ਵੱਡੀ ਲਾਪ੍ਰਵਾਹੀ! ਜਦੋਂ ICU ’ਚ ਦਾਖ਼ਲ 8 ਦਿਨਾ ਬੱਚੀ ਦੇ ਸਰੀਰ ’ਤੇ ਚੜ੍ਹੀਆਂ ਕੀੜੀਆਂ

Thursday, May 11, 2023 - 05:44 PM (IST)

ਵੱਡੀ ਲਾਪ੍ਰਵਾਹੀ! ਜਦੋਂ ICU ’ਚ ਦਾਖ਼ਲ 8 ਦਿਨਾ ਬੱਚੀ ਦੇ ਸਰੀਰ ’ਤੇ ਚੜ੍ਹੀਆਂ ਕੀੜੀਆਂ

ਅੰਮ੍ਰਿਤਸਰ (ਦਲਜੀਤ) : ਗੁਰੂ ਨਾਨਕ ਦੇਵ ਹਸਪਤਾਲ ’ਚ ਸਥਿਤ ਬੱਚਾ ਵਿਭਾਗ ਦੇ ਆਈ. ਸੀ. ਯੂ. ’ਚ ਨਵ ਜੰਮੇ ਬੱਚੇ ਸੁਰੱਖਿਅਤ ਨਹੀਂ ਹਨ। ਬੀਤੇ ਦਿਨ ਆਈ. ਸੀ. ਯੂ. ’ਚ ਵੈਂਟੀਲਟਰ ’ਤੇ ਦਾਖ਼ਲ 8 ਦਿਨ ਦੀ ਬੱਚੀ ਦੇ ਸਰੀਰ ਉੱਤੇ ਕੀੜੀਆਂ ਚੜ੍ਹ ਗਈਆਂ। ਆਈ. ਸੀ. ਯੂ. ’ਚ ਤਾਇਨਾਤ ਸਟਾਫ ਨੂੰ ਇਸ ਦੀ ਭਿਣਕ ਵੀ ਨਹੀਂ ਲੱਗੀ। ਜਦੋਂ ਮਾਪੇ ਬੱਚੀ ਦਾ ਡਾਇਪਰ ਬਦਲਣ ਆਏ ਤਾਂ ਉਨ੍ਹਾਂ ਨੇ ਮਾਮਲਾ ਸਟਾਫ਼ ਦੇ ਧਿਆਨ ’ਚ ਲਿਆਂਦਾ ਤਾਂ ਸਟਾਫ ਵੱਲੋਂ ਫੌਰਨ ਮਾਪਿਆਂ ਦੇ ਸਾਹਮਣੇ ਬੱਚੇ ਦੇ ਸਰੀਰ ਤੋਂ 15-20 ਕੀੜੀਆਂ ਉਤਾਰੀਆਂ। ਘੋਰ ਲਾਪ੍ਰਵਾਹੀ ਸਾਹਮਣੇ ਆਉਣ ਦੇ ਬਾਅਦ ਹੁਣ ਸਟਾਫ ਵੱਲੋਂ ਆਈ. ਸੀ. ਯੂ. ਵਿਚ ਉਨ੍ਹਾਂ ਨੂੰ ਉਨ੍ਹਾਂ ਦਾ ਬੱਚਾ ਦੇਖਣ ਲਈ ਦਾਖਲ ਨਹੀਂ ਹੋਣ ਦਿੱਤਾ ਜਾ ਰਿਹਾ ਹੈ। ਬੱਚੇ ਦੇ ਪਿਤਾ ਸਤਨਾਮ ਸਿੰਘ ਨੇ ਦੱਸਿਆ ਕਿ ਉਨ੍ਹਾਂ ਦਾ ਬੱਚਾ ਆਈ. ਸੀ. ਯੂ. ਵਿਚ ਵੈਂਟੀਲਟਰ ’ਤੇ ਦਾਖਲ ਹੈ। ਆਈ. ਸੀ. ਯੂ. ਦੇ ਬਾਹਰ ਹੀ ਉਹ ਹਰ ਸਮੇਂ ਮੌਜੂਦ ਰਹਿੰਦੇ ਹਨ, ਜਦੋਂ ਵੀ ਬੱਚੇ ਦਾ ਡਾਇਪਰ ਬਦਲਣਾ ਹੁੰਦਾ ਹੈ ਤਾਂ ਸਟਾਫ ਉਨ੍ਹਾਂ ਨੂੰ ਸੱਦ ਲੈਂਦਾ ਹੈ। ਪਿਛਲੇ ਦਿਨ ਡਾਇਪਰ ਬਦਲਣ ਲਈ ਸਟਾਫ ਵੱਲੋਂ ਉਨ੍ਹਾਂ ਨੂੰ ਬੁਲਾਇਆ ਗਿਆ, ਜਦੋਂ ਉਹ ਡਾਇਪਰ ਬਦਲਣ ਗਏ ਤਾਂ ਵੇਖਿਆ ਕਿ ਬੱਚੇ ਦੇ ਆਸ-ਪਾਸ ਕੀੜੀਆਂ ਮੌਜੂਦ ਸਨ। ਉਨ੍ਹਾਂ ਨੇ ਸਟਾਫ ਨੂੰ ਬੁਲਾਇਆ ਤੇ ਉਨ੍ਹਾਂ ਨੂੰ ਸਾਫ਼ ਕਰਵਾ ਲਿਆ। ਕੁੱਝ ਸਮੇਂ ਬਾਅਦ ਦੁਬਾਰਾ ਸਟਾਫ ਵੱਲੋਂ ਉਨ੍ਹਾਂ ਨੂੰ ਡਾਇਪਰ ਬਦਲਣ ਲਈ ਬੁਲਾਇਆ ਗਿਆ, ਜਦੋਂ ਉਹ ਆਏ ਤਾਂ ਵੇਖਿਆ ਕਿ ਬੱਚਾ ਕਾਫ਼ੀ ਤੰਗ ਸੀ ਅਤੇ ਹੱਥ-ਪੈਰ ਮਾਰ ਰਿਹਾ ਸੀ। ਉਨ੍ਹਾਂ ਨੇ ਸੋਚਿਆ ਕਿ ਬੱਚੇ ਨੂੰ ਅਲਰਜੀ ਹੋ ਗਈ ਹੈ, ਇਸ ਲਈ ਉਹ ਅਜਿਹਾ ਕਰ ਰਿਹਾ ਹੈ ਪਰ ਜਦੋਂ ਉਨ੍ਹਾਂ ਨੇ ਗੌਰ ਨਾਲ ਵੇਖਿਆ ਤਾਂ ਉਸਦੇ ਸਿਰ ਅਤੇ ਸਰੀਰ ਉੱਤੇ ਕੀੜੀਆਂ ਮੌਜੂਦ ਸਨ।

