ਸਾਹਨੇਵਾਲ ’ਚੋਂ ਅੰਮ੍ਰਿਤਪਾਲ ਦਾ ਇਕ ਹੋਰ ਸਾਥੀ ਗ੍ਰਿਫ਼ਤਾਰ

03/29/2023 10:15:43 PM

ਸਾਹਨੇਵਾਲ (ਜ.ਬ.) : ਪਿਛਲੇ ਕਰੀਬ 12 ਦਿਨਾਂ ਤੋਂ ਅੰਮ੍ਰਿਤਪਾਲ ਸਿੰਘ ਨੂੰ ਫੜਨ ’ਚ ਨਾਕਾਮ ਰਹੀ ਪੰਜਾਬ ਪੁਲਸ ਵੱਲੋਂ ਉਸ ਦੀ ਭੱਜਣ ’ਚ ਮਦਦ ਕਰਨ ਵਾਲੇ ਸਾਥੀਆਂ ਦੀ ਫੜੋ-ਫੜੀ ਲਗਾਤਾਰ ਜਾਰੀ ਹੈ। ਥਾਣਾ ਸਾਹਨੇਵਾਲ ਅਧੀਨ ਆਉਂਦੇ ਇਲਾਕੇ ’ਚ ਅੱਜ ਸਵੇਰੇ ਹੀ ਉਸ ਸਮੇਂ ਸਨਸਨੀ ਫੈਲ ਗਈ, ਜਦੋਂ ਜ਼ਿਲ੍ਹਾ ਪੁਲਸ ਦੀਆਂ ਵੱਖ-ਵੱਖ ਟੀਮਾਂ ਨੇ ਚੰਡੀਗੜ੍ਹ ਤੋਂ ਪਹੁੰਚੇ ਏ. ਡੀ. ਜੀ. ਪੀ. ਗੁਰਿੰਦਰ ਸਿੰਘ ਢਿੱਲੋਂ ਅਤੇ ਪੁਲਸ ਕਮਿਸ਼ਨਰ ਮਨਦੀਪ ਸਿੰਘ ਸਿੱਧੂ ਦੀ ਅਗਵਾਈ ਹੇਠ ਦਿੱਲੀ ਮੁੱਖ ਮਾਰਗ ’ਤੇ ਜ਼ਬਰਦਸਤ ਨਾਕਾਬੰਦੀ ਕਰ ਕੇ ਆਸ-ਪਾਸ ਦੇ ਇਲਾਕਿਆਂ ’ਚ ਤਲਾਸ਼ੀ ਮੁਹਿੰਮ ਚਲਾ ਦਿੱਤੀ।

ਇਹ ਵੀ ਪੜ੍ਹੋ : ਸਾਬਕਾ ਮੰਤਰੀ ਗੁਰਪ੍ਰੀਤ ਕਾਂਗੜ ਵਿਜੀਲੈਂਸ ਵਿਭਾਗ ਅੱਗੇ ਪੇਸ਼, 4 ਘੰਟੇ ਹੋਈ ਪੁੱਛਗਿੱਛ

