ਟਰਾਂਸਪੋਰਟ ਵਿਰੋਧੀ ਨੀਤੀਆਂ ਵਿਰੁੱਧ ਦਿੱਤਾ ਧਰਨਾ, 60 ਫੀਸਦੀ ਟਰੱਕ ਰਹੇ ਖੜ੍ਹੇ
Saturday, Jul 21, 2018 - 02:43 AM (IST)

ਖੰਨਾ, (ਸੁਖਵਿੰਦਰ ਕੌਰ, ਸ਼ਾਹੀ)- ਕੇਂਦਰ ਸਰਕਾਰ ਦੀਆਂ ਟਰਾਂਸਪੋਰਟਰਾਂ ਨੂੰ ਖਤਮ ਕਰਨ ਲਈ ਆਗੂ ਨੀਤੀਆਂ ਦੇ ਵਿਰੋਧ ਵਿੱਚ ਅੱਜ ਆਲ ਇੰਡੀਆ ਮੋਟਰ ਟਰਾਂਸਪੋਰਟ ਕਾਂਗਰਸ ਦੇ ਸੱਦੇ ’ਤੇ ਖੰਨਾ ਤੇ ਮੰਡੀ ਗੋਬਿੰਦਗੜ੍ਹ ਦੇ ਟਰਾਂਸਪੋਰਟਰਾਂ ਨੇ ਗਾਂਧੀਗਿਰੀ ਦਿਖਾਉਂਦੇ ਹੋਏ ਟਰੱਕ ਆਪ੍ਰੇਰਟਰਾਂ ਨੂੰ ਬੇਨਤੀ ਕੀਤੀ ਕਿ ਉਹ ਆਪਣੇ -ਆਪਣੇ ਟਰੱਕਾਂ ’ਤੇ ਕਿਸੇ ਵੀ ਜਗ੍ਹਾ ਲਈ ਮਾਲ ਦੀ ਢੁਆਈ ਬੰਦ ਰੱਖਣ ਅਤੇ ਦੇਸ਼-ਵਿਆਪੀ ਚੱਕਾ ਜਾਮ ਵਿੱਚ ਸਹਿਯੋਗ ਦੇਣ। ਕੇਵਲ ਬੇਨਤੀ ਦਾ ਅਸਰ ਇਹ ਹੋਇਆ ਕਿ ਅੱਜ ਲਗਭਗ 60 ਫ਼ੀਸਦੀ ਹੀ ਟਰੱਕ ਖੜ੍ਹੇ ਰਹੇ ਤੇ ਮਾਲ ਦੀ ਢੁਆਈ ਅੰਸ਼ਿਕ ਰੂਪ ਵਿੱਚ ਚਲਦੀ ਰਹੀ ।
ਸੂਤਰਾਂ ਮੁਤਾਬਕ ਕਿਉਂਕਿ ਟਰਾਂਸਪੋਰਟਰ ਯੂਨੀਅਨ ਨਾਲ ਕੇਂਦਰ ਸਰਕਾਰ ਦੀ ਗੱਲ ਨਹੀਂ ਹੋ ਪਾਈ ਹੈ। ਇਸ ਤੋਂ ਲੱਗਦਾ ਹੈ ਕਿ ਅਨਿਸ਼ਚਿਤ ਕਾਲੀਨ ਹੜਤਾਲ ਅੱਗੇ ਚੱਲ ਕੇ ਉਗਰ ਰੂਪ ਧਾਰਨ ਕਰ ਸਕਦੀ ਹੈ, ਜਿਸ ਦੇ ਨਾਲ ਟਰਾਂਸਪੋਰਟਰ ਰਾਸ਼ਟਰੀ ਅਤੇ ਰਾਜ ਮਾਰਗਾਂ ’ਤੇ ਜਾਮ ਲਗਾ ਸਕਦੇ ਹਨ , ਜਿਸਦੇ ਨਾਲ ਆਉਣ ਵਾਲੇ ਦਿਨਾਂ ਵਿੱਚ ਲੋਕਾਂ ਨੂੰ ਖਾਣ-ਪੀਣ ਦੀਆਂ ਚੀਜ਼ਾਂ ਦੀ ਕਿੱਲਤ ਦੇ ਨਾਲ ਨਾਲ ਤਰ੍ਹਾਂ-ਤਰ੍ਹਾਂ ਦੀਆਂ ਪ੍ਰੇਸ਼ਾਨੀਆਂ ਦਾ ਸਾਹਮਣਾ ਕਰਨਾ ਪੈ ਸਕਦਾ ਹੈ ।
ਕੀ ਹਨ ਮੰਗਾਂ
- ਜੀ. ਐੱਸ. ਟੀ ’ਚ ਈ-ਵੇਅ ਬਿੱਲ ਨੂੰ ਸਰਲ ਅਤੇ ਜੁਰਮਾਨੇ ਘੱਟ ਕੀਤੇ ਜਾਣ।
