ਆਵਾਰਾ ਪਸ਼ੂਆਂ ਤੋਂ ਸ਼ਹਿਰ ਵਾਸੀਆਂ ਨੂੰ ਮਿਲੇਗੀ ਜਲਦ ਨਿਜਾਤ : ਢਿੱਲੋਂ
Wednesday, Sep 20, 2017 - 08:15 AM (IST)

ਫਰੀਦਕੋਟ (ਹਾਲੀ) - ਸ਼ਹਿਰ ਦੇ ਲੋਕਾਂ ਨੂੰ ਜਲਦ ਹੀ ਆਵਾਰਾ ਪਸ਼ੂਆਂ ਤੋਂ ਰਾਹਤ ਮਿਲੇਗੀ ਤੇ ਇਸ ਦੇ ਹੱਲ ਲਈ ਇਕ ਹੈਲਪ ਲਾਈਨ ਸ਼ੁਰੂ ਕੀਤੀ ਜਾਵੇਗੀ, ਜਿਸ ਲਈ ਇਕ ਅਧਿਕਾਰੀ ਦੀ ਡਿਊਟੀ ਇਸ 'ਤੇ ਨਜ਼ਰਸਾਨੀ ਕਰਨ ਦੀ ਹੋਵੇਗੀ। ਇਸ ਨਾਲ ਕੋਈ ਵੀ ਸ਼ਹਿਰ ਵਾਸੀ ਸ਼ਿਕਾਇਤ ਦਰਜ ਕਰਵਾ ਸਕੇਗਾ ਤੇ ਇਨ੍ਹਾਂ ਪਸ਼ੂਆਂ ਨੂੰ ਫੜ ਕੇ ਪਿੰਡ ਗੋਲੇਵਾਲਾ ਵਿਖੇ ਬਣੀ ਗਊਸ਼ਾਲਾ 'ਚ ਭੇਜਿਆ ਜਾ ਸਕੇਗਾ। ਇਹ ਜਾਣਕਾਰੀ ਵਿਧਾਇਕ ਕੁਸ਼ਲਦੀਪ ਸਿੰਘ ਢਿੱਲੋਂ ਨੇ ਸ਼ਹਿਰ 'ਚ ਘੁੰਮ ਰਹੇ ਆਵਾਰਾ ਪਸ਼ੂਆਂ ਨੂੰ ਫੜਨ ਦੇ ਕੰਮ ਦੀ ਨਿਗਰਾਨੀ ਕਰਨ ਮੌਕੇ ਦਿੱਤੀ। ਇਸ ਮੌਕੇ ਵਧੀਕ ਡਿਪਟੀ ਕਮਿਸ਼ਨਰ ਕੇਸ਼ਵ ਹਿੰਗੋਨੀਆ ਵਿਸ਼ੇਸ਼ ਤੌਰ 'ਤੇ ਹਾਜ਼ਰ ਸਨ।
ਵਿਧਾਇਕ ਢਿੱਲੋਂ ਨੇ ਦੱਸਿਆ ਕਿ ਰੋਜ਼ਾਨਾ ਸ਼ਹਿਰ 'ਚੋਂ ਲਗਭਗ 30 ਪਸ਼ੂਆਂ ਦੇ ਫੜਨ ਦਾ ਕੰਮ ਜਾਰੀ ਹੈ, ਜੋ ਕੁਝ ਹੀ ਦਿਨਾਂ 'ਚ ਪੂਰਾ ਕਰ ਲਿਆ ਜਾਵੇਗਾ। ਉਨ੍ਹਾਂ ਕਿਹਾ ਕਿ ਉਹ ਇਸ ਦੇ ਹੱਲ ਲਈ ਪਟਿਆਲਾ ਤੋਂ ਪਸ਼ੂ ਪਾਲਣ ਵਿਭਾਗ ਦੇ ਕੈਟਲ ਕੈਚਰ ਕਰਮਚਾਰੀਆਂ ਨੂੰ ਬੁਲਾ ਕੇ ਇਸ ਦੀ ਸਿਖਲਾਈ ਇਥੋਂ ਦੇ ਕਰਮਚਾਰੀਆਂ ਨੂੰ ਦਿਵਾਉਣਗੇ ਤਾਂ ਜੋ ਇਨ੍ਹਾਂ ਪਸ਼ੂਆਂ 'ਤੇ ਲਗਾਮ ਲਾਈ ਜਾ ਸਕੇ, ਜਿਸ ਨਾਲ ਸ਼ਹਿਰ ਵਾਸੀਆਂ ਨੂੰ ਵੱਡੀ ਰਾਹਤ ਮਿਲੇਗੀ। ਉਨ੍ਹਾਂ ਕਿਹਾ ਕਿ ਗਊਸ਼ਾਲਾ ਲਈ ਵੱਧ ਤੋਂ ਵੱਧ ਤੂੜੀ ਅਤੇ ਹਰਾ-ਚਾਰਾ ਦਾਨ' ਚ ਭੇਜਿਆ ਜਾਵੇ ਤਾਂ ਜੋ ਪਿੰਡ ਗੋਲੇਵਾਲਾ ਵਿਖੇ ਗਊਸ਼ਾਲਾ ਨੂੰ ਸੁਚਾਰੂ ਢੰਗ ਨਾਲ ਚਲਾਇਆ ਜਾ ਸਕੇ।
ਇਸ ਸਮੇਂ ਪਸ਼ੂ ਪਾਲਣ ਵਿਭਾਗ ਦੇ ਡਿਪਟੀ ਡਾਇਰੈਕਟਰ ਗੌਤਮ ਪ੍ਰਸਾਦ, ਕਾਰਜ ਸਾਧਕ ਅਫ਼ਸਰ ਇੰਦਰ ਗੁਰਪ੍ਰੀਤ ਸਿੰਘ, ਏ. ਐੱਮ. ਈ. ਰਾਕੇਸ਼ ਕੰਬੋਜ, ਸੈਨੇਟਰੀ ਇੰਸਪੈਕਟਰ ਦਵਿੰਦਰ ਸਿੰਘ, ਜਤਿੰਦਰ ਸਿੰਘ ਖਾਲਸਾ, ਪ੍ਰਧਾਨ ਸਫ਼ਾਈ ਸੇਵਕ ਸੰਤ ਰਾਮ, ਹਰਜੀਤ ਸਿੰਘ, ਬਲਕਰਨ ਸਿੰਘ ਨੰਗਲ, ਗੁਰਲਾਲ ਸਿੰਘ ਤੇ ਹੋਰ ਹਾਜ਼ਰ ਸਨ।