ਅਨੂਪ ਪਾਠਕ ਖ਼ੁਦਕੁਸ਼ੀ ਮਾਮਲਾ: ਪਰਿਵਾਰ ਨੇ ਨਹੀਂ ਕੀਤਾ ਸਸਕਾਰ, ਦਿੱਤੀ ਪ੍ਰਦਰਸ਼ਨ ਕਰਨ ਦੀ ਚਿਤਾਵਨੀ

Thursday, Sep 30, 2021 - 01:51 PM (IST)

ਜਲੰਧਰ (ਮਹੇਸ਼ ਖੋਸਲਾ)– ਮਾਡਲ ਟਾਊਨ ਵਿਚ ਦਾਦਾ ਜੀ ਦੀ 18 ਮਰਲੇ ਦੀ ਕੋਠੀ ਨੂੰ ਲੈ ਕੇ ਚੱਲ ਰਹੇ ਵਿਵਾਦ ਤੋਂ ਤੰਗ ਆ ਕੇ 4 ਪੰਨਿਆਂ ਦਾ ਸੁਸਾਈਡ ਨੋਟ ਲਿਖ ਕੇ ਆਪਣੇ ਘਰ ਵਿਚ ਹੀ ਲੱਗੇ ਛੱਤ ਵਾਲੇ ਪੱਖੇ ਨਾਲ ਫਾਹਾ ਲੈ ਕੇ ਖ਼ੁਦਕੁਸ਼ੀ ਕਰਨ ਵਾਲੇ ਪੱਕਾ ਬਾਗ ਵਾਸੀ ਕਾਂਗਰਸੀ ਨੇਤਾ ਅਤੇ ਕੌਂਸਲਰ ਰਾਧਿਕਾ ਪਾਠਕ ਦੇ ਪਤੀ ਅਨੂਪ ਪਾਠਕ ਦਾ ਅਜੇ ਵੀ ਪਰਿਵਾਰ ਨੇ ਅੰਤਿਮ ਸੰਸਕਾਰ ਨਹੀਂ ਕੀਤਾ, ਜਦਕਿ ਥਾਣਾ ਨੰਬਰ 4 ਦੀ ਪੁਲਸ ਵੱਲੋਂ ਬੁੱਧਵਾਰ ਅਨੂਪ ਪਾਠਕ ਦਾ ਸਿਵਲ ਹਸਪਤਾਲ ਤੋਂ ਪੋਸਟਮਾਰਟਮ ਕਰਵਾ ਲਿਆ ਗਿਆ ਹੈ ਅਤੇ ਐੱਸ. ਐੱਚ. ਓ. ਰਾਜੇਸ਼ ਕੁਮਾਰ ਸ਼ਰਮਾ ਨੇ ਕਿਹਾ ਹੈ ਕਿ ਵੀਰਵਾਰ ਸਵੇਰੇ ਅਨੂਪ ਪਾਠਕ ਦੀ ਲਾਸ਼ ਪਰਿਵਾਰਕ ਮੈਂਬਰਾਂ ਨੂੰ ਸੌਂਪ ਦਿੱਤੀ ਜਾਵੇਗੀ ਪਰ ਪੁਲਸ ਵੱਲੋਂ ਇਸ ਮਾਮਲੇ ਵਿਚ ਕਿਸੇ ਵੀ ਮੁਲਜ਼ਮ ਨੂੰ ਗ੍ਰਿਫ਼ਤਾਰ ਨਾ ਕੀਤੇ ਜਾਣ ਕਾਰਨ ਪਰਿਵਾਰ ਵਿਚ ਕਾਫ਼ੀ ਰੋਸ ਵੇਖਿਆ ਜਾ ਰਿਹਾ ਹੈ।

ਇਹ ਵੀ ਪੜ੍ਹੋ: ਫਗਵਾੜਾ ’ਚ ਸ਼ੱਕ ਦੇ ਚਲਦਿਆਂ ਪਤੀ ਵੱਲੋਂ ਪਤਨੀ ਦਾ ਕਤਲ, ਖ਼ੂਨ ਨਾਲ ਲਥਪਥ ਮਿਲੀ ਲਾਸ਼

