ਕਿਸਾਨਾਂ ਵਲੋਂ ‘ਕਲਸ਼ ਯਾਤਰਾ’ ਦਾ ਐਲਾਨ, ਸ਼ਹੀਦ ਸ਼ੁਭਕਰਨ ਦੇ ਜੱਦੀ ਪਿੰਡ ਤੋਂ ਹੋਵੇਗੀ ਸ਼ੁਰੂ
Thursday, Mar 14, 2024 - 06:09 AM (IST)
ਪਟਿਆਲਾ/ਸਨੌਰ (ਮਨਦੀਪ ਜੋਸਨ)– ਕਿਸਾਨ ਮਜ਼ਦੂਰ ਮੋਰਚਾ ਤੇ ਸੰਯੁਕਤ ਕਿਸਾਨ ਮੋਰਚਾ (ਗੈਰ-ਰਾਜਨੀਤਕ) ਨੇ ਅੱਜ ਸ਼ੰਭੂ ਬਾਰਡਰ ਵਿਖੇ ਐਲਾਨ ਕੀਤਾ ਕਿ ਹੁਣ ਕਿਸਾਨ ਪੂਰੇ ਦੇਸ਼ ਅੰਦਰ ਰੋਸਮਈ ‘ਕਲਸ਼ ਯਾਤਰਾ’ ਦਾ ਆਗਾਜ਼ ਕਰਨਗੇ, ਜਿਸ ਦੀ ਸ਼ੁਰੂਆਤ 15 ਮਾਰਚ ਤੋਂ ਸ਼ਹੀਦ ਸ਼ੁਭਕਰਨ ਸਿੰਘ ਦੇ ਪਿੰਡ ਬਲੋ ਤੋਂ ਹੋਵੇਗੀ। ਜ਼ਿਕਰਯੋਗ ਹੈ ਕਿ ਸ਼ੰਭੂ ਤੇ ਖਨੌਰੀ ਬਾਰਡਰ ਵਿਖੇ ਕਿਸਾਨ ਅੰਦੋਲਨ 30ਵੇਂ ਦਿਨ ਅੰਦਰ ਪਹੁੰਚ ਗਿਆ ਹੈ।
ਇਸ ਮੌਕੇ ਕਿਸਾਨ ਨੇਤਾ ਸਰਵਣ ਸਿੰਘ ਪੰਧੇਰ, ਜਗਜੀਤ ਸਿੰਘ ਡੱਲੇਵਾਲ, ਅਮਰਜੀਤ ਸਿੰਘ ਮੋਹੜੀ, ਮਨਜੀਤ ਸਿੰਘ ਘੁਮਾਣ, ਅਭਿਮੰਨਿਊ ਕੋਹਾੜ, ਲਖਵਿੰਦਰ ਸਿੰਘ ਔਲਖ, ਬਲਦੇਵ ਸਿੰਘ ਸਿਰਸਾ, ਮਲਕੀਤ ਸਿੰਘ ਨੇ ਦੱਸਿਆ ਕਿ ਜ਼ਾਲਮ ਸਰਕਾਰਾਂ ਵਲੋਂ ਸ਼ਾਂਤੀਪੂਰਵਕ ਬੈਠੇ ਕਿਸਾਨਾਂ ’ਤੇ ਕੀਤੇ ਜਬਰ ਤੇ ਕਤਲੇਆਮ ਨੂੰ ਭਾਰਤ ਭਰ ’ਚ ਉਜਾਗਰ ਕਰਨ ਲਈ 15 ਮਾਰਚ ਨੂੰ ਦੋਵਾਂ ਫੋਰਮਾਂ ਦੇ ਆਗੂ ਸਹਿਬਾਨ ਸ਼ਹੀਦ ਸ਼ੁਭਕਰਨ ਦੇ ਜੱਦੀ ਪਿੰਡ ਬਲੋ ਜ਼ਿਲਾ ਬਠਿੰਡਾ ਤੋਂ ਦੇਸ਼ ਪੱਧਰੀ ਸ਼ਹੀਦੀ ਕਲਸ਼ ਯਾਤਰਾ ਦਾ ਅਾਗਾਜ਼ ਕਰਨਗੇ। ਇਸ ’ਚ 16 ਮਾਰਚ ਤੋਂ ਹਰਿਆਣਾ ਦੇ ਵੱਖ-ਵੱਖ ਪਿੰਡਾਂ ਵਿਸ਼ਾਲ ਸ਼ਹੀਦੀ ਸਮਾਗਮ ਕੀਤੇ ਜਾਣਗੇ ਤੇ ਸ਼ਹੀਦਾਂ ਨੂੰ ਸ਼ਰਧਾਂਜਲੀ ਦਿੱਤੀ ਜਾਵੇਗੀ।
ਇਹ ਖ਼ਬਰ ਵੀ ਪੜ੍ਹੋ : ਗੀਤਾ ਜ਼ੈਲਦਾਰ ਨੇ ਉਡਾਇਆ ਸੁਰਿੰਦਰ ਛਿੰਦਾ ਦਾ ਮਜ਼ਾਕ, ਪੁੱਤ ਨੇ ਗੁੱਸੇ ’ਚ ਆਖ ਦਿੱਤੀਆਂ ਇਹ ਗੱਲਾਂ
ਕਿਸਾਨ ਆਗੂਆਂ ਨੇ ਹਰਿਆਣਾ ਦੇ ਕਿਸਾਨਾਂ ਤੇ ਆਮ ਲੋਕਾਂ ਨੂੰ ਸਰਕਾਰ ਵਲੋਂ ਕੀਤੇ ਗਏ ਜਬਰ ਵਿਰੁੱਧ ਤੇ ਸ਼ਹੀਦਾਂ ਨੂੰ ਸ਼ਰਧਾਂਜਲੀ ਦੇਣ ਲਈ ਵੱਡੀ ਗਿਣਤੀ ’ਚ ਪਹੁੰਚਣ ਦੀ ਅਪੀਲ ਕੀਤੀ। ਦਿੱਲੀ ਦੇ ਬਾਰਡਰਾਂ ’ਤੇ ਪਿਛਲੇ ਕਿਸਾਨ ਅੰਦੋਲਨ ’ਚ ਹੋਏ 750 ਤੋਂ ਜ਼ਿਆਦਾ ਸ਼ਹੀਦ ਤੇ ਲਖੀਮਪੁਰ ਖੀਰੀ ’ਚ 4 ਕਿਸਾਨਾਂ ਤੇ 1 ਪੱਤਰਕਾਰ ਦੇ ਕਾਤਲ ਭਾਜਪਾ ਸਰਕਾਰ ਨੂੰ ਕਟਹਿਰੇ ’ਚ ਖੜ੍ਹੇ ਕਰਦਿਆਂ ਉਨ੍ਹਾਂ ਸਵਾਲ ਪੁੱਛੇ ਕਿ ਐੱਮ. ਐੱਸ. ਪੀ. ਖਰੀਦ ਦੀ ਗਾਰੰਟੀ ਦਾ ਕਾਨੂੰਨ ਬਣਾਉਣ ਲਈ ਹੋਰ ਕਿੰਨੇ ਕਿਸਾਨਾਂ ਨੂੰ ਆਪਣੀ ਕੁਰਬਾਨੀ ਦੇਣੀ ਪਵੇਗੀ। ਕਿਸਾਨ ਨੇਤਾਵਾਂ ਨੇ ਲਖੀਮਪੁਰ ਖੀਰੀ ਤੋਂ ਦੋਬਾਰਾ ਅਜੇ ਮਿਸ਼ਰਾ ਟੈਨੀ ਨੂੰ ਟਿਕਟ ਦੇਣਾ ਜਿਥੇ ਭਾਜਪਾ ਦੀ ਕਿਸਾਨਾਂ ਤੇ ਕਾਨੂੰਨ ਪ੍ਰਤੀ ਮਾਨਸਿਕਤਾ ਦਰਸ਼ਾਉਂਦਾ ਹੈ, ਉਥੇ ਹੀ ਕਿਸਾਨਾਂ ਦੇ ਜ਼ਖ਼ਮਾਂ ’ਤੇ ਲੂਣ ਛਿੜਕਣ ਦੇ ਬਰਾਬਰ ਹੈ।
