ਬਠਿੰਡਾ ਜ਼ਿਲ੍ਹੇ ''ਚ ਕੋਰੋਨਾ ਕਾਰਣ ਇਕ ਹੋਰ ਮੌਤ, 107 ਨਵੇਂ ਮਾਮਲੇ ਆਏ ਸਾਹਮਣੇ
Sunday, Sep 13, 2020 - 11:39 PM (IST)
ਬਠਿੰਡਾ, (ਵਰਮਾ)- ਜ਼ਿਲ੍ਹੇ ’ਚ ਕੋਰੋਨਾ ਵਾਇਰਸ ਨਾਲ ਇਕ ਹੋਰ ਵਿਅਕਤੀ ਦੀ ਮੌਤ ਹੋ ਗਈ, ਜਦਕਿ 107 ਨਵੇਂ ਪਾਜ਼ੇਟਿਵ ਮਾਮਲੇ ਸਾਹਮਣੇ ਆਏ ਹਨ। ਇਸ ਤਰ੍ਹਾਂ ਜ਼ਿਲੇ ’ਚ ਹੁਣ ਤੱਕ 4107 ਲੋਕ ਕੋਰੋਨਾ ਪਾਜ਼ੇਟਿਵ ਮਿਲੇ, ਜਦਕਿ ਐਤਵਾਰ ਤੱਕ 73 ਲੋਕਾਂ ਦੀ ਮੌਤ ਹੋ ਚੁੱਕੀ ਹੈ। ਸ਼ਨੀਵਾਰ ਨੂੰ ਕੋਰੋਨਾ ਪਾਜ਼ੇਟਿਵ ਕੇਸਾਂ ਦੀ ਤਾਦਾਦ 63 ਸੀ ਅਤੇ ਐਤਵਾਰ ਨੂੰ ਰੈਪਿਡ ਟੈਸਟ ਨੂੰ ਛੱਡਕੇ ਫਰੀਦਕੋਟ ਮੈਡੀਕਲ ਕਾਲਜ ਦੀ ਰਿਪੋਰਟ ਦੇ ਆਧਾਰ ’ਤੇ 19 ਨਵੇਂ ਮਾਮਲਿਆਂ ਦੀ ਪੁਸ਼ਟੀ ਹੋਈ ਹੈ, ਜਿਸ ’ਚ ਸਭ ਤੋਂ ਜ਼ਿਆਦਾ ਤਿੰਨ ਮਾਮਲੇ ਸੈਨਿਕ ਛਾਉਣੀ ’ਚ ਮਿਲੇ ਹਨ, ਉੱਥੇ ਰਾਮਾਂ ਮੰਡੀ ਦੇ ਵੀ ਕੁਝ ਮਾਮਲੇ ਸਾਹਮਣੇ ਆਏ ਹਨ। ਇਸ ਤੋਂ ਇਲਾਵਾ ਮਹਾਨਗਰ ਦੇ ਨਜ਼ਦੀਕੀ ਪਿੰਡਾਂ ’ਚ ਵੀ ਕੁਝ ਪਾਜ਼ੇਟਿਵ ਮਾਮਲੇ ਸਾਹਮਣੇ ਆਏ ਹਨ। ਐਤਵਾਰ ਨੂੰ 74 ਸਾਲ ਦੇ ਇਕ ਵਿਅਕਤੀ ਦਾ ਬੀਤੀ 27 ਅਗਸਤ ਨੂੰ ਕੋਰੋਨਾ ਟੈਸਟ ਪਾਜ਼ੇਟਿਵ ਆਇਆ ਸੀ ਅਤੇ ਸਾਹ ਲੈਣ ’ਚ ਦਿੱਕਤ ਦੇ ਨਾਲ ਬੁਖਾਰ ਦੇ ਕਾਰਨ ਉਸਨੂੰ ਪੀ. ਜੀ. ਆਈ. ਚੰਡੀਗੜ੍ਹ ’ਚ ਵੈਂਟੀਲੇਟਰ ’ਤੇ ਰੱਖਿਆ ਗਿਆ ਸੀ, ਜਿੱਥੇ ਉਨ੍ਹਾਂ ਦੀ ਐਤਵਾਰ ਦੀ ਸਵੇਰੇ ਮੌਤ ਹੋ ਗਈ। ਸਮਾਜ ਸੇਵੀ ਨੌਜਵਾਨ ਵੈੱਲਫੇਅਰ ਸੋਸਾਇਟੀ ਬਠਿੰਡਾ ਦੀ ਟੀਮ ਲਾਸ਼ ਲੈਣ ਦੇ ਲਈ ਚੰਡੀਗੜ੍ਹ ਗਈ ਸੀ ਅਤੇ ਲਾਸ਼ ਨੂੰ ਬਠਿੰਡਾ ਲਿਆ ਕੇ ਉਸਦਾ ਅੰਤਿਮ ਸੰਸਕਾਰ ਕੀਤਾ ਜਾਵੇਗਾ।