ਐੱਸ. ਐੱਚ. ਓ. ਦਾ ਕਹਿਣਾ ਹੈ ਕਿ ਮੁਲਜ਼ਮਾਂ ਦੀ ਗ੍ਰਿਫ਼ਤਾਰੀ ਲਈ ਕਮਿਸ਼ਨਰੇਟ ਪੁਲਸ ਦੀਆਂ ਟੀਮਾਂ ਨੇ ਚੰਡੀਗੜ੍ਹ ਅਤੇ ਸ਼ਿਮਲਾ ਵਿਚ ਕਈ ਥਾਵਾਂ ’ਤੇ ਰੇਡ ਕੀਤੀ ਹੈ। ਵੱਡੀ ਗੱਲ ਇਹ ਵੀ ਹੈ ਕਿ ਜਦੋਂ ਕਿਡਨੀ ਪੀੜਤ ਅਨੂਪ ਪਾਠਕ ਦੀ ਹਾਲਤ ਕਾਫੀ ਗੰਭੀਰ ਹੋ ਗਈ ਸੀ ਤਾਂ ਉਨ੍ਹਾਂ ਦੀ ਕੌਂਸਲਰ ਪਤਨੀ ਰਾਧਿਕਾ ਪਾਠਕ ਨੇ ਆਪਣੀ ਕਿਡਨੀ ਦੇ ਕੇ ਪਤੀ ਦੀ ਜਾਨ ਬਚਾਈ ਸੀ। ਸੁਸਾਈਡ ਕਰਨ ਵਾਲੇ ਕੌਂਸਲਰਪਤੀ ਦੇ ਬੇਟੇ ਕਰਨ ਪਾਠਕ ਨੇ ਕਿਹਾ ਕਿ ਜਦੋਂ ਤੱਕ ਪਿਤਾ ਦੀ ਮੌਤ ਦੇ ਜ਼ਿੰਮੇਵਾਰ ਮੁਲਜ਼ਮਾਂ ਅਮਰੀਕ ਸਿੰਘ ਸੰਧੂ ਪੁੱਤਰ ਗੁਰਚਰਨ ਸਿੰਘ ਵਾਸੀ ਸੈਕਟਰ 20 ਡੀ. ਚੰਡੀਗੜ੍ਹ, ਰਣਜੀਤ ਐਵੇਨਿਊ ਅੰਮ੍ਰਿਤਸਰ ਵਾਸੀ ਇੰਦਰਜੀਤ ਚੌਧਰੀ ਅਤੇ ਰਵਿੰਦਰ ਸਿੰਘ ਸਮੇਤ ਹੋਰਾਂ ਨੂੰ ਪੁਲਸ ਗ੍ਰਿਫ਼ਤਾਰ ਨਹੀਂ ਕਰਦੀ, ਉਦੋਂ ਤੱਕ ਉਹ ਉਨ੍ਹਾਂ (ਅਨੂਪ ਪਾਠਕ) ਦਾ ਅੰਤਿਮ ਸੰਸਕਾਰ ਨਹੀਂ ਕਰਨਗੇ।
ਅਨੂਪ ਪਾਠਕ ਦੀ ਮੌਤ ਦੀ ਖ਼ਬਰ ਸੁਣ ਕੇ ਘਰ ਆਏ ਰਿਸ਼ਤੇਦਾਰਾਂ ਨਾਲ ਵਿਰਲਾਪ ਕਰਦਿਆਂ ਪੀੜਤ ਪਰਿਵਾਰ ਨੇ ਇਹ ਵੀ ਕਿਹਾ ਕਿ ਜੇਕਰ ਮੁਲਜ਼ਮਾਂ ਦੀ ਗ੍ਰਿਫ਼ਤਾਰੀ ਦੀ ਮੰਗ ਨੂੰ ਲੈ ਕੇ ਉਨ੍ਹਾਂ ਨੂੰ ਸੜਕ ’ਤੇ ਬੈਠ ਕੇ ਰੋਸ ਪ੍ਰਦਰਸ਼ਨ ਵੀ ਕਰਨਾ ਪਿਆ ਤਾਂ ਉਹ ਇਸ ਤੋਂ ਵੀ ਪਿੱਛੇ ਨਹੀਂ ਹਟਣਗੇ। ਕਰਨ ਪਾਠਕ ਨੇ ਕਿਹਾ ਕਿ ਜਿਨ੍ਹਾਂ ਲੋਕਾਂ ਤੋਂ ਤੰਗ ਆ ਕੇ ਉਸਦੇ ਪਿਤਾ ਨੇ ਆਪਣੀ ਜਾਨ ਦਿੱਤੀ ਹੈ, ਉਹ ਕਿਸੇ ਵੀ ਕੀਮਤ ’ਤੇ ਬਖ਼ਸ਼ੇ ਨਹੀਂ ਜਾਣੇ ਚਾਹੀਦੇ।

