇ ਲਿਆਵੇ ਨਹੀਂ ਤਾਂ ਪੰਜਾਬ ਦੇ ਲੋਕ ਸਾਰਾ ਕੁਝ ਦੇਖ ਹੀ ਨਹੀਂ ਰਹੇ, ਸਗੋਂ ਸਮਝ ਵੀ ਗਏ ਹਨ ਅਤੇ ਆਉਣ ਵਾਲੇ ਸਮੇਂ ਅੰਦਰ ਕਾਂਗਰਸ ਸਰਕਾਰ ਨੂੰ ਸਬਕ ਸਿਖਾ ਕੇ ਹੀ ਦਮ ਲੈਣਗੇ। ਇਸ ਮੌਕੇ ਜਸਵਿੰਦਰ ਸਿੰਘ ਖਾਲਸਾ, ਹਰਪਾਲ ਸਿੰਘ ਕੋਹਲੀ, ਅਰਜਨ ਸਿੰਘ ਚੀਮਾ, ਮਨਿੰਦਰ ਮਨੀ ਅਤੇ ਹੋਰ ਵੀ ਸ਼ਾਮਲ ਸਨ।


author

Bharat Thapa

Content Editor

Related News