ਭਾਜਪਾ ਤੇ ਭਾਜਪਾ ਗਠਜੋੜ ਨੂੰ ਕਾਲੀਆਂ ਝੰਡੀਆਂ ਵਿਖਾ ਕੀਤਾ ਜਾਵੇਗਾ ਵਿਰੋਧ : ਡੱਲੇਵਾਲ
ਨੇਤਾਵਾਂ ਨੇ ਆਖਿਆ ਕਿ ਕਿਸਾਨਾਂ ਦੇ ਮਨ ’ਚ ਭਾਜਪਾ ਸਰਕਾਰ ਦੀ ਕਿਸਾਨੀ ਮਸਲਿਆਂ ਨੂੰ ਸੁਲਝਾਉਣ ’ਚ ਅਸਮਰੱਥਾ ਤੇ ਜਬਰ ਨੂੰ ਦੇਖਦਿਆਂ ਆਗੂਆਂ ਨੇ ਦੇਸ਼ ਦੇ ਕਿਸਾਨਾਂ ਮਜ਼ਦੂਰਾਂ ਨੂੰ ਭਾਜਪਾ ਤੇ ਭਾਜਪਾ ਗਠਜੋੜ ਦੇ ਮੰਤਰੀਆਂ-ਸੰਤਰੀਆਂ ਨੂੰ ਸ਼ਹੀਦ ਕਿਸਾਨਾਂ ਦੇ ਤਖ਼ਤੇ ਦਿਖਾ ਵਿਰੋਧ ਕਰਨ ਦੀ ਅਪੀਲ ਕੀਤੀ। ਇਹ ਵੀ ਕਿਹਾ ਕਿ ਹਰੇਕ ਪਿੰਡ ’ਚ ਅੰਦੋਲਨ ਦੀਆਂ ਮੰਗਾਂ ਤੇ ਸ਼ਹੀਦ ਕਿਸਾਨਾਂ ਦੀਆਂ ਤਸਵੀਰਾਂ ਲਗਾ ਕੇ ਹੋਰਡਿੰਗਸ ਲਗਵਾਏ ਜਾਣ। ਹਰੇਕ ਭਾਜਪਾ ਤੇ ਗਠਜੋੜ ਦੇ ਲੀਡਰ ਤੇ ਆਗੂ ਤੋਂ ਲੋਕਤੰਤਰਿਕ ਤਰੀਕੇ ਨਾਲ ਸਵਾਲ ਕੀਤੇ ਜਾਣ ਤੇ ਸਵਾਲਾਂ ਦੇ ਜਵਾਬ ਨਾ ਮਿਲਣ ’ਤੇ ਸੰਵਿਧਾਨਕ ਤਰੀਕੇ ਨਾਲ ਕਾਲੇ ਝੰਡੇ ਵਿਖਾਏ ਜਾਣ।
ਜਗ ਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ
For Android:- https://play.google.com/store/apps/details?id=com.jagbani&hl=en
For IOS:- https://itunes.apple.com/in/app/id538323711?mt=8
ਨੋਟ– ਇਸ ਖ਼ਬਰ ’ਤੇ ਆਪਣੀ ਪ੍ਰਤੀਕਿਰਿਆ ਕੁਮੈਂਟ ਕਰਕੇ ਸਾਂਝੀ ਕਰੋ।