PunjabKesari

ਇਹ ਵੀ ਪੜ੍ਹੋ: ਕੀ ਮੰਨ ਗਏ ਨਵਜੋਤ ਸਿੰਘ ਸਿੱਧੂ? ਮੁੱਖ ਮੰਤਰੀ ਚੰਨੀ ਨਾਲ ਅੱਜ ਕਰਨਗੇ ਮੁਲਾਕਾਤ

2 ਮੁਲਜ਼ਮ ਅੰਮ੍ਰਿਤਸਰ ਦੇ ਅਤੇ ਇਕ ਚੰਡੀਗੜ੍ਹ ਦਾ
ਥਾਣਾ ਨੰਬਰ 4 ਦੇ ਮੁਖੀ ਇੰਸ. ਰਾਜੇਸ਼ ਕੁਮਾਰ ਸ਼ਰਮਾ ਨੇ ਦੱਸਿਆ ਕਿ ਪੁਲਸ ਨੇ ਮੰਗਲਵਾਰ ਨੂੰ ਹੀ ਅਨੂਪ ਪਾਠਕ ਸੁਸਾਈਡ ਮਾਮਲੇ ਵਿਚ ਅਮਰੀਕ ਸਿੰਘ ਸੰਧੂ, ਇੰਦਰਜੀਤ ਚੌਧਰੀ ਅਤੇ ਰਵਿੰਦਰ ਸਿੰਘ ਤੋਂ ਇਲਾਵਾ 5-6 ਹੋਰ ਲੋਕਾਂ ਦੇ ਖ਼ਿਲਾਫ਼ 306 ਅਤੇ 34 ਆਈ. ਪੀ. ਸੀ. ਤਹਿਤ ਐੱਫ. ਆਈ. ਆਰ. ਨੰਬਰ 87 ਦਰਜ ਕਰ ਲਈ ਸੀ। ਉਨ੍ਹਾਂ ਕਿਹਾ ਕਿ ਮੁਲਜ਼ਮਾਂ ਦੀ ਗ੍ਰਿਫ਼ਤਾਰੀ ਲਈ ਰੇਡ ਕੀਤੀ ਜਾ ਰਹੀ ਹੈ। ਅੰਮ੍ਰਿਤਸਰ ਵਾਸੀ ਇੰਦਰਜੀਤ ਚੌਧਰੀ ਅਤੇ ਰਵਿੰਦਰ ਦੀ ਲੋਕੇਸ਼ਨ ਸ਼ਿਮਲਾ ਦੀਆਈ ਸੀ, ਜਿਸ ਕਾਰਨ ਪੁਲਸ ਪਾਰਟੀ ਸ਼ਿਮਲਾ ਪਹੁੰਚੀ ਹੋਈ ਹੈ। ਇਸੇ ਤਰ੍ਹਾਂ ਚੰਡੀਗੜ੍ਹ ਸਥਿਤ ਅਮਰੀਕ ਸਿੰਘ ਸੰਧੂ ਦੇ ਘਰ ’ਤੇ ਵੀ ਰੇਡ ਕੀਤੀ ਗਈ ਹੈ ਪਰ ਘਰ ਮਿਲੇ ਨੌਕਰ ਨੇ ਦੱਸਿਆ ਕਿ ਉਹ ਕਈ ਦਿਨ ਤੋਂ ਘਰ ਨਹੀਂ ਆਏ। ਥਾਣਾ ਨੰਬਰ 4 ਦੇ ਮੁਖੀ ਨੇ ਦਾਅਵਾ ਕੀਤਾ ਹੈ ਕਿ ਸਾਰੇ ਮੁਲਜ਼ਮ ਜਲਦ ਹੀ ਫੜ ਲਏ ਜਾਣਗੇ। ਏ. ਸੀ. ਪੀ. ਸੈਂਟਰਲ ਬਲਵਿੰਦਰ ਇਕਬਾਲ ਸਿੰਘ ਕਾਹਲੋਂ ਨੇ ਕਿਹਾ ਕਿ ਇਸ ਦੁੱਖ ਦੀ ਘੜੀ ਵਿਚ ਕਮਿਸ਼ਨਰੇਟ ਪੁਲਸ ਪਾਠਕ ਪਰਿਵਾਰ ਨਾਲ ਖੜ੍ਹੀ ਹੈ ਅਤੇ ਮੁਲਜ਼ਮਾਂ ਤੱਕ ਪਹੁੰਚਣ ਲਈ ਹਰ ਸੰਭਵ ਯਤਨ ਕੀਤੇ ਜਾ ਰਹੇ ਹਨ।

