ਭੂਤਰੇ ਸਾਨ੍ਹ ਨੇ 7 ਘੰਟੇ ਪਾਇਆ ਭਡ਼ਥੂ

Friday, Jul 20, 2018 - 07:53 AM (IST)

ਕੋਟਕਪੂਰਾ (ਨਰਿੰਦਰ) - ਸ਼ਹਿਰ ’ਚ ਆਵਾਰਾ ਪਸ਼ੂਆਂ ਦੀ ਸਮੱਸਿਆ ਇੰਨੀ ਗੰਭੀਰ ਹੋ ਚੁੱਕੀ ਹੈ ਕਿ ਘਰੋਂ ਨਿਕਲੇ ਕਿਸੇ ਵੀ ਵਿਅਕਤੀ ਨੂੰ ਘਰ ਸੁਰੱਖਿਅਤ ਵਾਪਸ ਮੁਡ਼ਨ ਦਾ ਭਰੋਸਾ ਨਹੀਂ ਰਿਹਾ। ਸ਼ਾਇਦ ਹੀ ਕੋਈ ਅਜਿਹਾ ਦਿਨ ਲੰਘਦਾ  ਹੈ, ਜਿਸ ਦਿਨ ਇਨ੍ਹਾਂ ਕਾਰਨ ਕੋਈ ਹਾਦਸਾ ਨਾ ਵਾਪਰਿਆ ਹੋਵੇ। ਅਜਿਹੀ ਹੀ ਤਾਜ਼ੀ ਘਟਨਾ ਅੱਜ ਇਲਾਕੇ ’ਚ ਉਸ ਸਮੇਂ ਵਾਪਰੀ, ਜਦੋਂ ਸਵੇਰ ਸਮੇਂ ਲਗਾਤਾਰ 7 ਘੰਟਿਅਾਂ ਤੱਕ ਇਕ ਭੂਤਰੇ ਸਾਨ੍ਹ ਨੇ ਭੜਥੂ ਪਾ ਕੇ ਕਰੀਬ ਡੇਢ ਦਰਜਨ ਰਾਹਗੀਰਾਂ ਨੂੰ ਜ਼ਖ਼ਮੀ ਕਰ ਦਿੱਤਾ ਅਤੇ ਇਨਸਾਨੀਅਤ ਦਾ ਦਰਦ ਸਮਝਣ ਵਾਲੇ ਲੋਕਾਂ ਨੇ ਇਸ ਬਾਰੇ ਪਸ਼ੂ ਹਸਪਤਾਲ, ਨਗਰ ਕੌਂਸਲ, ਪੁਲਸ ਥਾਣਾ ਵਿਖੇ ਸਬੰਧਤ ਅਧਿਕਾਰੀਆਂ ਜਾਂ ਮੁਲਾਜ਼ਮਾਂ ਅੱਗੇ ਦੁਹਾਈ ਪਾਈ ਪਰ ਹਰ ਇਕ ਨੇ ਜ਼ਿੰਮੇਵਾਰੀ ਦੂਜੇ ’ਤੇ ਸੁੱਟ ਕੇ ਟਾਲਾ ਵੱਟ ਲਿਆ। ਜਾਣਕਾਰੀ ਅਨੁਸਾਰ  ਫਰੀਦਕੋਟ ਰੋਡ ’ਤੇ ਸਥਿਤ ਪਸ਼ੂ ਹਸਪਤਾਲ ਦੇ ਬਿਲਕੁਲ ਸਾਹਮਣੇ ਇਕ ਭੂਤਰੇ ਸਾਨ੍ਹ ਨੇ ਸਵੇਰੇ 10:00 ਤੋਂ ਸ਼ਾਮ 5:00 ਵਜੇ ਤੱਕ ਲਗਾਤਾਰ 7 ਘੰਟੇ ਭਡ਼ਥੂ ਪਾਈ ਰੱਖਿਆ ਅਤੇ ਇਸ ਦੀ ਲਪੇਟ ਵਿਚ ਆ ਕੇ ਡੇਢ ਦਰਜਨ ਦੇ ਕਰੀਬ ਰਾਹਗੀਰ ਜ਼ਖ਼ਮੀ ਹੋ ਗਏ। ਇਸ ਸਬੰਧੀ ਜ਼ਖ਼ਮੀ ਭਾਵਿਤ ਗੋਇਲ ਨੇ ਦੱਸਿਆ ਕਿ ਘਟਨਾ ਸਥਾਨ ਦੇ ਆਸ-ਪਾਸ ਵਾਲੇ ਦੁਕਾਨਦਾਰਾਂ ਅਤੇ ਰਾਹਗੀਰਾਂ ਨੇ ਪਸ਼ੂ ਹਸਪਤਾਲ ਦੇ ਡਾਕਟਰਾਂ ਨੂੰ ਬੇਨਤੀ ਕੀਤੀ ਪਰ ਉਨ੍ਹਾਂ ਮਾਮਲਾ ਕਿਸੇ ਹੋਰ ਦਾ ਕਹਿ ਕੇ ਪੱਲਾ ਛੁਡਵਾ ਲਿਆ। ਥਾਣਾ ਮੁਖੀ  ਚਰਨਜੀਤ ਕੌਰ ਨੇ ਦੱਸਿਆ ਕਿ ਸੂਚਨਾ ਮਿਲਣ ’ਤੇ ਉਨ੍ਹਾਂ ਤੁਰੰਤ ਪੁਲਸ ਮੁਲਾਜ਼ਮ ਮੌਕੇ ’ਤੇ ਭੇਜ ਦਿੱਤੇ ਸਨ।


Related News