ਇਹ ਵੀ ਪੜ੍ਹੋ : ਅਧਿਆਪਕ ਭਰਤੀ ਰਿਕਾਰਡ ’ਚ ਗੜਬੜੀ ਕਰਨ ਦੇ ਦੋਸ਼ ਹੇਠ ਸਿੱਖਿਆ ਵਿਭਾਗ ਦੇ 5 ਮੁਲਾਜ਼ਮ ਗ੍ਰਿਫਤਾਰ

ਉਨ੍ਹਾਂ ਨੇ ਦੁਬਾਰਾ ਸਟਾਫ ਨੂੰ ਜਦੋਂ ਬੁਲਾਇਆ ਤਾਂ ਉਨ੍ਹਾਂ ਨੇ ਕੱਪੜੇ ਦੇ ਨਾਲ ਸਾਫ਼ ਕੀਤਾ ਤਾਂ 10 ਤੋਂ ਜ਼ਿਆਦਾ ਕੀੜੀਆਂ ਬੱਚੇ ਦੇ ਸਿਰੋਂ ਹੇਠਾਂ ਉਤਾਰੀਆਂ ਗਈਆਂ। ਉਨ੍ਹਾਂ ਨੇ ਜਦੋਂ ਪੁੱਛਿਆ ਕਿ ਬੱਚੇ ਦੇ ਨਾਲ ਅਜਿਹਾ ਕਿਉਂ ਹੋ ਰਿਹਾ ਹੈ ਤਾਂ ਸਟਾਫ ਵੱਲੋਂ ਉਸਨੂੰ ਸਪੱਸ਼ਟ ਕਹਿ ਦਿੱਤਾ ਗਿਆ ਕਿ ਤੁਸੀ ਆਈ. ਸੀ. ਯੂ. ਵਿਚ ਨਹੀਂ ਆਓਗੇ। ਸਮਾਜ ਸੇਵਕ ਜੈਗੋਪਾਲ ਲਾਲੀ ਅਤੇ ਰਜਿੰਦਰ ਸ਼ਰਮਾ ਰਾਜੂ ਨੇ ਦੱਸਿਆ ਕਿ ਬੱਚੇ ਦੇ ਮਾਪਿਆਂ ਵੱਲੋਂ ਜਦੋਂ ਉਨ੍ਹਾਂ ਨੂੰ ਦੱਸਿਆ ਗਿਆ ਕਿ ਬੱਚੇ ਦੇ ਸਰੀਰ ਉੱਤੇ ਕੀੜੀਆਂ ਚੜ੍ਹ ਗਈਆਂ ਸਨ ਅਤੇ ਉਨ੍ਹਾਂ ਦੀ ਸੁਣਵਾਈ ਨਹੀਂ ਹੋ ਰਹੀ ਤਾਂ ਉਨ੍ਹਾਂ ਨੇ ਆਈ. ਸੀ. ਯੂ. ਵਿਚ ਤਾਇਨਾਤ ਮਹਿਲਾ ਕਰਮਚਾਰੀ ਨਾਲ ਫੋਨ ਉੱਤੇ ਗੱਲ ਕੀਤੀ ਤਾਂ ਮਹਿਲਾ ਕਰਮਚਾਰੀ ਨੇ ਵੀ ਮੰਨਿਆ ਕਿ ਬੱਚੇ ਦੇ ਸਰੀਰ ’ਤੇ ਕੀੜੀਆਂ ਚੜ੍ਹੀਆਂ ਸਨ ਪਰ ਹੁਣ ਉਨ੍ਹਾਂ ਨੂੰ ਸਾਫ਼ ਕਰ ਦਿੱਤਾ ਗਿਆ ਹੈ।