- ਡੀਜ਼ਲ ਨੂੰ ਜੀ. ਐੱਸ. ਟੀ. ਦੇ ਦਾਇਰੇ ’ਚ ਲਿਆ ਕੇ ਮੁੱਲ ਘੱਟ ਕੀਤੇ ਜਾਣ।
- ਟਰੱਕਾਂ ’ਤੇ ਥਰਡ ਪਾਰਟੀ ਲਾਇਬਿਲਿਟੀ ਇੰਸ਼ੋਰੈਂਸ ਜੋ ਕਿ ਤਿੰਨ ਗੁਣਾ ਕਰ ਦਿੱਤਾ ਗਿਆ ਹੈ, ਉਸਨੂੰ ਇਕ ਤਿਹਾਈ ਘੱਟ ਕੀਤਾ ਜਾਵੇ।
- ਸੜਕਾਂ ’ਤੇ ਲੱਗੇ ਟੋਲ ਬੈਰੀਅਰ ਹਟਾਏ ਜਾਣ ਉਸਦੀ ਜਗ੍ਹਾ ਰੋਡ ਟੈਕਸ ਲੈ ਲਿਆ ਜਾਵੇ
- ਬੰਦਰਗਾਹਾਂ ’ਤੇ ਮਾਲ ਢੁਆਈ ਦੀ ਟੈਂਡਰ ਪ੍ਰਕਿਰਿਆ ਬੰਦ ਕੀਤੀ ਜਾਵੇ
- ਬੱਸਾਂ ਅਤੇ ਟਰੱਕਾਂ ਦੀ ਰਾਸ਼ਟਰੀ ਪਰਮਿਟ ਦੀ ਪ੍ਰਕਿਰਿਆ ਨੂੰ ਸਰਲ ਕਰਕੇ ਫੀਸਾਂ ’ਚ ਕਟੌਤੀ ਕੀਤੀ ਜਾਵੇ।
ਸੜਕ ਕੰਢੇ ਖੜ੍ਹੇ ਹੋ ਕੇ ਕੀਤਾ ਪ੍ਰਦਰਸ਼ਨ
ਅੱਜ ਖੰਨਾ ’ਚ ਜੀ. ਟੀ. ਰੋਡ ’ਤੇ ਪਿੰਡ ਅਲੌੜ ਕੋਲ ਪ੍ਰਿਸਟਾਈਨ ਮਾਲ ਸਾਹਮਣੇ ਟਰਾਂਸਪੋਰਟਰਾਂ ਨੇ ਸਰਕਾਰ ਦੀਆਂ ਨੀਤੀਆਂ ਵਿਰੁੱਧ ਸੜਕ ਦੇ ਕੰਢੇ ਖੜ੍ਹੇ ਹੋ ਕੇ ਪ੍ਰਦਰਸ਼ਨ ਕੀਤਾ ਅਤੇ ਆਉਂਦੇ ਜਾਂਦੇ ਟਰੱਕਾਂ ਨੂੰ ਰੋਕ ਬੇਨਤੀ ਕੀਤੀ ਕਿ ਉਹ ਮਾਲ ਦੀ ਢੁਆਈ ਜਦੋਂ ਤੱਕ ਹੜਤਾਲ ਚੱਲਦੀ ਹੈ, ਬੰਦ ਰੱਖਣ।
ਟਰਾਂਸਪੋਰਟ ਕੰਪਨੀਆਂ ਅੱਜ ਤੋਂ ਬੰਦ ਕਰੇਗੀ ਟਰੱਕ ਬੁਕਿੰਗ
ਪਰਮਜੀਤ ਸਿੰਘ ਦੀ ਅਗਵਾਈ ਵਿੱਚ ਇੱਕ ਪ੍ਰਤੀਨਿਧੀ ਮੰਡਲ ਨੇ ਖੰਨਾ ਤੇ ਮੰਡੀ ਗੋਬਿੰਦਗੜ੍ਹ ਦੀ ਟਰਾਂਸਪੋਰਟ ਕੰਪਨੀਆਂ ਵਿੱਚ ਜਾ ਕੇ ਟਰੱਕ ਬੁੱਕ ਕਰ ਰਹੀਆਂ ਕੰਪਨੀਆਂ ਨੂੰ ਬੇਨਤੀ ਕੀਤੀ ਉਹ ਟਰੱਕਾਂ ਦੀ ਬੁਕਿੰਗ ਕਰਨੀ ਬੰਦ ਕਰ ਦੇਣ। ਪਰਮਜੀਤ ਸਿੰਘ ਨੇ ਦੱਸਿਆ ਕਿ ਦੋਨੋਂ ਸ਼ਹਿਰਾਂ ਦੀਆਂ ਸਾਰੀਆਂ ਟਰਾਂਸਪੋਰਟ ਕੰਪਨੀਆਂ ਨੇ ਸ਼ਨੀਵਾਰ ਤੋਂ ਟਰੱਕ ਬੁਕਿੰਗ ਬੰਦ ਕਰਨ ਦਾ ਭਰੋਸਾ ਦਿੱਤਾ ਹੈ।