PunjabKesari

ਇਹ ਵੀ ਪੜ੍ਹੋ: ਜਲੰਧਰ: ਕੌਂਸਲਰ ਦੇ ਪਤੀ ਅਨੂਪ ਪਾਠਕ ਨੇ ਕੀਤੀ ਖ਼ੁਦਕੁਸ਼ੀ, 4 ਪੰਨਿਆਂ ਦੇ ਲਿਖੇ ਸੁਸਾਈਡ ਨੋਟ 'ਚ ਦੱਸਿਆ ਕਾਰਨ

ਪੁਲਸ ਦੀ ਢਿੱਲੀ ਕਾਰਵਾਈ ਤੋਂ ਪੀੜਤ ਪਰਿਵਾਰ ਨਾਰਾਜ਼
ਅਨੂਪ ਪਾਠਕ ਦੇ ਬੇਟੇ ਕਰਨ ਪਾਠਕ ਅਤੇ ਪਰਿਵਾਰ ਦੇ ਹੋਰ ਮੈਂਬਰਾਂ ਨੇ ਪੁਲਸ ’ਤੇ ਦੋਸ਼ ਲਗਾਇਆ ਹੈ ਕਿ ਪੁਲਸ ਜਾਣਬੁੱਝ ਕੇ ਮੁਲਜ਼ਮਾਂ ਨੂੰ ਗ੍ਰਿਫ਼ਤਾਰ ਨਹੀਂ ਕਰ ਰਹੀ। ਉਨ੍ਹਾਂ ਕਿਹਾ ਕਿ ਪੁਲਸ ਦੀ ਢਿੱਲੀ ਕਾਰਵਾਈ ਤੋਂ ਸਾਫ ਪਤਾ ਚੱਲ ਰਿਹਾ ਹੈ ਕਿ ਇਹ ਸਭ ਕੁਝ ਕਿਸੇ ਦਬਾਅ ਵਿਚ ਕੀਤਾ ਜਾ ਰਿਹਾ ਹੈ, ਜਿਸ ਕਾਰਨ ਪੀੜਤ ਪਰਿਵਾਰ ਵਿਚ ਪੁਲਸ ਪ੍ਰਤੀ ਨਾਰਾਜ਼ਗੀ ਵੇਖੀ ਜਾ ਰਹੀ ਹੈ। ਪਾਠਕ ਪਰਿਵਾਰ ਨਾਲ ਮਿਲਣ ਪਹੁੰਚੇ ਹਲਕੇ ਦੇ ਵਿਧਾਇਕ ਰਾਜਿੰਦਰ ਬੇਰੀ ਨੇ ਵੀ ਪੁਲਸ ਪ੍ਰਸ਼ਾਸਨ ਨੂੰ ਕਿਹਾ ਕਿ ਮੁਲਜ਼ਮਾਂ ਨੂੰ ਤੁਰੰਤ ਗ੍ਰਿਫ਼ਤਾਰ ਕਰਕੇ ਪਾਠਕ ਪਰਿਵਾਰ ਨੂੰ ਇਨਸਾਫ ਦਿਵਾਇਆ ਜਾਵੇ। ਬੇਰੀ ਨੇ ਕਿਹਾ ਕਿ ਅਨੂਪ ਪਾਠਕ ਦੀ ਮੌਤ ਨੂੰ ਲੈ ਕੇ ਪਰਿਵਾਰ ਕਾਫ਼ੀ ਸਦਮੇ ਵਿਚ ਹੈ, ਜੋ ਵੇਖਿਆ ਨਹੀਂ ਜਾ ਰਿਹਾ ਕਿਉਂਕਿ ਅਨੂਪ ਪਾਠਕ ਬਹੁਤ ਹੀ ਚੰਗੇ ਇਨਸਾਨ ਸਨ।

ਨੋਟ : ਇਸ ਖ਼ਬਰ ਸਬੰਧੀ ਕੁਮੈਂਟ ਕਰਕੇ ਦਿਓ ਆਪਣੀ ਰਾਏ


shivani attri

Content Editor

Related News