ਅਜਿਹੀ ਕੋਈ ਘਟਨਾ ਨਹੀਂ ਹੋਈ, ਮੈਂ ਖੁਦ ਕੀਤੀ ਹੈ ਇਨਕੁਆਇਰੀ : ਮੈਡੀਕਲ ਸੁਪਰਡੈਂਟ
ਉੱਧਰ ਗੁਰੂ ਨਾਨਕ ਦੇਵ ਹਸਪਤਾਲ ਦੇ ਮੈਡੀਕਲ ਸੁਪਰਡੈਂਟ ਕਰਮਜੀਤ ਸਿੰਘ ਨਾਲ ਜਦੋਂ ਗੱਲ ਕੀਤੀ ਗਈ ਤਾਂ ਉਨ੍ਹਾਂ ਨੇ ਕਿਹਾ ਕਿ ਅਜਿਹੀ ਕੋਈ ਘਟਨਾ ਨਹੀਂ ਹੋਈ ਹੈ। ਉਨ੍ਹਾਂ ਨੇ ਖੁਦ ਸਾਰੇ ਮਾਮਲੇ ਦੀ ਜਾਂਚ ਕੀਤੀ ਹੈ, ਜਦੋਂ ਉਨ੍ਹਾਂ ਨੂੰ ਮਾਪਿਆਂ ਅਤੇ ਰਿਕਾਰਡਿੰਗ ਬਾਰੇ ਗੱਲ ਕੀਤੀ ਗਈ ਤਾਂ ਉਨ੍ਹਾਂ ਕਿਹਾ ਕਿ ਇਹ ਸਾਰੇ ਮਾਮਲੇ ਨੂੰ ਗਲਤ ਰੰਗਤ ਦਿੱਤੀ ਗਈ ਹੈ। ਉਨ੍ਹਾਂ ਕਿਹਾ ਕਿ ਆਈ. ਸੀ. ਯੂ. ’ਚ ਮਾਪਿਆਂ ਦੇ ਜਾਣ ਉੱਤੇ ਰੋਕ ਹੈ। ਜਦੋਂ ਉਨ੍ਹਾਂ ਨੂੰ ਪੁੱਛਿਆ ਗਿਆ ਕਿ ਜੇਕਰ ਮਾਪਿਆਂ ਦੇ ਜਾਣ ਉੱਤੇ ਰੋਕ ਹੈ ਤਾਂ ਆਈ. ਸੀ. ਯੂ. ਵਿਚ ਦਾਖਲ ਬੱਚੇ ਦੀ ਫੋਟੋ ਕਿਵੇਂ ਬਾਹਰ ਆ ਜਾਂਦੀ ਹੈ ਤਾਂ ਉਨ੍ਹਾਂ ਨੇ ਕੋਈ ਢੁੱਕਵਾਂ ਜਵਾਬ ਨਹੀਂ ਦਿੱਤਾ।

ਇਹ ਵੀ ਪੜ੍ਹੋ : ਮੁੱਖ ਮੰਤਰੀ ਪੋਲਿੰਗ ਪ੍ਰਕਿਰਿਆ ਦੌਰਾਨ ਟਵਿਟਰ ’ਤੇ ਵਰਕਰਾਂ ਦਾ ਹੌਸਲਾ ਵਧਾਉਂਦੇ ਰਹੇ

ਨੋਟ - ਇਸ ਖ਼ਬਰ ਸੰਬੰਧੀ ਕੀ ਹੈ ਤੁਹਾਡੀ ਰਾਏ, ਕੁਮੈਂਟ ਕਰਕੇ ਦੱਸੋ


author

Anuradha

Content Editor

Related News