ਇਸ ਤਲਾਸ਼ੀ ਮੁਹਿੰਮ ਦੌਰਾਨ ਪੁਲਸ ਵਲੋਂ ਪ੍ਰੇਮ ਕਾਲੋਨੀ ’ਚੋਂ ਗੁਰਬੰਸ ਸਿੰਘ ਨਾਂ ਦੇ ਇਕ ਨੌਜਵਾਨ ਨੂੰ ਹਿਰਾਸਤ ’ਚ ਲੈਣ ਦੀ ਸੂਚਨਾ ਵੀ ਮਿਲੀ ਹੈ। ਇਸ ਮਾਮਲੇ ’ਚ ਭਾਵੇਂ ਪੰਜਾਬ ਪੁਲਸ ਦੇ ਅਧਿਕਾਰੀ ਕਿਸੇ ਵੀ ਤਰ੍ਹਾਂ ਦੀ ਕੋਈ ਜਾਣਕਾਰੀ ਦੇਣ ਤੋਂ ਟਾਲਾ ਵੱਟਦੇ ਦਿਖਾਈ ਦਿੱਤੇ ਪਰ ਅੰਦਰੂਨੀ ਸੂਤਰਾਂ ਦੀ ਮੰਨੀਏ ਤਾਂ ਪੁਲਸ ਵੱਲੋਂ ਹਿਰਾਸਤ ’ਚ ਲਿਆ ਗਿਆ ਨੌਜਵਾਨ ਇਕ ਗੁਰਦੁਆਰਾ ਸਾਹਿਬ ਦੇ ਭਾਈ ਸਾਹਿਬ ਦਾ ਡਰਾਈਵਰ ਦੱਸਿਆ ਜਾ ਰਿਹਾ ਹੈ, ਜਿਸ ਨੇ ਅੰਮ੍ਰਿਤਪਾਲ ਸਿੰਘ ਨੂੰ ਉਸ ਦੇ ਅਗਲੇ ਟਿਕਾਣੇ ਤੱਕ ਪਹੁੰਚਣ ’ਚ ਮਦਦ ਕੀਤੀ ਸੀ, ਜਿਸ ਬਾਰੇ ਪੁਲਸ ਨੇ ਇਨਪੁੱਟ ਮਿਲਣ ਤੋਂ ਬਾਅਦ ਤੁਰੰਤ ਉਸ ਨੂੰ ਹਿਰਾਸਤ ’ਚ ਲੈ ਲਿਆ। ਪੁਲਸ ਦਾ ਮੰਨਣਾ ਹੈ ਕਿ ਉਕਤ ਨੌਜਵਾਨ ਕੋਲੋਂ ਹੋਰ ਵੀ ਕਈ ਤਰ੍ਹਾਂ ਦੇ ਖੁਲਾਸੇ ਹੋ ਸਕਦੇ ਹਨ।

ਪੁਲਸ ਭਟਕਦੀ ਰਹੀ, ਆਖਿਰ ਬੈੱਡ ’ਚੋਂ ਮਿਲਿਆ ਨੌਜਵਾਨ

ਖੂਫੀਆ ਸੂਤਰਾਂ ਤੋਂ ਇਨਪੁਟ ਮਿਲਣ ਤੋਂ ਬਾਅਦ ਪੰਜਾਬ ਪੁਲਸ, ਸੀ. ਆਈ. ਏ. ਦੀਆਂ ਟੀਮਾਂ ਤੁਰੰਤ ਸਾਹਨੇਵਾਲ ਦੇ ਇਲਾਕੇ ’ਚ ਪਹੁੰਚ ਗਈਆਂ। ਦਿੱਲੀ ਮੁੱਖ ਮਾਰਗ ’ਤੇ ਜ਼ਬਰਦਸਤ ਨਾਕਾਬੰਦੀ ਕਰਨ ਤੋਂ ਬਾਅਦ ਆਸ-ਪਾਸ ਇਲਾਕਿਆਂ ’ਚ ਘਰਾਂ ਦੀ ਗਹਿਰਾਈ ਨਾਲ ਜਾਂਚ ਕਰ ਰਹੀ ਸੀ। ਸੀ. ਆਈ. ਏ. ਦੀਆਂ ਟੀਮਾਂ ਵੀ ਲਗਾਤਾਰ ਸਰਚ ਕਰ ਰਹੀਆਂ ਸਨ ਪਰ ਇਨਪੁਟ ਵਾਲੇ ਨੌਜਵਾਨ ਤੱਕ ਪਹੁੰਚ ਨਹੀਂ ਪਾ ਰਹੀਆਂ ਸਨ, ਜਦੋਂਕਿ ਉਕਤ ਨੌਜਵਾਨ ਦੀ ਲੋਕੇਸ਼ਨ ਉਸ ਦੇ ਘਰ ਦੀ ਹੀ ਆ ਰਹੀ ਸੀ। ਆਖਿਰ ਸਥਾਨਕ ਥਾਣਾ ਪੁਲਸ ਦੀ ਪਹਿਲਕਦਮੀ ਅਤੇ ਕੀਤੀ ਗਈ ਤਲਾਸ਼ ਦੌਰਾਨ ਉਕਤ ਨੌਜਵਾਨ ਆਪਣੇ ਹੀ ਘਰ ਦੇ ਬੈੱਡ ’ਚ ਲੁਕਿਆ ਹੋਇਆ ਮਿਲ ਗਿਆ, ਜਿਸ ਨੂੰ ਪੁਲਸ ਨੇ ਤੁਰੰਤ ਹਿਰਾਸਤ ’ਚ ਲੈ ਲਿਆ।


Mandeep Singh

Content Editor

Related News